ਅੰਮ੍ਰਿਤਸਰ – ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਨੇ ਆਪਣੇ ਜੀਵਨ ਕਾਲ ’ਚ ਕੁਦਰਤੀ ਵਾਤਾਵਰਣ ਦੀ ਸਾਂਭ ਸੰਭਾਲ ਕਰਦਿਆਂ ਅਨੇਕਾਂ ਬਾਗ-ਬਗੀਚੇ ਸਥਾਪਤ ਕੀਤੇ ਤੇ ਸੰਗਤਾਂ ਨੂੰ ਵੀ ਵਾਤਾਵਰਣ ਨੂੰ ਸੁੰਦਰ ਬਨਾਉਣ ਲਈ ਪ੍ਰੇਰਿਆ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 14 ਮਾਰਚ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਵਾਲੇ ਦਿਨ ਵੱਡੀ ਗਿਣਤੀ ਵਿਚ ਰੁੱਖ ਲਗਾਕੇ ਵਾਤਾਵਰਨ ਸੰਭਾਲ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇਥੋਂ ਜਾਰੀ ਇਕ ਪ੍ਰੈਸ ਰੀਲੀਜ਼ ’ਚ ਕੀਤਾ।
ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ’ਚ ਦਿਨ-ਬ-ਦਿਨ ਵਧ ਰਹੇ ਪ੍ਰਦੂਸ਼ਨ ਤੇ ਘੱਟ ਰਹੀ ਹਰਿਆਵਲ ਮਨੁੱਖੀ ਜੀਵਨ ਤੇ ਕੁਦਰਤੀ ਸਾਧਨਾਂ ਦੇ ਸੰਤੁਲਨ ਨੂੰ ਵਿਗਾੜ ਰਹੀ ਹੈ ਜਦ ਕਿ ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਹੀ ਵਾਤਾਵਰਨ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ ਹੈ। “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ”॥ ਦੇ ਕਥਨ ਅਨੁਸਾਰ ਹਵਾ, ਪਾਣੀ ਤੇ ਵਾਤਾਵਰਣ ਨੂੰ ਸ਼ੁਧ ਬਣਾਈ ਰੱਖਣਾ ਮਨੁੱਖ ਦਾ ਪਰਮ ਧਰਮ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ ’ਤੇ ਚਲਦਿਆਂ 14 ਮਾਰਚ ਨੂੰ ਗੁਰੂ ਸਾਹਿਬ ਦੇ ਗੁਰਤਾਗੱਦੀ ਦਿਵਸ ਵਾਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵੱਖ-ਵੱਖ ਵਿਦਿਅਕ ਅਦਾਰਿਆਂ, ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਲੋਕਲ ਕਮੇਟੀਆਂ ਦੇ ਪ੍ਰਬੰਧਕਾਂ, ਸਿੱਖ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਢੁਕਵੇਂ ਥਾਵਾਂ ’ਤੇ ਫੁਲਾਂ, ਫਲਾਂ ਤੇ ਛਾਂਦਾਰ ਬੂਟੇ ਲਗਾਏ ਜਾਣਗੇ। ਇਸ ਕਾਰਜ ਲਈ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਆਪਣੇ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬ ਤੋਂ ਬੂਟੇ ਪ੍ਰਾਪਤ ਕਰ ਸਕਣ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਮੌਕੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਆਪਣੇ ਘਰ ਤੇ ਚੁਗਿਰਦੇ ਵਿਚ ਵੱਧ ਤੋਂ ਵੱਧ ਬੂਟੇ ਲਗਾਉਣ।