ਬਹਾਦਰਗੜ੍ਹ,ਫ਼ਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) -‘ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ’ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮਿਸ਼ਨਰੀ ਕਾਲਜਾਂ ਵਿਚੋਂ ਮਿਸ਼ਨਰੀ ਕੋਰਸ ਪਾਸ ਕਰਨ ਵਾਲੇ ਅਤੇ ਧਾਰਮਿਕ ਵਿਸ਼ੇ ’ਚ ਬੀ.ਏ. ਪਾਸ ਹੋਣਹਾਰ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਉਚ ਪੱਧਰੀ ਸਿਖਿਆ, ਦੂਜੇ ਧਰਮਾਂ ਦੀ ਮੁੱਢਲੀ ਜਾਣਕਾਰੀ, ਕੌਮਾਂਤਰੀ ਪੱਧਰ ਦੀਆਂ ਵੱਖ-ਵੱਖ ਭਾਸ਼ਾਵਾਂ ਦੀ ਟ੍ਰੇਨਿੰਗ ਤੋਂ ਇਲਾਵਾ ਪੀ.ਐਚ.ਡੀ. ਦੇ ਪੈਟਰਨ ’ਤੇ ਗੁਰਬਾਣੀ, ਗੁਰਮਤਿ ਤੇ ਸਿੱਖ ਇਤਿਹਾਸ ਦੀ ਖੋਜ ਵਿਧੀ ਦੀ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਅੱਜ ‘ਪੰਥ ਰਤਨ ਜਥੇ. ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ’ ਇੰਸਟੀਚਿਊਟ ਦਾ ਨੀਂਹ-ਪੱਥਰ ਰੱਖਣ ਤੋਂ ਪਹਿਲਾਂ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਵਿਖੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਥੇ. ਗੁਰਚਰਨ ਸਿੰਘ ਟੌਹੜਾ ਜਿੰਨਾਂ ਨੇ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਅਤੇ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਨਾਉਣ ਦੇ ਨਾਲ ਉਨ੍ਹਾਂ ਨੇ ਵਿਦਿਆ ਦੇ ਖੇਤਰ ’ਚ ਵੀ ਨਵੇਂ ਕੀਰਤੀਮਾਨ ਸਥਾਪਤ ਕੀਤੇ, ਉਨ੍ਹਾਂ ਵੱਲੋਂ ਨਿਸ਼ਕਾਮ ਭਾਵਨਾ ਨਾਲ ਸਿੱਖ ਪੰਥ ਪ੍ਰਤੀ ਸ਼ਾਨਦਾਰ ਸੇਵਾ ਸਦਕਾ ਪੰਥ ਵੱਲੋਂ ਅੱਜ ਉਨ੍ਹਾਂ ਦੇ ਨਾਮਪੁਰ ਇਹ ਸੰਸਥਾ ਸਥਾਪਤ ਕੀਤੀ ਜਾ ਰਹੀ ਹੈ ਜੋ ਉਨ੍ਹਾਂ ਵੱਲੋਂ ਸਿੱਖ ਪੰਥ ਪ੍ਰਤੀ ਕੀਤੀਆਂ ਸ਼ਾਨਦਾਰ ਸੇਵਾਵਾਂ ਦਾ ਅਭਿਨੰਦਨ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਿਸ਼ਨ ਮਿਸ਼ਨਰੀ ਕੋਰਸ ਦੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਵਿਚ ਪ੍ਰਪੱਕਤਾ ਤੋਂ ਇਲਾਵਾ ਵੱਖ-ਵੱਖ ਭਾਸ਼ਾਵਾਂ ਦੀ ਜਾਣਕਾਰੀ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ ’ਤੇ ਨਵੀਨ ’ਤੇ ਢੁਕਵੀਆਂ ਵਿਧੀਆਂ ਰਾਹੀਂ ਸਿੱਖ ਧਰਮ ਦਾ ਕੁਸ਼ਲਤਾ ਨਾਲ ਪ੍ਰਚਾਰ ਕਰ ਸਕਣ। ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਸੰਸਥਾ ਇਕ ਧਾਰਮਿਕ ਯੂਨੀਵਰਸਿਟੀ ਦੇ ਰੂਪ ਵਿਚ ਕੰਮ ਕਰੇਗੀ। ਇਸ ਸੰਸਥਾ ਦੇ ਕਾਰਜ ਖੇਤਰ ਦਾ ਵੇਰਵਾ ਦੇਂਦਿਆਂ ਉਨ੍ਹਾਂ ਦੱਸਿਆ ਕਿ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਪੜ੍ਹਾਈ ਅਤੇ ਸਿਖਲਾਈ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਤਿਆਰ ਕਰਨ, ਇਮਤਿਹਾਨ ਲੈਣ, ਧਰਮ ਪ੍ਰਚਾਰ ਕਮੇਟੀ ਵੱਲੋਂ ਵੱਖ-ਵੱਖ ਸਕੂਲਾਂ ਕਾਲਜਾਂ ਵਿਚ ਲਈ ਜਾਣ ਵਾਲੀ ਧਾਰਮਿਕ ਪ੍ਰੀਖਿਆ ਲੈਣ ਲਈ, ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਜਾਰੀ ਕਰਨ ਅਤੇ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਕਲਿਆਣਕਾਰੀ ਵਿਚਾਰਧਾਰਾ ਅਤੇ ਸਿੱਖ ਧਰਮ ਦੀ ਵਿਲੱਖਣਤਾ ਨੂੰ ਵਿਸ਼ਵ ਭਰ ਵਿਚ ਪਹੁੰਚਾਉਣ ਹਿਤ ’ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ’ ਦਾ ਕੰਮ ਵੀ ਇਥੋਂ ਕੀਤਾ ਜਾਵੇਗਾ। ਖੋਜ ਕਾਰਜਾਂ ਵਿਚ ‘ਸਿੱਖ ਸਰੋਤ ਇਤਿਹਾਸਕ ਗ੍ਰੰਥ-ਸੰਪਾਦਨਾਂ ਪ੍ਰੋਜੈਕਟ’ ਵੀ ਇਸ ਸੰਸਥਾ ਦਾ ਇਕ ਅਹਿਮ ਹਿੱਸਾ ਹੋਵੇਗਾ, ਜਿਸ ਵਿਚ ਹੁਣ ਤੀਕ ਮਹਾਂ ਕਵੀ ਸੰਤੋਖ ਸਿੰਘ ਦੀ ਕ੍ਰਿਤ ‘ਗੁਰਪ੍ਰਤਾਪ ਸੂਰਜ ਗ੍ਰੰਥ’ ਦੀ ਮੁਕੰਮਲ ਐਡੀਟਿੰਗ ਅਤੇ ਬ੍ਰਿਜ ਭਾਸ਼ਾ ਤੋਂ ਸਰਲ ਪੰਜਾਬੀ ਭਾਸ਼ਾ ’ਚ ਅਨੁਵਾਦ ਕਰਨ ਦਾ ਕਾਰਜ ਸਫ਼ਲਤਾ ਪੂਰਵਕ ਚਲ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਖੋਲੇ ਮਿਸ਼ਨਰੀ ਕਾਲਜਾਂ ਨੂੰ ਇਸ ਸੰਸਥਾ ਵੱਲੋਂ ਮਾਨਤਾ ਪ੍ਰਦਾਨ ਕਰਨ ਪ੍ਰੀਖਿਆ ਲੈਣ ਅਤੇ ਪ੍ਰਮਾਣ ਪੱਤਰ ਜਾਰੀ ਕਰਨ ਦਾ ਕਾਰਜ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸੰਸਥਾ ਵਿਚ ਯੂਨੀਵਰਸਿਟੀ ਪੱਧਰ ਦੀ ਟੀਚਿੰਗ ਅਤੇ ਖੋਜ ਕਾਰਜਾਂ ’ਚ 20-25 ਸਾਲਾਂ ਦੇ ਤਜ਼ਰਬੇ ਵਾਲੇ 6 ਪ੍ਰੋਫੈਸਰਾਂ ਤੋਂ ਇਲਾਵਾ 10 ਰੀਸਰਚ ਸਕਾਲਰ ਟੀਚਿੰਗ ਦੇ ਨਾਲ ਖੋਜ ਦੇ ਕਾਰਜ ਵੀ ਕਰਨਗੇ। ਇਸ ਸੰਸਥਾ ਦੀ ਆਰੰਭਤਾ ਟੀਚਿੰਗ ਅਤੇ ਖੋਜ ਵਿਧੀ ਦੇ 15-15 ਵਿਦਿਆਰਥਆਂ ਦੀਆਂ ਦੋ ਕਲਾਸਾਂ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਵਿਦਵਾਨਾਂ ਦੇ ਜੀਵਨ ਦੇ ਤਜ਼ਰਬਿਆਂ ਦਾ ਲਾਹਾ ਲੈਣ ਲਈ ਇਸ ਕੰਪਲੈਕਸ ’ਚ ਉਨ੍ਹਾਂ ਨੂੰ ਆਧੁਨਿਕ ਸਹੂਲਤਾਂ ਵਾਲੀ ਰਿਹਾਇਸ਼ ਤੇ ਖਾਣੇ ਤੋਂ ਇਲਾਵਾ ਉਚਪਾਏ ਦੀ ਲਾਇਬ੍ਰੇਰੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਹਰ ਪਹਿਲੂ ਅਤੇ ਮੌਜੂਦ ਸਮੇਂ ਦਰਪੇਸ਼ ਸਮਸਿਆਵਾਂ ’ਤੇ ਵਿਚਾਰਾਂ ਕਰਕੇ ਇਸ ਦੇ ਢੁੱਕਵੇਂ ਹੱਲ ਤਲਾਸ਼ੇ ਜਾ ਸਕਣ। ਇਸ ਮੌਕੇ ਉਨ੍ਹਾਂ ਯੋਗ ਸਿੱਖ ਵਿਦਿਆਰਥੀਆਂ ਨੂੰ ਪੀ.ਸੀ.ਐਸ. ਅਤੇ ਆਈ.ਏ.ਐਸ. ਦੀ ਟ੍ਰੇਨਿੰਗ ਲਈ ਜਲਦ ਹੀ ਬਾਗ ਬੁਲੈੜ ਚੰਡੀਗੜ੍ਹ ਵਿਖੇ ਇਕ ਸੰਸਥਾ ਖੋਲ੍ਹੇ ਜਾਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਰਾਜਪੁਰਾ ਪਟਿਆਲਾ ਰੋਡ ’ਤੇ 10 ਏਕੜ ’ਚ ਬਣਨ ਵਾਲੀ ਇਸ ਆਧੁਨਿਕ ਕਿਸਮ ਦੀ ਇਮਾਰਤ ਪੁਰ 12 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ ਅਤੇ ਇਹ ਇਮਾਰਤ ਦੋ ਸਾਲ ’ਚ ਮੁਕੰਮਲ ਹੋ ਜਾਵੇਗੀ ਅਤੇ ਫਿਲਹਾਲ ਇਸ ਸੰਸਥਾ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੀ ਸਰਾਂ ਦੀ ਤੀਜੀ ਮੰਜਲ ’ਤੇ ਕੀਤੀ ਜਾ ਰਹੀ ਹੈ ਅਤੇ ਇਸ ਸੰਸਥਾ ਦੀ ਨਵ ਨਿਯੁਕਤ ਡਾਇਰੈਕਟਰ ਡਾ. ਰਾਜਿੰਦਰਜੀਤ ਕੌਰ (ਢੀਂਡਸਾ) ਨੇ ਵੀ ਅੱਜ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ ਜਥੇ. ਗੁਰਚਰਨ ਸਿੰਘ ਟੌਹੜਾ ਦੀ ਬੇਟੀ ਬੀਬੀ ਕੁਲਦੀਪ ਕੌਰ ਟੌਹੜਾ ਨੂੰ ਸਿਰੋਪਾਓ ਨਾਲ ਸਨਮਾਨਤ ਕੀਤਾ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ ਤੇ ਸ. ਅਜਾਇਬ ਸਿੰਘ ਮੁੱਖਮੈਲਪੁਰ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ। ਇਸ ਤੋਂ ਪਹਿਲਾਂ ਨਾਮਵਰ ਰਾਗੀ, ਕਵੀਸ਼ਰ ਤੇ ਢਾਡੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ, ਇਤਿਹਾਸਕ ਪ੍ਰਸੰਗਾਂ ਅਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਮੰਚ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਕਰਨੈਲ ਸਿੰਘ ਪੰਜੌਲੀ ਨੇ ਕੀਤਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਚੀਮਾ, ਸ. ਭਰਪੂਰ ਸਿੰਘ ਖ਼ਾਲਸਾ ਤੇ ਸ. ਹਰਦਲਬੀਰ ਸਿੰਘ ਸ਼ਾਹ, ਸ਼੍ਰੋਮਣੀ ਕਮੇਟੀ ਦੇ ਮੈਂਬਰਾਨ ਸ. ਸੁਰਜੀਤ ਸਿੰਘ ਗੜ੍ਹੀ, ਸ. ਕਰਨੈਲ ਸਿੰਘ ਪੰਜੌਲੀ, ਸ. ਨਿਰਮੈਲ ਸਿੰਘ ਜੌਲਾ ਕਲਾਂ, ਸ. ਰਾਮਦਿਆਲ ਸਿੰਘ, ਸ. ਕਸ਼ਮੀਰ ਸਿੰਘ ਬਰਿਆਰ, ਸ. ਜਸਮੇਲ ਸਿੰਘ ਲਾਛੜੂ, ਸ. ਦੀਦਾਰ ਸਿੰਘ ਭੱਟੀ, ਸ. ਸਤਵਿੰਦਰ ਸਿੰਘ ਟੌਹੜਾ, ਸ. ਬਚਿੱਤਰ ਸਿੰਘ ਟਿਵਾਣਾ, ਬੀਬੀ ਸੁਰਿੰਦਰ ਕੌਰ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਭੁਪਿੰਦਰ ਸਿੰਘ ਭਲਵਾਨ, ਸ. ਬਲਵੰਤ ਸਿੰਘ ਰਾਮਗੜ੍ਹ, ਸ. ਦਵਿੰਦਰ ਸਿੰਘ ਚੀਮਾਂ, ਬੀਬੀ ਅਜਾਇਬ ਕੌਰ, ਬੀਬੀ ਪ੍ਰਮਜੀਤ ਕੌਰ ਬਜ਼ਾਜ, ਬੀਬੀ ਹਰਜੀਤ ਕੌਰ ਤੇ ਬੀਬੀ ਹਰਬੰਸ ਕੌਰ ਸੁਖਾਣਾ, ਸ. ਅਮਰ ਸਿੰਘ ਬੀ.ਏ., ਸਾਬਕਾ ਮੈਂਬਰ ਸ. ਹਰਬੰਸ ਸਿੰਘ ਮੰਝਪੁਰ ਤੇ ਸ. ਅਮਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਐਡੀ. ਸਕੱਤਰ ਸ. ਰੂਪ ਸਿੰਘ, ਸ. ਗੁਰਦਰਸ਼ਨ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਰਾਮ ਸਿੰਘ, ਪੀ.ਏ. ਸ. ਪ੍ਰਮਜੀਤ ਸਿੰਘ ਸਰੋਆ, ਸ. ਵਰਿਆਮ ਸਿੰਘ ਡਾਇਰੈਕਟਰ ਧਾਰਮਿਕ ਵਿਦਿਆ ਤੇ ਖੋਜ, ਸ. ਮਨਮੋਹਨ ਸਿੰਘ ਵਾਲੀਆ ਡਾਇਰੈਕਟਰ ਐਜ਼ੂਕੇਸ਼ਨ, ਡਾ. ਗੁਰਨਾਮ ਸਿੰਘ, ਡਾ. ਜਸਬੀਰ ਸਿੰਘ ਸਾਬਰ, ਕਾਕਾ ਹਰਿੰਦਰਪਾਲ ਸਿੰਘ ਟੌਹੜਾ, ਜਿਲ੍ਹਾ ਪ੍ਰਧਾਨ ਸ. ਜਗਦੀਪ ਸਿੰਘ ਚੀਮਾਂ, ਸ. ਤੇਜਿੰਦਰਪਾਲ ਸਿੰਘ ਸੰਧੂ, ਸ. ਦਵਿੰਦਰ ਸਿੰਘ ਖੱਟੜਾ, ਜਥੇ. ਕੁਲਵੰਤ ਸਿੰਘ ਖਰੋੜਾ, ਸ. ਕੁਲਦੀਪ ਸਿੰਘ ਪੋਲਾ, ਸ. ਦਰਸ਼ਨ ਸਿੰਘ ਸਰਾਨਾ, ਜੈ ਰਾਮ ਸਿੰਘ ਰੁੜਕੀ, ਸ. ਗੁਰਸੇਵਕ ਸਿੰਘ ਰੁੜਕੀ, ਸ. ਸੁਰਜੀਤ ਸਿੰਘ ਕੋਹਲੀ, ਸ. ਇੰਦਰਮੋਹਨ ਸਿੰਘ ਬਜ਼ਾਜ, ਸ. ਲਾਭ ਸਿੰਘ ਦੇਵੀ ਨਗਰ, ਬੀਬੀ ਆਗਿਆ ਕੌਰ, ਬੀਬੀ ਜਸਪਾਲ ਕੌਰ, ਸ. ਜਗਜੀਤ ਸਿੰਘ ਰਤਨਗੜ੍ਹ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਰਣਧੀਰ ਸਿੰਘ ਰੱਖੜਾ, ਸ. ਹਰਵਿੰਦਰ ਸਿੰਘ ਹਰਪਾਲਪੁਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।