ਅੰਮ੍ਰਿਤਸਰ – ਸਿੱਖ ਕੌਮ ਦਾ ਸ਼ਾਨਾਂ ਮੱਤਾ ਇਤਿਹਾਸ ਤੇ ਗੌਰਵਮਈ ਵਿਰਸਾ ਹਮੇਸ਼ਾਂ ਸਮਰਪਨ ਦੀ ਭਾਵਨਾਂ ਨਾਲ ਮਨੁੱਖਤਾ ਦੀ ਨਿਰਸਵਾਰਥ ਸੇਵਾ ਲਈ ਪ੍ਰੇਰਨਾ ਦਾਇਕ ਹੈ ਜਿਸ ਤੋਂ ਪ੍ਰੇਰਨਾ ਲੈਂਦਿਆਂ ਬਾਣੀ ਤੇ ਬਾਣੀ ਦੇ ਧਾਰਨੀ ਹੋ ਸਿੱਖੀ ’ਚ ਪ੍ਰਪੱਕ ਹੋਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੀਤੀ ਰਾਤ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਗੁਰਮਤਿ ਸਮਾਗਮ ਦੌਰਾਨ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਰੀਚਤ ਬਾਣੀ ’ਚ ਰੁਤਾਂ ਤੇ ਮਹੀਨਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਅਤੇ ਇਤਿਹਾਸਕ ਦਿਹਾੜੇ ਆਪਣੇ ਸਮਾਜਿਕ ਕਾਰ-ਵਿਹਾਰ ਵੀ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਕਰਨ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਆਮਦ ’ਤੇ ਗੁਰਮਤਿ ਸਮਾਗਮ ਦਾ ਉਪਰਾਲਾ ਕਰਕੇ ਸ਼੍ਰੋਮਣੀ ਕਮੇਟੀ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ।
ਇਸ ਮੌਕੇ ਸੱਚਖੰਡ ਸ੍ਰ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, ਭਾਈ ਕਰਨੈਲ ਸਿੰਘ, ਭਾਈ ਇੰਦਰਜੀਤ ਸਿੰਘ ਮੁੰਬਈ ਵਾਲੇ, ਭਾਈ ਗੁਰਦੇਵ ਸਿੰਘ ਤੋਂ ਇਲਾਵਾ ਭਾਈ ਬਲਵਿੰਦਰ ਸਿੰਘ ਰੰਗੀਲਾ ਤੇ ਭਾਈ ਗੁਰਇਕਬਾਲ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਸਰਸ਼ਾਰ ਕੀਤਾ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ।
ਕੀਰਤਨ ਸਮਾਗਮ ’ਚ ਸ਼੍ਰੋਮਣੀ ਕਮੇਟੀ ਦੇ ਐਡੀ. ਸਕੱਤਰ ਸ. ਸਤਬੀਰ ਸਿੰਘ ਤੇ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਰਾਮ ਸਿੰਘ, ਸ. ਹਰਭਜਨ ਸਿੰਘ, ਸ. ਬਲਬੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ), ਐਡੀ. ਮੈਨੇਜਰ ਸ. ਬਲਵਿੰਦਰ ਸਿੰਘ ਭਿੰਡਰ, ਸ. ਸੁਖਦੇਵ ਸਿੰਘ ਤਲਵੰਡੀ ਤੇ ਸ. ਪ੍ਰਤਾਪ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ, ਸ. ਬਿਅੰਤ ਸਿੰਘ, ਸ. ਬਲਦੇਵ ਸਿੰਘ, ਸ. ਲਖਬੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ’ਚ ਸੰਗਤਾਂ ਮੌਜੂਦ ਸਨ।