ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਵ. ਜਥੇ. ਗੁਰਚਰਨ ਸਿੰਘ ਟੌਹੜਾ ਦੀ ਯਾਦ ਨੂੰ ਸਮਰਪਿਤ ਪਟਿਆਲਾ ਜਿਲ੍ਹੇ ਵਿਚ ਬਹਾਦਰਗੜ੍ਹ ਵਿਖੇ “ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿਖਇਜ਼ਮ” ਦਾ ਨੀਂਹ-ਪੱਥਰ 16 ਮਾਰਚ ਨੂੰ 11 ਵਜੇ ਅਰਦਾਸ ਉਪਰੰਤ ਰੱਖਿਆ ਜਾਵੇਗਾ, ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਜਾਰੀ ਇਥੋਂ ਪ੍ਰੈੱਸ ਰਲੀਜ਼ ’ਚ ਦਿੱਤੀ।
ਉਨ੍ਹਾਂ ਦੱਸਿਆ ਕਿ ਸਵ. ਜਥੇ. ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 26 ਸਾਲ ਪ੍ਰਧਾਨ ਰਹੇ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ ਦੇ ਨਾਲ ਉਨ੍ਹਾਂ ਨੇ ਵਿਦਿਆ ਦੇ ਖੇਤਰ ’ਚ ਵੀ ਨਵੇਂ ਕੀਰਤੀਮਾਨ ਸਥਾਪਤ ਕੀਤੇ। ਉਨ੍ਹਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਸਿੱਖ ਪੰਥ ਪ੍ਰਤੀ ਸ਼ਾਨਦਾਰ ਸੇਵਾ ਸਦਕਾ ਪੰਥ ਵੱਲੋਂ ਉਨ੍ਹਾਂ ਦੇ ਨਾਮਪੁਰ ਇਹ ਸੰਸਥਾ ਸਥਾਪਤ ਕੀਤੀ ਜਾ ਰਹੀ ਹੈ। ਇਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮਿਸ਼ਨਰੀ ਕਾਲਜਾਂ ਵਿਚੋਂ ਮਿਸ਼ਨਰੀ ਕੋਰਸ ਪਾਸ ਕਰਨ ਵਾਲੇ ਅਤੇ ਧਾਰਮਿਕ ਵਿਸ਼ੇ ’ਚ ਬੀ.ਏ. ਪਾਸ ਹੋਣਹਾਰ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਉਚ ਪੱਧਰੀ ਸਿਖਿਆ ਦੇ ਨਾਲ ਦੂਜੇ ਧਰਮਾਂ ਦੀ ਮੁੱਢਲੀ ਜਾਣਕਾਰੀ, ਪ੍ਰਦਾਨ ਕੀਤੇ ਜਾਣ ਤੋਂ ਇਲਾਵਾ ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਭਾਸ਼ਾਵਾਂ (ਅੰਗਰੇਜ਼ੀ, ਜਰਮਨ ਅਤੇ ਸਪੈਨਿਸ਼ ਆਦਿ) ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਸਲ ਵਿਚ ਇਸ ਸੰਸਥਾ ਦਾ ਮਿਸ਼ਨ ਮਿਸ਼ਨਰੀ ਕੋਰਸ ਦੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਵਿਚ ਪ੍ਰਪੱਕਤਾ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ’ਤੇ ਨਵੀਨ ’ਤੇ ਢੁਕਵੀਆਂ ਵਿਧੀਆਂ ਰਾਹੀਂ ਸਿੱਖ ਧਰਮ ਦਾ ਕੁਸ਼ਲਤਾ ਨਾਲ ਪ੍ਰਚਾਰ ਕਰ ਸਕਣ। ਉਨ੍ਹਾਂ ਦੱਸਿਆ ਕਿ ਪਟਿਆਲਾ ਰਾਜਪੁਰਾ ਰੋਡ ’ਤੇ ਬਹਾਦਰਗੜ੍ਹ ਵਿਖੇ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਦੀ 10 ਏਕੜ ਜ਼ਮੀਨ ’ਚ ਬਨਣ ਵਾਲੀ ਇਸ ਸੰਸਥਾ ਦੀ ਨਵੀਨਤਮ ਕਿਸਮ ਦੀ ਸ਼ਾਨਦਾਰ ਇਮਾਰਤ ਲੱਗਭਗ ਦੋ ਸਾਲ ਵਿਚ ਮੁਕੰਮਲ ਹੋ ਜਾਵੇਗੀ।