ਲੁਧਿਆਣਾ:- ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਇਸ ਵੇਲੇ ਭਾਰਤ ਅਤੇ ਜਰਮਨ ਦੇ ਕਾਨੂੰਨ ਦਾ ਤੁਲਨਾਤਮਕ ਅਧਿਐਨ ਯਕੀਨਨ ਭਾਰਤੀ ਨਿਆਂ ਪ੍ਰਬੰਧ ਨੂੰ ਤੇਜ਼ੀ ਪ੍ਰਦਾਨ ਕਰੇਗਾ। ਉੱਘੇ ਵਕੀਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਭਲਾਈ ਅਫਸਰ ਸ: ਹਰਪ੍ਰੀਤ ਸਿੰਘ ਸੰਧੂ ਵੱਲੋਂ ਜਰਮਨ ਅਤੇ ਭਾਰਤ ਦੇ ਕਾਨੂੰਨ ਦੇ ਤੁਲਨਾਤਮਕ ਅਧਿਐਨ ਬਾਰੇ ਪੁਸਤਕ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਭੇਂਟ ਕੀਤੀ ਗਈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਤੁਲਨਾਤਮਕ ਅਧਿਐਨ ਕਰਨ ਦਾ ਮਨੋਰਥ ਦੋਹਾਂ ਮੁਲਕਾਂ ਦੀਆਂ ਨਿਆਂ ਪਾਲਿਕਾ ਨੂੰ ਇਨਸਾਫ ਦੇਣ ਦੇ ਵਿਧੀ ਵਿਧਾਨ ਬਾਰੇ ਖੁਦ ਜਾਨਣਾ ਅਤੇ ਆਪਣੇ ਭਾਰਤੀ ਭਰਾਵਾਂ ਨੂੰ ਸਮਝਾਉਣਾ ਹੈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਐਨ ਕੇ ਛਿੱਬੜ, ਜਸਪਾਲ ਸਿੰਘ ਚੁੱਘ ਸੀਨੀਅਰ ਐਡਵੋਕੇਟ, ਸ: ਜਸਵਿੰਦਰ ਸਿੰਘ ਐਡਵੋਕੇਟ ਅਤੇ ਸੰਚਾਰ ਕੇਂਦਰ ਦੇ ਮੁਖੀ ਡਾ: ਜਗਤਾਰ ਸਿੰਘ ਧੀਮਾਨ ਸ਼ਾਮਿਲ ਸਨ।