ਲੁਧਿਆਣਾ:- ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਡਾ: ਮਨੋਹਰ ਸਿੰਘ ਗਿੱਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆਪਣੀ ਸੰਖੇਪ ਫੇਰੀ ਮੌਕੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਹੈ ਕਿ ਪੰਜਾਬ ਵਿੱਚ ਦਸ ਫੀ ਸਦੀ ਰਕਬਾ ਨਿਰੋਲ ਕੰਢੀ ਖੇਤਰ ਹੈ। ਜੇਕਰ ਗੁਆਂਢੀ ਰਾਜਾਂ ਦਾ ਕੰਢੀ ਖੇਤਰ ਵੀ ਗਿਣ ਲਈਏ ਤਾਂ ਉੱਤਰੀ ਭਾਰਤ ਦਾ ਵੱਡਾ ਰਕਬਾ ਇਕੋ ਜਿਹੀ ਖੋਜ ਅਤੇ ਯੋਜਨਾਕਾਰੀ ਦੀ ਮੰਗ ਕਰਦਾ ਹੈ। ਇਸ ਲਈ ਆਪੋ ਆਪਣੇ ਰਾਜਾਂ ਵਿੱਚ ਯੋਜਨਾਵਾਂ ਘੜਨ ਦੇ ਨਾਲ ਨਾਲ ਸਮੁੱਚੇ ਕੰਢੀ ਖੇਤਰ ਦੇ ਵਿਕਾਸ ਲਈ ਅੰਤਰਰਾਜੀ ਯੋਜਨਾਕਾਰੀ ਵੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਮੁੱਚਾ ਵਿਕਾਸ ਇਕਸਾਰ ਅਤੇ ਸਿਲਸਿਲੇਵਾਰ ਹੋ ਸਕੇ। ਡਾ: ਗਿੱਲ ਨੇ ਦੱਸਿਆ ਕਿ ਗਵਰਨਰੀ ਰਾਜ ਵੇਲੇ ਪੰਜਾਬ ਦੇ ਗਵਰਨਰ ਸ਼੍ਰੀ ਸਿਧਾਰਥ ਸ਼ੰਕਰ ਰੇਅ ਨੂੰ ਨਾਲ ਲੈ ਕੇ ਮੈਂ ਇਸ ਖੇਤਰ ਦਾ ਸਰਵੇਖਣ ਕਰਨ ਉਪਰੰਤ ਇਥੋਂ ਦੇ ਵਿਕਾਸ ਲਈ ਅਨੇਕ ਯੋਜਨਾਵਾਂ ਤਿਆਰ ਕੀਤੀਆਂ ਸਨ ਜਿਸ ਨਾਲ ਇਸ ਇਲਾਕੇ ਨੂੰ ਕੁਝ ਰਾਹਤ ਮਿਲੀ ਹੈ। ਹੁਣ ਹੋਰ ਅੱਗੇ ਤੁਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਸਰਹੱਦੀ ਖੇਤਰ ਗੁਰਦਾਸਪੁਰ ਵਿਖੇ ਨਵਾਂ ਖੇਤੀਬਾੜੀ ਕਾਲਜ ਖੋਲਣ ਲਈ ਹੰਭਲਾ ਮਾਰਿਆ ਹੈ। ਇਸ ਨਾਲ ਜਿਥੇ ਗੁਰਦਾਸਪੁਰ ਵਿੱਚ ਖੇਤੀਬਾੜੀ ਖੋਜ ਦੇ 100 ਸਾਲਾ ਜਸ਼ਨ ਦੀ ਪੂਰਤੀ ਹੋਵੇਗੀ ਉਥੇ ਇਲਾਕੇ ਦਾ ਵਿਕਾਸ ਵੀ ਯਕੀਨੀ ਹੋਵੇਗਾ। ਡਾ: ਗਿੱਲ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਛੇ ਸਾਲਾ ਸਿੱਖਿਆ ਪ੍ਰੋਗਰਾਮ ਰਾਹੀਂ ਖੇਤੀਬਾੜੀ ਅਤੇ ਹੋਮ ਸਾਇੰਸ ਦੀ ਪੜ੍ਹਾਈ ਲਈ ਮੌਕੇ ਦੇਣਾ ਚੰਗੀ ਗੱਲ ਹੈ ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਪੇਂਡੂ ਕੋਟੇ ਅਧੀਨ ਪੜ੍ਹਨ ਵਾਲੇ ਵਿਦਿਆਰਥੀ ਪਿੰਡਾਂ ਦੀ ਸੇਵਾ ਕਰਨ।
ਡਾ: ਗਿੱਲ ਨੇ ਆਖਿਆ ਕਿ ਪੰਜਾਬ ਵਿੱਚ ਪਾਣੀ ਦਾ ਹੇਠਾਂ ਜਾਣਾ ਫਿਕਰ ਵਾਲੀ ਗੱਲ ਹੈ ਅਤੇ ਮੈਂ ਸਰਕਾਰ ਨੂੰ ਵੀ ਸੁਝਾਅ ਦੇਵਾਂਗਾ ਕਿ ਉਹ ਸਿਰਫ ਪਾਣੀ ਬਚਾਓ ਬਾਰੇ ਹੀ ਇਕ ਡਾਇਰੈਕਟੋਰੇਟ ਬਣਾਉਣ ਜਿਸ ਕੋਲ ਸਮੁੱਚੀ ਜਾਣਕਾਰੀ ਹੋਵੇ ਕਿ ਕਿੰਨੇ ਬਲਾਕ ਖਤਰੇ ਅਧੀਨ ਹੈ ਅਤੇ ਕਿੰਨੇ ਇਸ ਵੇਲੇ ਤੀਕ ਅਜੇ ਠੀਕ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਭਵਿੱਖ ਚੁਣੌਤੀਆਂ ਭਰਪੂਰ ਹੈ ਕਿਉਂਕਿ ਜ਼ਮੀਨਾਂ ਘਟਣ ਨਾਲ ਸਾਨੂੰ ਥੋੜ੍ਹੇ ਵਿੱਚੋਂ ਬਹੁਤਾ ਕਮਾਉਣ ਲਈ ਬਾਰੀਕੀ ਦੀ ਖੇਤੀ ਅਪਨਾਉਣੀ ਪਵੇਗੀ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਕੰਮ ਲਈ ਅਗਵਾਈ ਦੇਣ ਲਈ ਸਮਰੱਥ ਹੈ। ਡਾ: ਗਿੱਲ ਨੇ ਆਖਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਵਿੱਤ ਕਮਿਸ਼ਨਰ ਵਿਕਾਸ ਵਜੋਂ ਸੇਵਾ ਕਰਦਿਆਂ ਕਿਸਾਨਾਂ ਦੁਆਰਾ ਆਪਣੀ ਉਪਜ ਖੁਦ ਵੇਚਣ ਲਈ ਆਪਣੀ ਮੰਡੀ ਸਕੀਮ ਸ਼ੁਰੂ ਕੀਤੀ ਸੀ ਪਰ ਹੌਲੀ ਹੌਲੀ ਇਹ ਮੰਡੀ ਵੀ ਵਪਾਰੀਆਂ ਦੇ ਕੰਟਰੋਲ ਹੇਠ ਚਲੀ ਗਈ ਹੈ। ਇਸ ਯੋਜਨਾ ਨੂੰ ਮੁੜ ਵਿਚਾਰਨ ਦੀ ਲੋੜ ਹੈ।
ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕੇਂਦਰੀ ਮੰਤਰੀ ਡਾ: ਗਿੱਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ ਅਤੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਡਾ: ਗਿੱਲ ਨੂੰ ਇਹ ਵੀ ਦੱਸਿਆ ਗਿਆ ਕਿ ਯੂਨੀਵਰਸਿਟੀ ਨੂੰ ਇਸ ਸਾਲ ਦੇਸ਼ ਦੀਆਂ 22 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਸਰਵੋਤਮ ਗਿਣਿਆ ਗਿਆ ਹੈ। ਡਾ: ਗਿੱਲ ਨੇ ਇਸ ਪ੍ਰਾਪਤੀ ਲਈ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ।