ਨਵੀਂ ਦਿੱਲੀ :- ਸ. ਹਰਭਜਨ ਸਿੰਘ ਸੇਠੀ, ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ, ਸਿੱਖ ਜਗਤ ਵਲੋਂ ਮਿਲਣ ਵਾਲੇ ਸੁਝਾਵਾਂ ਨੂੰ ਅਮਲੀ ਰੂਪ ਦੇਣ ਵਿਚ ਸਹਿਯੋਗ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵਿੱਚ ਸ਼੍ਰਮਣੀ ਅਕਾਲੀ ਦਲ, ਦਿੱਲੀ ਦੇ ਸਕੱਤਰ ਜਨਰਲ ਸ. ਭਜਨ ਸਿੰਘ ਵਾਲੀਆ ਨੂੰ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰਦਿਆਂ ਉਨ੍ਹਾਂ ਪੁਰ ਜਾਤੀ ਹਮਲੇ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਸ. ਵਾਲੀਆ ਦਾ ਵਿਰੋਧ ਕਰਨ ਵਾਲੇ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੇ ਵੇਖਣ ਕਿ ਉਨ੍ਹਾਂ ਦਾ ਆਪਣਾ ਕਿਰਦਾਰ ਕੀ ਹੈ?
ਸ. ਸੇਠੀ ਨੇ ਕਿਹਾ ਕਿ ਚੰਗਾ ਹੋਵੇ ਕਿ ਇਹ ਲੋਕੀਂ ਵਿਰੋਧ ਨੂੰ ਮਨੁੱਖੀ ਕਦਰਾਂ-ਕੀਮਤਾਂ ਪੁਰ ਅਧਾਰਤ ਰੱਖਣ ਜਾਤੀ ਵਿਰੋਧ ਤੋਂ ਨਿਰਲੇਪ ਰਹਿਣ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਬਿਨਾਂ ਕਾਰਣ ਕਿਸੇ ਤੇ ਚਿੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣਾ ਚਿਹਰਾ ਵੀ ਬਚਾ ਨਹੀਂ ਸਕਣਗੇ।
ਸ. ਸੇਠੀ ਨੇ ਹੋਰ ਕਿਹਾ ਕਿ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਤਿੰਨ ਮੈਂਬਰੀ ਕਮੇਟੀ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਦਿੱਲੀ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰ ਰਹੇ ਅਕਾਲੀ ਦਲਾਂ ਨੂੰ ਹੀ ਉਨਹਾਂ ਦੀ ਮੈਂਬਰ-ਸ਼ਕਤੀ ਦੇ ਅਧਾਰ ਤੇ ਪ੍ਰਤੀਨਿਧਤਾ ਦਿੱਤੀ ਗਈ ਹੈ।ਇਸ ਪੁਰ ਹਾਏ-ਤੋਬਾ ਉਹ ਲੋਕੀਂ ਮਚਾ ਰਹੇ ਹਨ, ਜਿਨ੍ਹਾਂ ਨੂੰ ਦਿੱਲੀ ਦੇ ਸਿੱਖਾਂ ਨੇ ਠੁਕਰਾ ਦਿੱਤਾ ਹੋਇਆ ਹੈ ਜਾਂ ਜੋ ਅਜੇ ਤੱਕ ਆਪਣਾ ਜ਼ਮੀਨੀ ਅਧਾਰ ਨਹੀਂ ਬਣਾ
ਸਕੇ।