ਤਿਰਪੋਲੀ- ਕਰਨਲ ਗਦਾਫ਼ੀ ਦੀ ਸੈਨਾ ਵਿਦਰੋਹੀਆਂ ਨੂੰ ਕੁਚਲਦੇ ਹੋਏ ਅੱਗੇ ਵੱਧ ਰਹੀ ਹੈ। ਸੈਨਾ ਇਸ ਸਮੇਂ ਲੀਬੀਆ ਦੇ ਦੂਸਰੇ ਵੱਡੇ ਸ਼ਹਿਰ ਬੇਨਗਾਜ਼ੀ ਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੀ ਹੈ, ਇਸ ਸ਼ਹਿਰ ਉਪਰ ਵਿਦਰੋਹੀਆਂ ਦਾ ਕਬਜ਼ਾ ਹੈ। ਗਦਾਫ਼ੀ ਦੇ ਪੁੱਤਰ ਸੈਫ਼ ਨੇ ਵਿਦਰੋਹੀਆਂ ਨੂੰ ਦੋ ਦਿਨ ਦੇ ਅੰਦਰ ਸਮਰਪਣ ਕਰਨ ਦੀ ਚਿਤਾਵਨੀ ਦਿੱਤੀ ਹੈ।
ਸੈਫ਼ ਗਦਾਫ਼ੀ ਨੇ ਫਰਾਂਸ ਦੇ ਇੱਕ ਚੈਨਲ ਨਾਲ ਗੱਲਬਾਤ ਦੌਰਾਨ ਇਹ ਕਿਹਾ ਹੈ ਕਿ ਸੈਨਾ ਬੇਨਗਾਜ਼ੀ ਦੇ ਕਰੀਬ ਪਹੁੰਚ ਗਈ ਹੈ ਅਤੇ ਜਲਦੀ ਹੀ ਇਸ ਸ਼ਹਿਰ ਤੇ ਸਾਡਾ ਕਬਜ਼ਾ ਹੋ ਜਾਵੇਗਾ। ਬੇਨਗਾਜ਼ੀ ਤੋਂ 150 ਕਿਲੋਮੀਟਰ ਦੂਰ ਅਜਬਾਦੀਆ ਸ਼ਹਿਰ ਤੇ ਸੈਨਾ ਨੇ ਆਪਣਾ ਕਬਜ਼ਾ ਕਰ ਲਿਆ ਹੈ। ਦੇਸ਼ ਦੇ ਮੁੱਖ ਤੇਲ ਭੰਡਾਰ ਵੀ ਗਦਾਫ਼ੀ ਸਰਕਾਰ ਦੇ ਹੱਥ ਆ ਗਏ ਹਨ।
ਬੇਨਗਾਜ਼ੀ ਦੇ ਹਾਲਾਤ ਨੂੰ ਵੇਖਦੇ ਹੋਏ ਸਥਾਨਕ ਲੋਕਾਂ ਵਿੱਚ ਡਰ ਤੇ ਦਹਿਸ਼ਤ ਪਾਈ ਜਾ ਰਹੀ ਹੈ। ਸ਼ਹਿਰ ਵਿੱਚ ਕਾਫੀ ਖੂਨ ਖਰਾਬਾ ਹੋਣ ਦਾ ਡਰ ਵੀ ਲੋਕਾਂ ਵਿੱਚ ਪਾਇਆ ਜਾ ਰਿਹਾ ਹੈ। ਸੈਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਬਚਾਉਣਾ ਹੈ। ਇਹ ਵੀ ਕਿਹਾ ਗਿਆ ਹੈ ਕਿ ਆਤਮ ਸਮਰਪਣ ਕਰਨ ਤੇ ਸੈਨਾ ਵਿਦਰੋਹੀਆਂ ਨਾਲ ਦੁਰਵਿਹਾਰ ਨਹੀਂ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦਰੋਹੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ। ਉਨ੍ਹ ਨੂੰ ਮਾਫ਼ ਕਰ ਦਿੱਤਾ ਜਾਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਲੀਬੀਆ ਵਿੱਚ ਨੋ ਫਲਾਈ ਜੋਨ ਬਣਾਉਣ ਤੇ ਵਿਚਾਰ ਵਟਾਂਦਰਾ ਕਰ ਰਹੇ ਹਨ। ਉਹ ਇਸ ਨੂੰ ਇੱਕ ਗੰਭੀਰ ਮਸਲਾ ਮੰਨਦੇ ਹਨ। ਇਸ ਸਬੰਧੀ ਸੰਯੁਕਤ ਰਾਸ਼ਟਰ ਤੇ ਅੰਤਰ ਰਾਸ਼ਟਰੀ ਕਮਿਊਨਿਟੀ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ।