ਫਰਿਜ਼ਨੋ, ਕੈਲੀਫੋਰਨੀਆ – ਬੀਤੇ ਹਫਤੇ ਫਰਿਜ਼ਨੋ ਵਿਖੇ ਅਕਾਲ ਤਖਤ ਸਾਹਿਬ ਤੋਂ ਛੇਕੇ ਹੋਏ ਪ੍ਰੋ. ਦਰਸ਼ਨ ਸਿੰਘ ਵਿਰੁੱਧ ਦੂਰੋਂ ਨੇੜਿਓ ਆਈਆਂ ਸਿੱਖ ਸੰਗਤਾਂ ਨੇ ਰੋਸ ਵਿੱਚ ਮੁਜਾਹਰੇ ਕੀਤੇ। ਰਾਗੀ ਦਰਸ਼ਨ ਸਿੰਘ ਨੂੰ ਮਾਰਚ 4 ਤੋਂ 6 ਤੱਕ ਗੁਰਦੁਆਰਾ ਸਿੰਘ ਸਭਾ (ਡਕੋਟਾ ਸਟ੍ਰੀਟ, ਫਰਿਜ਼ਨੋ) ਅਤੇ ਪੇਸਿਫਿਕ ਕੋਸਟ ਖਾਲਸਾ ਦਿਵਾਨ ਸੋਸਾਇਟੀ (ਗੁਰਦੁਆਰਾ ਸਾਹਿਬ ਕ੍ਰਦਰ) ਸਦਿਆ ਗਿਆ ਸੀ। ਯਾਦ ਰਹੇ ਕਿ ਜਨਵਰੀ 2010 ਵਿੱਚ ਰਾਗੀ ਨੂੰ ਪੰਥ ਵਿੱਚੋਂ ਛੇਕ ਦਿਤਾ ਗਿਆ ਸੀ। ਛੇਕੇ ਹੋਈ ਰਾਗੀ ਨੂੰ ਇਹਨਾਂ ਗੁਰਦੁਆਰਿਆ ਵਿੱਖੇ ਸੱਦਨਾ ਖੁੱਲੇ ਤੋਰ ਤੇ ਅਕਾਲ ਤਖਤ ਸਾਹਿਬ ਨੂੰ ਚੁਨੋਤੀ ਹੈ।
ਸੰਗਤੀ ਰੂਪ ਵਿੱਚ ਅਰਦਾਸ ਸੋਧੱਨ ਤੋਂ ਉਪਰੰਤ ਹੁਕਮਨਾਮਾ ਲਿਆ ਗਿਆ ਅਤੇ ਜਿਸ ਅਨੂਸਾਰ ਸ਼ਾਂਤਮਈ ਢੰਗ ਵਿੱਚ ਰੋਸ ਪਰਗਟ ਕਰਨ ਦਾ ਪ੍ਰੌਗਰਾਮ ਬਣਾਇਆ ਗਿਆ। ਇਸ ਤਰਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨਾਲ ਸੈਹਮਤੀ ਵਖਾਉਣ ਦਾ ਅਤੇ ਰਾਗੀ ਦੇ ਖਿਲਾਫ (ਜੋ ਕਿ ਗੁਰਬਾਣੀ ਅਤੇ ਸਿੱਖੀ ਅਸੂਲਾਂ ਨੂੰ ਨਿੰਦ ਰਿਹਾ ਹੈ) ਰੋਸ ਪਰਗਟ ਕਰਨ ਦਾ ਨਿਰਣਾ ਕੀਤਾ।
ਰਾਗੀ ਦੇ ਪ੍ਰੋਗਰਾਮ ਵਾਲੇ ਦਿਨਾਂ ਨੂੰ, ਸੰਗਤ ਦੇ ਪਹੁਚੰਣ ਤੋਂ ਪਿਹਲਾ ਹੀ ਗੁਰਦੁਆਰਿਆ ਵਿੱਖੇ ਫਰਿਜ਼ਨੋ ਪੁਲਿਸ, ਸਵਾਟ ਟੀੰਮ ਅਤੇ ਨਿਜੀ ਸੁਰਖਿਆ ਦੇ ਪਹਿਰੇਦਾਰ ਪਹੁੰਚੇ ਹੋਏ ਸਨ। ਇਹ ਸੱਭ ਚੰਗੀ ਤਰਾਂ ਬੰਦੂਕਾ ਨਾਲ ਥਾਂ ਥਾਂ ਉਪਰ ਖੜੇ ਕੀਤੇ ਗਏ ਸਨ। ਇਹਨਾ ਸਾਰਿਆ ਪ੍ਰੌਗਰਾਮਾ ਵਿੱਚ ਸਿਰਫ ਓਹਨਾਂ ਨੂੰ ਗੁਰਦੁਆਰੇ ਅੰਦਰ ਵੜਣ ਦੀ ਆਗਿਆ ਦਿਤੀ ਗਈ ਜਿਹੜੇ ਕਮੇਟੀ ਦੇ ਹਿਮਾਇਤੀ ਸਨ। ਜਿਹਨਾਂ ਨੂੰ ਕਮੇਟੀ ਜਾਣਦੀ ਨਹੀ ਸੀ, ਅਤੇ ਖਾਸ ਤੋਰ ਤੇ ਜਿਹਨਾ ਨੇ ਦਸਤਾਰਾਂ ਸਜਾਈਆ ਸਨ ਅਤੇ ਦਾੜੀਆ ਖੁਲੀਆ ਰਖੀਆ ਸਨ, ਓਹਨਾਂ ਨੂੰ ਪੁਲਿਸ ਨੇ ਗੇਟ ਉਪਰ ਹੀ ਖੜੇ ਕਰੀ ਰਖਿਆ। ਵਿਰੋਧੀਆਂ ਨੂੰ ਅੰਦਰ ਜਾਣ ਦੀ ਸੱਖਤ ਮਨਾਹੀ ਸੀ। ਇੱਕ ਇੱਕ ਦੀ ਪੜਤਾਲ ਤੋਂ ਬਾਦ, ਸਿਰਫ ਹਿਮਾਇਤੀਆਂ ਅਤੇ ਭੋਲੀ ਸੰਗਤ ਨੂੰ ਹੀ ਅੰਦਰ ਜਾਣ ਦਿਤਾ ਜਾਂਦਾ ਸੀ। ਭਾਰੀ ਗਿਣਤੀ ਵਿੱਚ ਸੰਗਤ ਨੂੰ ਤਾਂ ਮੱਥਾ ਵੀ ਟੇਕਣ ਨਹੀ ਦਿਤਾ ਗਿਆ। ਇਸ ਤਰਾਂ ਕਰਨਾ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਘੋਰ ਅਪਮਾਨ ਹੈ, ਕਿਉਂਕਿ ਗੁਰਦੁਆਰੇ ਸਭਨਾ ਦੇ ਸਾਂਝੇ ਹੁੰਦੇ ਹਨ।
ਕ੍ਰਦਰ ਕਮੇਟੀ ਤਾਂ ਸਾਰੀਆ ਹਦਾਂ ਟੱਪ ਗਈ ਜਦੋਂ ਓਸ ਨੇ ਗੁਰਬਾਣੀ ਜਾਪ ਕਰ ਰਹੀਆ ਸੰਗਤਾ ਨੂੰ ਉਚੀ ਅਵਾਜ ਵਿੱਚ ਸਪੀਕਰਾਂ ਰਾਹੀਂ ਗਾਣੇ ਲਾ ਕੇ ਰੋਕਣ ਦੀ ਕੋਸ਼ਿਸ ਕੀਤੀ। ਕ੍ਰਦਰ ਗੁਰਦੁਆਰੇ ਅੰਦਰ ਅੰਗ੍ਰੇਜ਼ੀ ਗਾਣੇ ਲਗੇ ਵੀ ਸੁਣਾਈ ਦਿਤੇ। ਗੁਰਦੁਆਰਾ ਸਾਹਿਬ ਅੰਦਰ ਖੜੇ ਮੁੰਡਿਆ ਨੂੰ ਗਾਲਾ ਕੱਢਦਿਆਂ ਵੇਖਿਆ ਅਤੇ ਸੁਣਿਆ ਗਿਆ।
ਗੁਰਦੁਆਰਿਆ ਅੰਦਰ ਰਾਗੀ ਨੇ ਵਾਦਗ੍ਰਸਤ ਕਥਾ ਕਰ ਕੇ ਗੁਰੂ ਕੀ ਸਾਧ ਸੰਗਤ ਨੂੰ ਕਾਫੀ ਗੁੰਮਰਾਹ ਕੀਤਾ। ਅੰਦਰ ਬੈਠੇ ਕਈ ਸਿੱਖਾ ਨੇ ਰਾਗੀ ਦੇ ਝੂਠ ਨੂੰ ਨਾ ਸਹਾਰਿਆ ਅਤੇ ਬਾਹਰ ਖੜੀਆਂ ਸੰਗਤਾ ਨਾਲ ਮਿਲ ਕੇ ਰਾਗੀ ਦੇ ਖਿਲਾਫ ਮੁਜਾਹਰਾ ਕੀਤਾ। ਇਥੇ ਇਹ ਦਸਣਾ ਜਰੂਰੀ ਹੈ ਕਿ ਬਾਹਰ ਬੱਚੇ ਅਤੇ ਬਜ਼ੁਰਗ, ਵੀਰ ਅਤੇ ਭੈਣਾ, ਅੰਮ੍ਰਿਤਧਾਰੀ ਅਤੇ ਬੇ-ਅੰਮ੍ਰਿਤਧਾਰੀ, ਸੱਭਨਾ ਨੇ ਮਿਲ ਕੇ ਰਾਗੀ ਦੇ ਝੂਠ ਖਿਲਾਫ ਰੋਸ ਪਰਗਟ ਕੀਤਾ। ਆਪਣਾ ਪੱਖ ਪੂਰਨ ਲਈ, ਰਾਗੀ ਨੇ ਬਾਹਰ ਖੜੀਆਂ ਸੰਗਤਾ ਨੂੰ ਬਦਬੂਦਾਰ ਅਤੇ ਰਾਸ਼ਟ੍ਰੀ ਸਿੱਖ ਸੰਗਤ ਦੇ ਕਰਿੰਦੇ ਵੀ ਆਖਿਆ। ਅਸਲ ਵਿੱਚ ਇਹ ਇੱਕ ਹਕੀਕਤ ਹੈ ਕਿ ਰਾਗੀ ਦੇ ਆਪਣੇ ਹਿਮਾਇਤੀ ਇੱਸ ਦਹਿਸ਼ਤਗਰਦ ਸੰਸਥਾ ਨਾਲ ਨੇੜਤਾ ਰੱਖਦੇ ਹਨ।
ਰੋਸ ਮੁਜਾਹਰਿਆ ਤੋਂ ਉਪਰੰਤ ਸੰਗਤ ਨੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਸ਼ੁਕਰਾਨੇ ਵਿੱਚ ਅਰਦਾਸ ਕੀਤੀ। ਗੁਰੂ ਸਾਹਿਬ ਦੀ ਬੇਅੰਤ ਕਿਰਪਾ ਸਦਕਾ ਇਹ ਸਾਰੇ ਮੁਜਾਹਰੇ ਸ਼ਾਂਤਮਈ ਰਹੇ ਭਾਂਵੇ ਕਿ ਕਮੇਟੀ ਮੈੰਬਰਾਂ ਵਲੋਂ ਸਿੱਖ ਸੰਗਤਾ ਨੂੰ ਭੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਜੈਕਾਰਿਆ ਦੀਆ ਗੂੰਜਾ ਅਸਮਾਨ ਵਿੱਚ ਸੁਣ ਰਹੀਆਂ ਸਨ। ਸੰਗਤਾਂ ਨੇ ਦਸਖ਼ਤ ਵੀ ਕੱਠੇ ਕੀਤੇ, ਜੋ ਕਿ ਅਕਾਲ ਤਖਤ ਸਾਹਿਬ ਨੂੰ ਭੇਜੇ ਜਾਣਗੇ ਤਾ ਕਿ ਕਸੂਰਵਾਰ ਕਮੇਟੀ ਮੈੰਬਰਾਂ ਨੂੰ ਸਪਸ਼ਟੀਕਰਨ ਲਈ ਪੇਸ਼ ਕੀਤਾ ਜਾ ਸਕੇ।