ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਇਕ ਨਿੱਜੀ ਟੀ.ਵੀ. (ਇਮੈਜਨ ਟੀ.ਵੀ.) ਚੈਨਲ ’ਤੇ ਵਿਖਾਏ ਜਾ ਰਹੇ ਲੜੀਵਾਰ ਸੀਰੀਅਲ “ਸ਼ਾਦੀ ਤੀਨ ਕਰੋੜ ਕੀ” ਵਿਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਸਮਾਜ ਵਿਚ ਊਚ-ਨੀਚ ਦੀ ਭਾਵਨਾਂ ਨੂੰ ਉਤਸ਼ਾਹਤ ਕੀਤੇ ਜਾਣ ਦੀ ਕਾਰਵਾਈ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਹ ਲੜੀਵਾਰ ਸੀਰੀਅਲ ਤੁਰੰਤ ਬੰਦ ਕੀਤੇ ਜਾਣ ਲਈ ਕਿਹਾ ਹੈ।
ਇਥੋਂ ਜ਼ਾਰੀ ਇਕ ਪ੍ਰੈੱਸ ਰਲੀਜ਼ ’ਚ ਉਨ੍ਹਾਂ ਕਿਹਾ ਕਿ ਅਜਿਹਾ ਸੀਰੀਅਲ ਜੋ ਸਮਾਜ ਨੂੰ ਸੁਚੱਜੀ ਸੇਧ ਨਹੀਂ ਦਿੰਦਾ ਬਲਕਿ ਸਮਾਜ ਦੇ ਕਿਸੇ ਉਚੇ ਸੁੱਚੇ ਸਭਿਆਚਾਰ ਨੂੰ ਠੇਸ ਪਹੁੰਚਾਉਂਦਾ ਹੋਵੇ ਨੂੰ ਪ੍ਰਸਾਰਤ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿੱਖ ਭਾਈਚਾਰੇ ’ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਟੀ.ਵੀ. ਚੈਨਲ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਅਜਿਹੇ ਸੀਰੀਅਲ ਦਾ ਪ੍ਰਸਾਰਨ ਤੁਰੰਤ ਬੰਦ ਕਰਨ।