ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਚੇਅਰਮੈਨ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਸ: ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਜੇ ਪੰਜਾਬ ਦਾ ਕਿਸਾਨ ਆਰਥਿਕਤਾ ਦੀ ਮਾਰ ਤੋਂ ਨਾ ਬਚ ਸਕਿਆ ਤਾਂ ਦੇਸ਼ ਵੀ ਡਾਵਾਂਡੋਲ ਹੋ ਜਾਵੇਗਾ ਕਿਉਂਕਿ ਦੇਸ਼ ਦੇ ਅਨਾਜ ਭੰਡਾਰ ਵਿੱਚ 40 ਫੀ ਸਦੀ ਚੌਲ ਅਤੇ 60 ਫੀ ਸਦੀ ਕਣਕ ਇਹੀ ਦਿੰਦਾ ਹੈ। ਉਨ੍ਹਾਂ ਆਖਿਆ ਕਿ ਰੂਸ ਅਤੇ ਅਮਰੀਕਾ ਦੇ ਕਿਸਾਨ ਵੀ ਇਸ ਵੇਲੇ ਡੋਲੇ ਹੋਏ ਹਨ ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਮਿਹਨਤ ਸਦਕਾ ਪੰਜਾਬ ਦਾ ਕਿਸਾਨ ਅਜੇ ਵੀ ਪੂਰੀ ਤਰ੍ਹਾਂ ਮੁਸੀਬਤਾਂ ਅੱਗੇ ਸਿੱਧਾ ਖੜਾ ਹੈ। ਉਨ੍ਹਾਂ ਆਖਿਆ ਕਿ ਜ਼ਮੀਨ ਦੀ ਸਿਹਤ ਦਾ ਘਾਣ ਕਰਕੇ, ਜਲ ਸੋਮਿਆਂ ਨੂੰ ਰਸਾਤਲ ਤੀਕ ਪਹੁੰਚਾ ਕੇ ਆਪਣੇ ਵਾਤਾਵਰਨ ਨੂੰ ਤਬਾਹ ਕਰਕੇ ਖੇਤੀ ਕਰਨੀ ਸਿਆਣਪ ਨਹੀਂ ਹੈ। ਇਸ ਲਈ ਵਿਗਿਆਨੀਆਂ ਦੀ ਸਲਾਹ ਵਾਸਤੇ ਸਿਰਫ ਕਿਸਾਨ ਮੇਲਿਆਂ ਵਿੱਚ ਹੀ ਨਹੀਂ ਸਗੋਂ ਲਗਾਤਾਰ ਗਿਆਨ ਵਿਗਿਆਨ ਨਾਲ ਸਾਂਝ ਪਾਉਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਡਾ: ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਕਿਸਾਨ ਨੂੰ ਉਸ ਦੇ ਖੇਤੀ ਖਰਚਿਆਂ ਤੋਂ ਡੇਢ ਗੁਣਾਂ ਵੱਧ ਕੀਮਤ ਹਾਸਿਲ ਹੋਣੀ ਚਾਹੀਦੀ ਹੈ ਪਰ ਇਸ ਰਿਪੋਰਟ ਨੂੰ ਭਾਰਤ ਸਰਕਾਰ ਪ੍ਰਵਾਨ ਨਹੀਂ ਕਰ ਰਹੀ ਜਿਸ ਨੂੰ ਲਾਗੂ ਕਰਵਾਉਣ ਲਈ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਨਾਲ ਮੈਂ ਪਿਛਲੇ ਹਫ਼ਤੇ ਹੀ ਮੁਲਾਕਾਤ ਕੀਤੀ ਹੈ। ਉਨ੍ਹਾਂ ਆਖਿਆ ਕਿ ਵਧਦੀ ਅਬਾਦੀ ਨਾਲ ਬਰ ਮੇਚਦੀ ਉਪਜ ਨਹੀਂ ਹੋ ਰਹੀ। ਪੈਦਾਵਾਰ ਦੀ ਤਾਕਤ ਵੀ ਤਾਂ ਹੀ ਵਧੇਗੀ ਜੇਕਰ ਕਿਸਾਨ ਨੂੰ ਉਸਦੀ ਉਪਜ ਦਾ ਸਹੀ ਮੁੱਲ ਮਿਲੇਗਾ। ਉਨ੍ਹਾਂ ਆਖਿਆ ਕਿ ਡਾ: ਮਨਜੀਤ ਸਿੰਘ ਕੰਗ ਦੀ ਅਗਵਾਈ ਹੇਠ ਪਿਛਲੇ ਚਾਰ ਸਾਲਾਂ ਦੌਰਾਨ ਸਾਡੀ ਸਾਰੇ ਪੰਜਾਬੀਆਂ ਦੀ ਇਜ਼ਤ ਅੰਤਰ ਰਾਸ਼ਟਰੀ ਵਿਗਿਆਨਕ ਭਾਈਚਾਰੇ ਵਿੱਚ ਵਧੀ ਹੈ ਕਿਉਂਕਿ ਇਨ੍ਹਾਂ ਨੇ ਇਸ ਯੂਨੀਵਰਸਿਟੀ ਨੂੰ ਹੇਠੋਂ ਚੁੱਕ ਕੇ ਦੇਸ਼ ਵਿੱਚ ਪਹਿਲੇ ਨੰਬਰ ਤੇ ਲਿਆਂਦਾ ਹੈ। ਪੇਂਡੂ ਬੱਚਿਆਂ ਦੀ ਪੜ੍ਹਾਈ ਲਈ ਨਿਯਮਤ ਪ੍ਰਬੰਧ ਕੀਤਾ ਹੈ। ਉਨ੍ਹਾਂ ਆਖਿਆ ਕਿ ਬੀਜ ਦੀ ਵਿਕਰੀ ਦਾ ਪ੍ਰਬੰਧ ਪ੍ਰਾਈਵੇਟ ਹੱਥਾਂ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸਾਨ ਭਰਾਵਾਂ ਦੇ ਮਨ ਵਿੱਚ ਭਰੋਸੇਯੋਗਤਾ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੀ ਹੈ। ਉਨ੍ਹਾਂ ਆਖਿਆ ਕਿ ਪ੍ਰਾਈਵੇਟ ਬੀਜ ਵਿਕਰੇਤਾ ਦੇ ਬੀਜ ਵੀ ਯੂਨੀਵਰਸਿਟੀ ਮਾਹਿਰਾਂ ਤੋਂ ਤਸਦੀਕ ਕਰਵਾਏ ਜਾਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਅੱਜ ਮੰਡੀਕਰਨ ਅਤੇ ਅਨਾਜ ਭੰਡਾਰਨ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਗਰੀਬ ਕਿਸਾਨ ਦੀ ਥਾਲੀ ਵਿੱਚ ਅੱਜ ਸਿਰਫ ਇਕ ਡੰਗ ਦੀ ਰੋਟੀ ਹੈ ਇਸ ਲਈ ਦੂਸਰੇ ਹਰੇ ਇਨਕਲਾਬ ਦਾ ਨਾਅਰਾ ਉਸ ਨੂੰ ਸਮਝ ਨਹੀਂ ਪੈ ਰਿਹਾ ਕਿ ਉਹ ਇਹ ਇਨਕਲਾਬ ਕਿਹਦੇ ਲਈ ਲਿਆਵੇ। ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਇਹ ਵਿਸ਼ਵਾਸ਼ ਦਿਵਾਉਣਾ ਪਵੇਗਾ ਕਿ ਸਾਡੀ ਕਿਰਤ ਦਾ ਸਾਨੂੰ ਪੂਰਾ ਮੁੱਲ ਮਿਲੇ ਅਤੇ ਕਣਕ ਝੋਨੇ ਤੋਂ ਬਿਨਾਂ ਬਾਕੀ ਫ਼ਸਲਾਂ ਦਾ ਵੀ ਸਹੀ ਮੰਡੀਕਰਨ ਯਕੀਨੀ ਹੋਵੇ। ਸ: ਲੱਖੋਵਾਲ ਨੂੰ ਇਸ ਮੌਕੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਚਾਰ ਅਗਾਂਹਵਧੂ ਕਿਸਾਨਾਂ ਸ: ਸੁਰਜੀਤ ਸਿੰਘ ਚੱਘੜ ਪਿੰਡ ਚੱਘੜਾਂ ਜ਼ਿਲ੍ਹਾ ਹੁਸ਼ਿਆਰਪੁਰ, ਸ: ਗੁਰਪ੍ਰੀਤ ਸਿੰਘ ਸ਼ੇਰਗਿੱਲ ਪਿੰਡ ਮਜਾਲ ਖੁਰਦ ਜ਼ਿਲ੍ਹਾ ਪਟਿਆਲਾ, ਸ਼੍ਰੀ ਸਰਿੰਦਰ ਕੁਮਾਰ ਆਹੂਜਾ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਅਤੇ ਸ: ਇਕਬਾਲ ਸਿੰਘ ਸਿੱਧੂ ਪਿੰਡ ਗੁੰਮਟੀ ਕਲਾਂ ਜ਼ਿਲ੍ਹਾ ਬਠਿੰਡਾ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਨੇਪਾਲ ਤੋਂ ਆਏ 300 ਤੋਂ ਵੱਧ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਵਫਦ ਨੇ ਵੀ ਕਿਸਾਨ ਮੇਲੇ ਵਿੱਚ ਸ਼ਿਰਕਤ ਕੀਤੀ। ਸਭਿਆਚਾਰਕ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਲਈ ਸ: ਪਰਮਜੀਤ ਸਿੰਘ ਸਿੱਧੂ ਪੰਮੀ ਬਾਈ ਨੂੰ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਪਸਾਰ ਸਿੱਖਿਆ ਡਾ: ਕਮਲ ਮਹਿੰਦਰਾ ਨੂੰ ਵੀ ਸੇਵਾ ਮੁਕਤੀ ਮੌਕੇ ਉਚੇਰੀਆਂ ਸਭਿਆਚਾਰਕ ਪ੍ਰਾਪਤੀਆਂ ਲਈ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਮੇਲੇ ਦਾ ਉਦੇਸ਼ ਇਸ ਵਾਰ ‘ਖੇਤੀ ਨਵੀਨਤਾ ਅਪਣਾਓ–ਜੀਵਨ ਮਿਆਰ ਵਧਾਓ ’ ਰੱਖਿਆ ਗਿਆ ਹੈ। ਪਰ ਇਹ ਮਿਆਰ ਉੱਚ ਚੁੱਕਣ ਲਈ ਸਾਡੇ ਸਾਹਮਣੇ ਅਨੇਕਾਂ ਮੁਸੀਬਤਾਂ ਖੜੀਆਂ ਹਨ ਜਿਨ੍ਹਾਂ ਵਿਚੋਂ ਪ੍ਰਮੁਖ ਪਾਣੀ ਦਾ ਲਗਾਤਾਰ ਥ¤ਲੇ ਜਾਣਾ, ਭੂਮੀ ਸਿਹਤ ਦਾ ਨਿਘਾਰ, ਹਵਾ, ਪਾਣੀ ਅਤੇ ਵਾਤਾਵਰਣ ਦਾ ਪ੍ਰਦੂਸ਼ਣ, ਜੈਵਿਕ ਵੰਨ ਸੁਵੰਨਤਾ ਵਿਚ ਕਮੀ ਆਉਣਾ, ਖੇਤੀ ਜੋਤਾਂ ਦਾ ਆਕਾਰ ਛੋਟਾ ਹੋਣਾ, ਖੇਤੀ ਖਰਚਿਆਂ ਦਾ ਵਧਣਾ, ਕਣਕ ਝੋਨੇ ਤੋਂ ਬਿਨਾਂ ਬਾਕੀ ਫ਼ਸਲਾਂ ਦੀ ਮੰਡੀਕਰਨ ਦੀ ਸਮ¤ਸਿਆ, ਅਨਾਜ ਭੰਡਾਰਨ ਸਮੱਸਿਆ ਪ੍ਰਮੁਖ ਹੈ। ਉਨ੍ਹਾਂ ਆਖਿਆ ਕਿ ਵਧਦੀ ਗਲੋਬਲ ਤਪਸ਼ ਕਾਰਨ ਖੇਤੀ ਦੇ ਬਦਲ ਰਹੇ ਮੁਹਾਂਦਰੇ ਨੂੰ ਵੇਖਦਿਆਂ ਪੀ ਏ ਯੂ ਨੇ ਖੋਜ ਕਾਰਜਾਂ ਨੂੰ ਲੋੜ ਮੁਤਾਬਕ ਢਾਲਿਆ ਹੈ। ਡਾ: ਕੰਗ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕੀਤੇ ਫ਼ਸਲ ਕੈ¦ਡਰ, ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫਾਰਸ਼ਾਂ ਤੋਂ ਇਲਾਵਾ ਕਈ ਹੋਰ ਪ੍ਰਕਾਸ਼ਨਾਵਾਂ ਨੂੰ ਵੀ ਰਿਲੀਜ਼ ਕੀਤਾ।
ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਬਦਲਦੀਆਂ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਕਿਸਮਾਂ, ਵਿਧੀਆਂ, ਤਕਨੀਕਾਂ ਨੂੰ ਵਿਕਸਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨਾਲ ਵਾਤਾਵਰਣ ਖਰਾਬ ਨਹੀਂ ਹੁੰਦਾ, ਖੇਤੀ ਖਰਚੇ ਘਟਦੇ ਹਨ ਅਤੇ ਉਤਪਾਦਨ ਮਿਆਰੀ ਬਣਦਾ ਹੈ। ਉਨ੍ਹਾਂ ਆਖਿਆ ਕਿ ਪੀ ਏ ਯੂ ਨੇ ਹੁਣ ਤ¤ਕ 695 ਕਿਸਮਾਂ/ਹਾਈਬ੍ਰਿਡ ਰਿਲੀਜ਼ ਕੀਤੇ ਹਨ। ਪਿਛਲੇ ਚਾਰ ਸਾਲਾਂ ਵਿਚ ਹੀ ਇਨ੍ਹਾਂ ਦੀ ਗਿਣਤੀ 78 ਸੀ। ਡਾ: ਗੋਸਲ ਨੇ ਕਿਹਾ ਕਿ ਕਣਕ ਵਿਚ ਬੈਡ ਪਲਾਂਟਿੰਗ, ਝੋਨੇ, ਸੂਰਜਮੁਖੀ ਅਤੇ ਕਪਾਹ ਵਿਚ ਰਿਜ ਪਲਾਂਟਿੰਗ, ਕਮਾਦ ਵਿ¤ਚ ਟਰੈਂਚ ਪਲਾਂਟਿੰਗ ਰਾਹੀਂ ਪਾਣੀ ਦੀ ਬ¤ਚਤ ਹੋਈ । ਲੇਜ਼ਰ ਸੁਹਾਗਾ ਵਰਤਣ ਨਾਲ ਵੀ ਪਾਣੀ ਦੀ ਬਚਤ ਹੁੰਦੀ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਫ਼ਸਲ ਵਿੱਚ ਟੈਂਸ਼ੀਓਮੀਟਰ ਦੀ ਵਰਤੋਂ ਨਾਲ ਝੋਨੇ ਵਿਚ 20 ਤੋਂ 25 ਪ੍ਰਤੀਸ਼ਤ ਪਾਣੀ ਬਚਦਾ ਹੈ। ਇਵੇਂ ਹੀ ਲੀਫ ਕਲਰ ਚਾਰਟ ਦੀ ਵਰਤੋਂ ਰਾਹੀਂ ਝੋਨੇ ’ਚ 25 ਪ੍ਰਤੀਸ਼ਤ ਨਾਈਟਰੋਜਨ ਬਚਦੀ ਹੈ। ਹੁਣ ਇਸ ਦੀ ਵਰਤੋਂ ਮ¤ਕੀ ’ਚ ਵੀ ਕੀਤੀ ਜਾ ਸਕਦੀ ਹੈ।
ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ; ਮੁਖਤਾਰ ਸਿੰਘ ਗਿੱਲ ਨੇ ਸੁਆਗਤੀ ਸ਼ਬਦਾਂ ਵਿੱਚ ਕਿਹਾ ਕਿ ਖੇਤੀ ਨਵੀਨਤਾ ਅਪਣਾਅ ਕੇ ਹੀ ਜੀਵਨ ਮਿਆਰ ਉੱਚਾ ਚੁੱਕਿਆ ਜਾ ਸਕਦਾ ਹੈ। ਪੌਣ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਗਿਆਨ ਦੀ ਵਰਤੋਂ ਵਾਸਤੇ ਕਿਸਾਨ ਮੇਲੇ ਬਹੁਤ ਚੰਗਾ ਮੌਕਾ ਹਨ ਪਰ ਇਹ ਗਿਆਨ ਲਗਾਤਾਰ ਹਾਸਿਲ ਕਰਨ ਨਾਲ ਹੀ ਵਿਕਾਸ ਦਾ ਰਾਹ ਮਿਲੇਗਾ। ਉਨ੍ਹਾਂ ਆਖਿਆ ਕਿ ਹੈਪੀ ਸੀਡਰ, ਲੇਜ਼ਰ ਲੈਵਲਰ ਅਤੇ ਬੱੈਡਾਂ ਰਾਹੀਂ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਆਖਿਆ ਕਿ ਝੋਨੇ ਦੀ ਸਿੱਧੀ ਬੀਜਾਈ ਦੀ ਵੀ ਸਿਫਾਰਸ਼ ਕਰ ਦਿੱਤੀ ਗਈ ਹੈ। ਡਾ: ਗਿੱਲ ਨੇ ਆਖਿਆ ਕਿ ਖੇਤੀਬਾੜੀ ਸਾਹਿਤ ਦੀ ਮਹੱਤਤਾ ਨੂੰ ਸਮਝੋ ਕਿਉਂਕਿ ਇਸ ਦੇ ਬਿਨਾਂ ਸਹੀ ਰਾਹ ਨਹੀਂ ਮਿਲ ਸਕਦਾ। ਉਨ੍ਹਾਂ ਆਖਿਆ ਕਿ ਇਹ ਗਿਆਨ ਵਿਗਿਆਨ ਦਾ ਮੇਲਾ ਤੁਹਾਡੇ ਲਈ 300 ਤੋਂ ਵੱਧ ਪ੍ਰਦਰਸ਼ਨੀਆਂ ਨਾਲ ਸਜਾਇਆ ਗਿਆ ਹੈ ਅਤੇ ਗਿਆਨ ਵਿਗਿਆਨ ਤੋਂ ਬਿਨਾਂ ਆਮ ਵਾਕਫ਼ੀ ਸਾਹਿਤ ਦੀਆਂ ਦੁਕਾਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਪੰਜਾਬ ਦਾ ਸਰਵਪੱਖੀ ਵਿਕਾਸ ਹੋ ਸਕੇ। ਕਿਸਾਨ ਮੇਲੇ ਵਿੱਚ ਆਸਟਰੀਆ ਤੋਂ ਆਏ ਪ੍ਰਸਿੱਧ ਵਿਗਿਆਨੀ ਡਾ: ਬੇਅੰਤ ਆਹਲੂਵਾਲੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ: ਬਲਦੇਵ ਸਿੰਘ ਬੋਪਾਰਾਏ ਅਤੇ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ, ਉੱਘੇ ਲੇਖਕ ਸ: ਗੁਰਦਿੱਤ ਸਿੰਘ ਕੰਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸਰਦਾਰਾ ਸਿੰਘ ਜੌਹਲ, ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸੁਰਜੀਤ ਸਿੰਘ ਗਿੱਲ, ਅਤੇ ਡਾ: ਨਛੱਤਰ ਸਿੰਘ ਮੱਲ੍ਹੀ, ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਸ: ਇੰਦਰਮੋਹਨ ਸਿੰਘ ਕਾਦੀਆ, ਪਟਿਆਲਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ: ਫੌਜਇੰਦਰ ਸਿੰਘ ਮੁਖਮੈਲਪੁਰ, ਸ: ਹਰਨੇਕ ਸਿੰਘ ਮੁਖਮੈਲਪੁਰ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੇ ਸਾਬਕਾ ਕਿਸਾਨ ਮੈਂਬਰ ਸ: ਮਹਿੰਦਰ ਸਿੰਘ ਗਰੇਵਾਲ ਅਤੇ ਯੂਨੀਵਰਸਿਟੀ ਦੇ ਸਮੂਹ ਡੀਨ ਡਾਇਰੈਕਟਰਜ਼ ਸਾਹਿਬਾਨ ਹਾਜ਼ਰ ਸਨ। ਮੰਚ ਸੰਚਾਲਨ ਡਾ: ਕਮਲ ਮਹਿੰਦਰਾ ਅਤੇ ਨਿਰਮਲ ਜੌੜਾ ਨੇ ਕੀਤਾ। ਇਸ ਮੌਕੇ ਉੱਘੇ ਲੋਕ ਗਾਇਕ ਗੁਰਪਾਲ ਸਿੰਘ ਪਾਲ, ਪੰਮੀ ਬਾਈ, ਗੁਰਜੰਟ ਗਿੱਲ, ਗੁਰਜੰਟ ਹਾਂਡਾ, ਹੈਪੀ ਜੱਸੋਵਾਲ ਤੋਂ ਇਲਾਵਾ ਚੱਠੇ ਸੇਖਵਾਂ ਵਾਲੇ ਬਾਬਿਆਂ ਦਾ ਮਲਵਈ ਗਿੱਧਾ ਵੀ ਸ: ਦਰਬਾਰ ਸਿੰਘ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ। ਅਕਾਸ਼ਬਾਣੀ ਜ¦ਧਰ ਦੀ ਟੀਮ ਨੇ ਸ਼੍ਰੀ ਬੀਰ ਸੈਨ ਮਲਿਕ ਦੀ ਅਗਵਾਈ ਹੇਠ ਕਿਸਾਨ ਮੇਲੇ ਦੀਆਂ ਝਲਕੀਆਂ ਨਾਲੋਂ ਨਾਲ ਪੇਸ਼ ਕੀਤੀਆਂ। ਇਸੇ ਮੰਚ ਤੋਂ ਸ਼ਾਮ ਦਾ ਦਿਹਾਤੀ ਪ੍ਰੋਗਰਾਮ ਵੀ ਪੇਸ਼ ਕੀਤਾ ਜਾਣਾ ਹੈ ਜਿਸ ਵਿੱਚ ਮਾਹਿਰਾਂ ਤੋਂ ਇਲਾਵਾ ਅਕਾਸ਼ਬਾਣੀ ਕਲਾਕਾਰ ਰਾਜ ਕੁਮਾਰ ਤੁਲੀ ਅਤੇ ਸਰਬਜੀਤ ਰਿਸ਼ੀ ਤੋਂ ਇਲਾਵਾ ਸ: ਗੁਰਵਿੰਦਰ ਸਿੰਘ ਵੀ ਸ਼ਾਮਿਲ ਹੋਣਗੇ।
ਕਿਸਾਨ ਮੇਲੇ ਵਿੱਚ ਬੀਜ ਵਿਕਰੀ ਕੇਂਦਰ ਤੇ ਸਭ ਤੋਂ ਵੱਧ ਰੌਣਕਾਂ ਰਹੀਆਂ ਜਦ ਕਿ ਖੇਤੀਬਾੜੀ ਸਾਹਿਤ ਲਈ ਤਿੰਨ ਵਿਕਰੀ ਕੇਂਦਰ ਬਣਾਏ ਗਏ ਸਨ ਤਾਂ ਜੋ ਕਿਸਾਨਾਂ ਨੂੰ ਚੰਗੀ ਖੇਤੀ ਮਾਸਕ ਪੱਤਰ ਦੇ ਚੰਦੇ ਜਮਾਂ ਕਰਾਉਣ ਅਤੇ ਹੋਰ ਪੁਸਤਕਾਂ ਖਰੀਦਣ ਵਿੱਚ ਕੋਈ ਤਕਲੀਫ ਨਾ ਹੋਵੇ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਕਲੱਬ ਮੈਂਬਰਾਂ ਅਤੇ ਫਾਰਮ ਸਲਾਹਕਾਰੀ ਸੇਵਾ ਕੇਂਦਰਾਂ ਵੱਲੋਂ ਪ੍ਰਦਰਸ਼ਨੀਆਂ ਤੋਂ ਇਲਾਵਾ ਸਵੈ ਸਹਾਇਤਾ ਗਰੁੱਪਾਂ ਨੇ ਵੀ ਆਪੋ ਆਪਣੀਆਂ ਤਿਆਰ ਵਸਤਾਂ ਮੇਲੇ ਵਿੱਚ ਪ੍ਰਦਰਸ਼ਤ ਕੀਤੀਆਂ।