ਲਹੌਰ- ਅਮਰੀਕਾ ਦੇ ਰਾਜਨਾਇਕ ਡੇਵਿਸ ਜੋ ਕਿ ਦੋ ਪਾਕਿਸਤਾਨੀ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਜਨਵਰੀ ਤੋਂ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਇੱਕ ਅਦਾਲਤ ਵਲੋਂ ਬੁੱਧਵਾਰ ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ ਬੰਦ ਕਮਰੇ ਵਿੱਚ ਸੁਣਵਾਈ ਦੇ ਦੌਰਾਨ ਜਿਲ੍ਹਾ ਪੱਧਰ ਦੇ ਜੱਜ ਯੂਸਫ਼ ਔਝਲਾ ਨੇ ਡੇਵਿਸ ਤੇ ਹੱਤਿਆ ਦੇ ਅਰੋਪ ਤੈਅ ਕੀਤੇ ਹੀ ਸਨ ਕਿ ਉਸੇ ਸਮੇਂ ਮਾਰੇ ਗਏ ਨਾਗਰਿਕਾਂ ਦੇ ਪਰੀਵਾਰਾਂ ਦੇ 18 ਮੈਂਬਰ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਜੇ ਕਿਸਾਸ ਜਾਂ ਦਿਆਤ ਕਨੂੰਨ ਦੇ ਤਹਿਤ ਉਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਅਦਾ ਕੀਤੀ ਜਾਂਦੀ ਹੈ ਤਾਂ ਉਹ ਅਮਰੀਕੀ ਨਾਗਰਿਕ ਡੇਵਿਸ ਨੂੰ ਮਾਫ਼ ਕਰ ਸਕਦੇ ਹਨ।
ਪੰਜਾਬ ਦੇ ਕਨੂੰਨ ਮੰਤਰੀ ਰਾਣਾ ਸਨਾਉਲਾਹ ਨੇ ਕਿਹਾ, “ਰਿਸ਼ਤੇਦਾਰ ਅਦਾਲਤ ਵਿੱਚ ਪੇਸ਼ ਹੋਏ ਅਤੇ ਉਨ੍ਹਾਂ ਨੇ ਜੱਜ ਨੂੰ ਕਿਹਾ ਕਿ ਉਨ੍ਹਾਂ ਨੇ ਦਿਆਤ ਕਬੂਲ ਕਰ ਲਈ ਹੈ ਅਤੇ ਡੇਵਿਸ ਨੂੰ ਮਾਫ਼ ਕਰ ਦਿੱਤਾ ਹੈ।” ਅਦਾਲਤ ਨੇ ਇਸ ਤੋਂ ਬਾਅਦ ਡੇਵਿਸ ਨੂੰ ਬਰੀ ਕਰ ਦਿੱਤਾ। ਜਿਕਰਯੋਗ ਹੈ ਕਿ ਡੇਵਿਸ ਨੂੰ ਰਿਹਾ ਕਰਵਾਉਣ ਸਬੰਧੀ ਅਮਰੀਕਾ ਵਲੋਂ ਪਾਕਿਸਤਾਨ ਸਰਕਾਰ ਤੇ ਭਾਰੀ ਦਬਾਅ ਪਾਇਆ ਜਾ ਰਿਹਾ ਸੀ।