ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ 17-18 ਮਾਰਚ ਨੂੰ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਦੇ ਪਹਿਲੇ ਦਿਨ ਸੂਬੇ ਦੇ ਚਾਰ ਅਗਾਂਹਵਧੂ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਬਾਗਬਾਨੀ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਮਟੀ ਕਲਾਂ ਦੇ ਸ: ਇਕਬਾਲ ਸਿੰਘ ਸਿੱਧੂ ਅਤੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜਾਲ ਖੁਰਦ ਵਾਸੀ ਗੁਰਪ੍ਰੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਅਗਾਂਹਵਧੂ ਵਿਗਿਆਨਕ ਖੇਤੀ ਲਈ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼੍ਰੀ ਸੁਰਿੰਦਰ ਕੁਮਾਰ ਆਹੂਜਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਘੜਾਂ ਵਾਸੀ ਸ: ਸੁਰਜੀਤ ਸਿੰਘ ਚੱਘੜ ਸ਼ਾਮਿਲ ਹਨ। ਇਹ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਬੜੀ ਬਾਰੀਕ ਪੁਣਛਾਣ ਤੋਂ ਬਾਅਦ ਪੂਰੇ ਸੂਬੇ ਵਿੱਚੋਂ ਇਹ ਚਾਰ ਕਿਸਾਨ ਚੁਣੇ ਗਏ ਹਨ। ਇਨ੍ਹਾਂ ਕਿਸਾਨਾਂ ਨੂੰ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਅਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਸਨਮਾਨਿਤ ਕਰਨਗੇ। ਬਾਗਬਾਨੀ ਲਈ ਸ: ਇਕਬਾਲ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੂੰ ਸਾਂਝੇ ਜੇਤੂ ਐਲਾਨਿਆ ਗਿਆ ਹੈ ਜਦ ਕਿ ਅਗਾਂਹਵਧੂ ਵਿਗਿਆਨਕ ਖੇਤੀ ਲਈ ਸੁਰਿੰਦਰ ਕੁਮਾਰ ਆਹੂਜਾ ਅਤੇ ਸੁਰਜੀਤ ਸਿੰਘ ਚੱਘੜ ਸਹਿ ਜੇਤੂ ਹਨ।
ਇਨ੍ਹਾਂ ਕਿਸਾਨਾਂ ਵਿਚੋਂ ਇਕਬਾਲ ਸਿੰਘ ਸਿੱਧੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਪਾਸੋਂ ਹਾਈਬ੍ਰਿਡ ਮਿਰਚ ਦਾ ਬੀਜ ਤਿਆਰ ਕਰਨ, ਸ਼ਹਿਦ ਦੀਆਂ ਮੱਖੀਆਂ ਪਾਲਣਾ ਦੀ ਸਿਖਲਾਈ ਹਾਸਲ ਕਰਕੇ ਸ. ਸਿੱਧੂ ਨੇ ਪਿਛਲੇ 26 ਸਾਲ ਤੋਂ 40 ਏਕੜ ਦੀ ਖੇਤੀ ਕਰਦਿਆਂ ਆਪਣੇ ਆਪ ਨੂੰ ਸਿਰਕੱਢ ਕਿਸਾਨ ਦੇ ਰੂਪ ਵਿੱਚ ਸਥਾਪਤ ਕੀਤਾ ਹੈ । ਇਸ ਵੇਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਫ਼ਲ ਅਤੇ ਸਬਜ਼ੀ ਉਤਪਾਦਕ ਕਮੇਟੀ ਦਾ ਮੈਂਬਰ ਹੋਣ ਤੋਂ ਇਲਾਵਾ ਉਸ ਨੇ ਬਠਿੰਡਾ ਬਾਗਬਾਨੀ ਐਸੋਸੀਏਸ਼ਨ ਨਾਮ ਦੀ ਸੰਸਥਾ ਸਥਾਪਤ ਕਰਨ ਤੋਂ ਇਲਾਵਾ ਮਾਰਕਫੈਡ ਰਾਹੀਂ ਗਲੋਬਲ ਗੈਪ ਦਾ ਸਰਟੀਫਿਕੇਟ ਵੀ ਹਾਸਲ ਕੀਤਾ ਹੋਇਆ ਹੈ ਤਾਂ ਜੋ ਉਹ ਆਪਣੇ ਉਤਪਾਦਨ ਨੂੰ ਯੂਰਪੀਅਨ ਮੰਡੀ ਵਿੱਚ ਵਧੇਰੇ ਕੀਮਤ ਤੇ ਵੇਚ ਸਕੇ ।
ਬਾਗਬਾਨੀ ਵਿੱਚ ਸਹਿ ਜੇਤੂ ਮੁੱਖ ਮੰਤਰੀ ਪੁਰਸਕਾਰ ਵਿਜੇਤਾ ਸ. ਗੁਰਪ੍ਰੀਤ ਸਿੰਘ ਸ਼ੇਰਗਿੱਲ ਕਿੱਤੇ ਵਜੋਂ ਸਿਖਿਅਤ ਮਕੈਨੀਕਲ ਇੰਜਨੀਅਰ ਹਨ । ਉਨ੍ਹਾਂ ਨੇ ਰੁਜ਼ਗਾਰ ਪਿੱਛੇ ਭੱਜਣ ਦੀ ਥਾਂ ਉਨ੍ਹਾਂ ਨੇ ਸਵੈ ਰੁਜ਼ਗਾਰ ਨੂੰ ਅਪਣਾਇਆ । ਆਪਣੀ ਖਾਨਦਾਨੀ 36 ਏਕੜ ਜ਼ਮੀਨ ਵਿੱਚ ਜਿੱਥੇ ਉਹ 1996 ਤੋਂ ਗੇਂਦੇ ਦੀ ਖੇਤੀ ਕਰ ਰਹੇ ਹਨ ਉਥੇ ਗਲੈਡੀਉਲਸ ਦੀ ਕਾਸ਼ਤ ਵਿੱਚ ਵੀ ਉਨ੍ਹਾਂ ਨੇ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਵਾਲੇ ਸ. ਗੁਰਪ੍ਰੀਤ ਸਿੰਘ ਸ਼ੇਰਗਿਲ ਮਾਸਕ ਪੱਤਰ ਚੰਗੀ ਖੇਤੀ ਤੋਂ ਇਲਾਵਾ ਖੇਤੀਬਾੜੀ ਨਾਲ ਸੰਬੰਧਤ ਲਗਪਗ ਸਭ ਮੈਂਗਜੀਨ ਪੜ੍ਹਦੇ ਹਨ ਅਤੇ ਕਿਸਾਨ ਮੇਲਿਆਂ ਵਿੱਚ ਸ਼ਾਮਲ ਹੋਣਾ ਆਪਣਾ ਧਰਮ ਜਾਣਦੇ ਹਨ । ਮਧੂ ਮੱਖੀ ਪਾਲਣ, ਖੁੰਬਾਂ ਦੀ ਕਾਸ਼ਤ, ਖਰਗੋਸ਼ ਪਾਲਣ, ਪਸ਼ੂ ਪਾਲਣ ਅਤੇ ਭੋਜਨ ਪ੍ਰੋਸੈਸਿੰਗ ਵਿੰਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਸ. ਸ਼ੇਰਗਿੱਲ ਖੇਤੀ ਸਲਾਹਕਾਰ ਸੇਵਾ ਪਟਿਆਲਾ ਦੀ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੇ ਮੈਂਬਰ ਹਨ । ਦੇਸ਼ ਵਿਦੇਸ਼ ਦੇ ਸਿਰਕੱਢ ਖੋਜ ਅਦਾਰਿਆਂ ਵਿਚੋਂ ਨਵੀਨਤਮ ਗਿਆਨ ਹਾਸਲ ਕਰਕੇ ਉਨ੍ਹਾਂ ਨੇ ਉਹ ਸਿਖਰਾਂ ਛੋਹੀਆਂ ਹਨ ਜਿੰਨ੍ਹਾਂ ਦਾ ਆਮ ਆਦਮੀ ਸੁਪਨਾ ਵੀ ਨਹੀਂ ਲੈ ਸਕਦਾ । ਆਪਣੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਸ. ਸ਼ੇਰਗਿੰੱਲ ਖੇਤੀ ਦੇ ਵੰਨ ਸੁਵੰਨੇ ਪ੍ਰਬੰਧ ਨੂੰ ਚਲਾ ਰਹੇ ਹਨ । ਉਨ੍ਹਾਂ ਦੇ ਖੇਤਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਆਏ ਖੇਤੀਬਾੜੀ ਮਾਹਿਰ ਵੀ ਦੌਰਾ ਕਰਦੇ ਹਨ ।
ਸ. ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਆਪਣੀ ਖੇਤੀ ਨੂੰ ਬਾਰੀਕੀ ਦੀ ਖੇਤੀ ਵਜੋਂ ਵਿਕਸਤ ਕੀਤਾ ਹੈ । ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਸਿੰਜਾਈ ਵਾਸਤੇ ਤੁਪਕਾ ਸਿੰਜਾਈ ਵਿਧੀ, ਧਰਤੀ ਦਾ ਵੱਤਰ ਸੰਭਾਲਣ ਅਤੇ ਨਦੀਨਾਂ ਦੀ ਰੋਕਥਾਮ ਲਈ ਗੁਲਾਬ ਦੀ ਫ਼ਸਲ ਵਾਸਤੇ ਉਹ ਮਲਚਿੰਗ ਵਿਧੀ ਅਪਣਾਉਂਦੇ ਹਨ । ਉਨ੍ਹਾਂ ਦਾ ਫ਼ਸਲ ਚੱਕਰ ਵੀ ਨਿਵੇਕਲਾ ਹੈ । ਝੋਨੇ ਮਗਰੋਂ ਗਲੈਡੀਉਲਸ, ਝੋਨੇ ਮਗਰੋਂ ਗੇਂਦਾ, ਹਰੇ ਚਾਰੇ ਮਗਰੋਂ ਗਲੈਡੀਉਲਸ ਅਤੇ ਉਸ ਪਿਛੋਂ ਫਿਰ ਹਰਾ ਚਾਰਾ ਉਸ ਦੇ ਮਨ ਪਸੰਦ ਫ਼ਸਲ ਚੱਕਰ ਹਨ । ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਉਹ ਆਪਣੇ ਖੇਤਾਂ ਵਿੱਚ ਪੂਰਾ ਪ੍ਰਬੰਧ ਕਰੀ ਬੈਠਾ ਹੈ ।
ਅਗਾਂਹਵਧੂ ਵਿਗਿਆਨਕ ਢੰਗ ਦੀ ਖੇਤੀ ਲਈ ਇਸ ਵਾਰ ਦੇ ਮੁੱਖ ਮੰਤਰੀ ਪੁਰਸਕਾਰ ਵਿਜੇਤਾ ਸ੍ਰੀ ਸੁਰਿੰਦਰ ਕੁਮਾਰ ਅਹੂਜਾ ਬੀ.ਕਾਮ ਦੀ ਪੜ੍ਹਾਈ ਕਰਨ ਉਪਰੰਤ ਆਪਣੀ ਖਾਨਦਾਨੀ 150 ਏਕੜ ਜ਼ਮੀਨ ਵਿਚ ਪਿਛਲੇ 50 ਵਰ੍ਹਿਆਂ ਤੋਂ ਸਫ਼ਲ ਖੇਤੀ ਕਰਦੇ ਆ ਰਹੇ ਹਨ । ਸ੍ਰੀ ਅਹੂਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਕਮੇਟੀ ਦੇ ਮੈਂਬਰ ਹਨ ਅਤੇ ਪੰਜਾਬ ਰਾਜ ਮਾਈਕਰੋ ਸਿੰਜਾਈ ਕਮੇਟੀ ਦੇ ਵੀ ਨਾਮਜਦ ਮੈਂਬਰ ਹਨ । ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਦੌਰੇ ਤੇ ਵੀ ਜਾ ਚੁੱਕੇ ਹਨ ਅਤੇ ਹੁਣ ਤੀਕ ਯੂਨੀਵਰਸਿਟੀ ਵੱਲੋਂ ਦਰਜਨਾਂ ਪੁਰਸਕਾਰ ਜਿ¤ਤ ਚੁ¤ਕੇ ਹਨ । ਸੀ.ਐਸ.ਆਈ.ਐਸ.ਏ/ਸਿਮਟ ਵੱਲੋਂ ਆਪ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧ ਲਈ ਵਿਸ਼ੇਸ਼ ਪੁਰਸਕਾਰ ਹਾਸਲ ਹੋ ਚੁੱਕਾ ਹੈ । ਸ੍ਰੀ ਅਹੂਜਾ ਆਪਣੇ ਖੇਤਾਂ ਵਿੱਚ 52 ਬੈਡ ਦਾ ਵਰਮੀ ਕੰਪੋਸਟ ਪਲਾਂਟ ਚਲਾ ਰਹੇ ਹਨ ਅਤੇ ਧਰਤੀ ਦੀ ਸਿਹਤ ਸੰਵਾਰਨ ਲਈ ਵਰਮੀ ਕੰਪੋਸਟ ਆਪਣੇ ਖੇਤਾਂ ਵਿੱਚ ਲਗਾਤਾਰ ਵਰਤ ਰਹੇ ਹਨ । ਪਰਾਲੀ ਅਤੇ ਕਣਕ ਦੇ ਨਾੜ ਦਾ ਇੱਕ ਵੀ ਤੀਲਾ ਉਹ ਕਦੇ ਨਹੀਂ ਸਾੜਦੇ ਸਗੋਂ ਖੇਤਾਂ ਵਿੱਚ ਹੀ ਵਾਹੁੰਦੇ ਹਨ । ਪਾਣੀ ਦੀ ਬੱਚਤ ਲਈ ਲੇਜ਼ਰ ਸੁਹਾਗਾ ਵਰਤਦੇ ਹਨ । ਆਪਣੀ 150 ਏਕੜ ਜ਼ਮੀਨ ਵਿਚੋਂ 50 ਏਕੜ ਰਕਬਾ ਬਾਗਬਾਨੀ ਅਧੀਨ ਲਿਆਂਦਾ ਹੈ ਅਤੇ ਉਸ ਨੂੰ ਤੁਪਕਾ ਸਿੰਜਾਈ ਵਿਧੀ ਨਾਲ ਪਾਲਦੇ ਹਨ ।
ਅਗਾਂਹਵਧੂ ਵਿਗਿਆਨਕ ਖੇਤੀ ਲਈ ਮੁੱਖ ਮੰਤਰੀ ਪੁਰਸਕਾਰ ਦੇ ਸਹਿ ਜੇਤੂ ਸ. ਸੁਰਜੀਤ ਸਿੰਘ ਚੱਘੜ ਨੇ ਸਾਂਝੇ ਪਰਿਵਾਰ ਦੀ 37 ਏਕੜ ਜੱਦੀ ਜ਼ਮੀਨ ਤੋਂ ਇਲਾਵਾ 30 ਏਕੜ ਠੇਕੇ ਤੇ ਲੈ ਕੇ ਕੁੱਲ 67 ਏਕੜ ਦੀ ਖੇਤੀ ਨਾਲ ਉਹ ਕ੍ਰਿਸ਼ਮਾ ਕਰ ਵਿਖਾਇਆ ਹੈ ਜਿਸ ਦੀ ਪੂਰੇ ਪੰਜਾਬ ਵਿੱਚ ਮਿਸਾਲ ਦਿੱਤੀ ਜਾ ਸਕਦੀ ਹੈ । ਸ. ਸੁਰਜੀਤ ਸਿੰਘ ਪਿਛਲੇ 23 ਸਾਲ ਤੋਂ ਖੇਤੀ ਦੇ ਕਾਰਜ ਵਿੱਚ ਕਰਮਸ਼ੀਲ ਹਨ । ਜ਼ਿਲ੍ਹਾ ਪੱਧਰੀ ਖੇਤੀ ਉਤਪਾਦਨ ਕਮੇਟੀ, ਪੰਜਾਬ ਨੌਜਵਾਨ ਕਿਸਾਨ ਸੰਸਥਾ, ਪਸ਼ੂ ਪਾਲਣ ਕਮੇਟੀ ਤੋਂ ਇਲਾਵਾ ਉਹ ਹੋਰ ਅਨੇਕਾਂ ਸੰਸਥਾਵਾਂ ਦੇ ਸਰਗਰਮ ਮੈਂਬਰ ਹਨ ਅਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀ ਖੇਤੀਬਾੜੀ ਯੂਨੀਵਰਸਿਟੀ ਪਾਲਮਪੁਰ, ਖੇਤੀਬਾੜੀ ਯੂਨੀਵਰਸਿਟੀ ਉਦੈਪੁਰ, ਟਰੇਡ ਫੇਅਰ ਦਿੱਲੀ ਅਤੇ ਐਗਰੋਟੈਕ ਚੰਡੀਗੜ੍ਹ ਵਿੱਚ ਸ਼ਾਮਲ ਹੋ ਕੇ ਨਵੇਂ ਗਿਆਨ ਨਾਲ ਖੁਦ ਨੂੰ ਭਰਪੂਰ ਕਰਦੇ ਆ ਰਹੇ ਹਨ । ਆਪ ਨੂੰ ਸਾਲ 2000 ਤੋਂ ਬਾਅਦ ਸੱਤ ਵਾਰ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਹਾਸਲ ਹੋ ਚੁੱਕਾ ਹੈ ।
ਸ. ਸੁਰਜੀਤ ਸਿੰਘ ਚੱਘੜ ਨੇ ਪਾਣੀ ਦੀ ਬੱਚਤ ਲਈ ਜਿੱਥੇ ਆਪਣੀ ਜ਼ਮੀਨ ਨੂੰ ਲੇਜ਼ਰ ਸੁਹਾਗੇ ਨਾਲ ਪੱਧਰਾ ਕੀਤਾ ਅਤੇ ਨਾਈਟ੍ਰੋਜਨੀ ਖਾਦਾਂ ਦੀ ਸਹੀ ਵਰਤੋਂ ਲਈ ਹਰਾ ਪੱਤਾ ਚਾਰਟ ਦੀ ਵੀ ਵਰਤੋਂ ਕੀਤੀ । ਮੂੰਗੀ, ਮਾਂਹ, ਛੋਲੇ, ਮਸਰ ਅਤੇ ਮਟਰ ਦੀ ਖੇਤੀ ਕਰਕੇ ਜ਼ਮੀਨ ਦੀ ਸਿਹਤ ਸੁਧਾਰਨ ਵਿੱਚ ਪਹਿਲ ਕਦਮੀ ਕੀਤੀ । ਉਨ੍ਹਾਂ ਨੇ ਕਣਕ ਨੂੰ ਬੈਡਾਂ ਤੇ ਬੀਜ ਕੇ ਜਿੱਥੇ ਪਾਣੀ ਦੀ ਬੱਚਤ ਕੀਤੀ ਹੈ ਉਥੇ ਵਧੇਰੇ ਝਾੜ ਵੀ ਲਿਆ ਹੈ । ਮੱਕੀ ਵਿੱਚ ਹੋਰ ਫ਼ਸਲਾਂ ਦੀ ਮਿਸ਼ਰਤ ਖੇਤੀ ਕਰਕੇ ਜਲ ਸੋਮਿਆਂ ਦੀ ਬੱਚਤ ਦੇ ਨਾਲ ਨਾਲ ਊਰਜਾ ਨੂੰ ਵੀ ਸੰਜਮ ਨਾਲ ਵਰਤਿਆ ਹੈ । ਸ. ਚੱਘੜ ਆਪਣੇ ਖੇਤਾਂ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਪਾਉਂਦੇ ਹਨ ।