ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਸਾਨ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ 1960 ਵਿੱਚ ਪੰਜਾਬ ਅੰਦਰ ਜਿਥੇ ਪ੍ਰਤੀ ਹੈਕਟੇਅਰ ਸਿਰਫ਼ ਇਕ ਕਿਲੋ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ ਸੀ ਉਹ ਵਧ ਕੇ ਹੁਣ 213 ਕਿਲੋ ਪ੍ਰਤੀ ਹੈਕਟੇਅਰ ਹੋ ਗਈ ਹੈ। ਇਹ ਅੰਧਾਧੁੰਦ ਵਰਤੋਂ ਸਿਰਫ ਸਾਡੇ ਖਰਚੇ ਹੀ ਨਹੀਂ ਵਧਾਉਂਦੀ ਸਗੋਂ ਜ਼ਮੀਨ ਅੰਦਰ ਨਾਈਟਰੇਟ ਤੱਤਾਂ ਦਾ ਵੀ ਵਾਧਾ ਕਰਦੀ ਹੈ ਅਤੇ ਕੁਝ ਫ਼ਸਲਾਂ ਨੂੰ ਕੀੜੇ ਮਕੌੜੇ ਵੀ ਵੱਧ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਆਖਿਆ ਕਿ ਹਰਾ ਪੱਤਾ ਚਾਰਟ ਦੀ ਵਰਤੋਂ ਨਾਲ ਝੋਨੇ ਦੀ ਫ਼ਸਲ ਨੂੰ ਸਹੀ ਖਾਦਾਂ ਪਾਓ। ਡਾ: ਕੰਗ ਨੇ ਆਖਿਆ ਕਿ ਜ਼ਮੀਨ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਸੂਬੇ ਵਿੱਚ ਤਕਰੀਬਨ ਸਾਢੇ ਬਾਰਾਂ ਲੱਖ ਟਿਊਬਵੈਲ ਲਗਾਏ ਜਾ ਚੁੱਕੇ ਹਨ। ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਵਿੱਚ ਪਾਣੀ ਦੀ ਸਥਿਤੀ ਗੰਭੀਰ ਹੈ। ਜੇਕਰ ਸਮੇਂ ਸਿਰ ਢੁੱਕਵੇਂ ਪ੍ਰਬੰਧ ਨਾ ਕੀਤੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਪਾਣੀ ਦਾ ਪੱਧਰ ਹੋਰ ਹੇਠਾਂ ਚਲਾ ਜਾਵੇਗਾ। ਖੇਤੀ ਵਿਭਿੰਨਤਾ ਰਾਹੀਂ ਪਾਣੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਵੀ ਦਿਨੋ ਦਿਨ ਮਾੜੀ ਹੁੰਦੀ ਜਾ ਰਹੀ ਹੈ। ਸਬਮਰਸੀਬਲ ਪੰਪਾਂ ਕਾਰਨ ਬਿਜਲੀ ਦੀ ਲੋੜ ਵਿੱਚ ਵਾਧਾ ਹੋਣ ਲੱਗਾ ਹੈ ਜਿਸ ਕਾਰਨ ਉਤਪਾਦਨ ਖਰਚੇ ਵੱਧ ਰਹੇ ਹਨ।
ਡਾ: ਕੰਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਖੇਤੀ ਘਣਤਾ ਕਾਰਨ ਪੰਜਾਬ ਦੀ ਜ਼ਮੀਨ ਵਿੱਚ ਜ਼ਿੰਕ, ਮੈਗਨੀਜ਼ ਅਤੇ ਲੋਹੇ ਦੀ ਕਮੀ ਮੁੱਖ ਸਮੱਸਿਆ ਵਾਂਗ ਉਭਰ ਰਹੀ ਹੈ ਇਸ ਲਈ ਫਸਲਾਂ ਦੀ ਰਹਿੰਦ ਖੂੰਹਦ ਜੋ ਹਰ ਸਾਲ ਤਕਰੀਬਨ 37 ਮੀਟਰਕ ਟਨ ਪੈਦਾ ਹੁੰਦੀ ਹੈ ਉਸ ਦੀ ਯੋਗ ਵਰਤੋਂ ਹੋਣੀ ਚਾਹੀਦੀ ਹੈ। ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਜਲਾ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰੋ। ਉਨ੍ਹਾਂ ਆਖਿਆ ਕਿ ਫਸਲਾਂ ਦੀ ਰਹਿੰਦ–ਖੂੰਹਦ ਦੀ ਢੁੱਕਵੀਂ ਵਰਤੋਂ ਲਈ ਤਕਨਾਲੋਜੀ ਵਿਕਸਤ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਕ ਟਨ ਪਰਾਲੀ ਸਾੜਨ ਨਾਲ 6 ਕਿਲੋ ਨਾਈਟਰੋਜਨ, ਇੱਕ ਕਿਲੋ ਫਾਸਫੋਰਸ ਅਤੇ 11.5 ਕਿਲੋ ਪੋਟਾਸ਼ੀਅਮ ਦਾ ਨੁਕਸਾਨ ਹੁੰਦਾ ਹੈ। ਇਕ ਟਨ ਕਣਕ ਦੀ ਰਹਿੰਦ–ਖੂੰਹਦ ਸਾੜਨ ਨਾਲ 5 ਕਿਲੋ ਨਾਈਟਰੋਜਨ, ਅੱਧਾ ਕਿਲੋ ਫਾਸਫੋਰਸ ਅਤੇ 10 ਕਿਲੋ ਪੋਟਾਸ਼ੀਅਮ ਤੱਤ ਨਸ਼ਟ ਹੋ ਜਾਂਦੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਆਖਿਆ ਕਿ ਯੂਨੀਵਰਸਿਟੀ ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ ਲਗਾਇਆ ਜਾਣ ਵਾਲਾ ਛੇਵਾਂ ਕਿਸਾਨ ਮੇਲਾ ਗੁਰਦਾਸਪੁਰ ਵਿਖੇ 22 ਮਾਰਚ ਨੂੰ ਹੋਵੇਗਾ। ਉਨ੍ਹਾਂ ਆਖਿਆ ਕਿ ਕਿਸਾਨ ਭਰਾ ਮਾਹਿਰਾਂ ਨਾਲ ਲਗਾਤਾਰ ਰਾਬਤਾ ਰੱਖਣ ਅਤੇ ਖੇਤੀ ਸਾਹਿਤ ਪੜ੍ਹਨ ਦੀ ਆਦਤ ਪਾਉਣ ਕਿਉਂਕਿ ਖੇਤੀ ਹੁਣ ਗਿਆਨ ਤੇ ਅਧਾਰਿਤ ਕਿੱਤਾ ਬਣ ਚੁੱਕੀ ਹੈ। ਡਾ: ਗਿੱਲ ਨੇ ਆਖਿਆ ਕਿ ਗਿਆਨ ਵਿਗਿਆਨ ਅਧਾਰਿਤ ਖੇਤੀ ਨਾਲ ਹੀ ਭਵਿੱਖ ਦੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇਗਾ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਮੈਂਬਰ ਸਰਦਾਰਨੀ ਉਰਵਿੰਦਰ ਕੌਰ ਗਰੇਵਾਲ ਤੋਂ ਇਲਾਵਾ ਇਸ ਮੌਕੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਅਮਰੀਕਾ ਤੋਂ ਡਾ: ਕੁਲਵਿੰਦਰ ਗਿੱਲ ਅਤੇ ਪਰਡਿਊ ਯੂਨੀਵਰਸਿਟੀ ਅਮਰੀਕਾ ਦੇ ਵਿਗਿਆਨੀ ਡਾ: ਰਘੂ ਤੋਂ ਇਲਾਵਾ ਸਾਬਕਾ ਪਸਾਰ ਸਿੱਖਿਆ ਨਿਰਦੇਸ਼ਕ ਡਾ: ਨਛੱਤਰ ਸਿੰਘ ਮੱਲ੍ਹੀ, ਕੀਟ ਵਿਗਿਆਨ ਵਿਭਾਗ ਦੇ ਸਾਬਕਾ ਮੁਖੀ ਡਾ: ਨਛੱਤਰ ਸਿੰਘ ਬੁੱਟਰ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਫਲੋਰੀਕਲਚਰ ਡਾ: ਰਮੇਸ਼ ਕੁਮਾਰ ਸਦਾਵਰਤੀ, ਹਾਊਸਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ, ਝੁੱਗੀਆਂ ਝੌਪੜੀਆਂ ਵਿੱਚ ਵਸਦੇ ਕਬੀਲਿਆਂ ਦੇ ਗਰੀਬ ਬੱਚਿਆਂ ਲਈ ਮੁਫਤ ਸਿੱਖਿਆ ਦੀਆਂ ਸੰਸਥਾਵਾਂ ਚਲਾ ਰਹੇ ਸਮਾਜ ਸੇਵਕ ਸ: ਭਾਨ ਸਿੰਘ ਜੱਸੀ ਪੇਦਨੀ (ਸੰਗਰੂਰ) ਵੀ ਇਸ ਮੌਕੇ ਹਾਜ਼ਰ ਸਨ। ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਵੱਲੋਂ ਆਈ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਜੀ ਨੇ ਜੁਗਨੀ ਤੋਂ ਇਲਾਵਾ ਹੋਰ ਲੰਮੀ ਹੇਕ ਦੇ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਉੱਘੇ ਲੋਕ ਗਾਇਕ ਵੀਰ ਸੁਖਵੰਤ ਅਤੇ ਰਾਮ ਸਿੰਘ ਅਲਬੇਲਾ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਬੀਤੀ ਸ਼ਾਮ ਅਕਾਸ਼ਬਾਣੀ ਜਲੰਧਰ ਵੱਲੋਂ ਦਿਹਾਤੀ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਿਸਾਨ ਮੇਲੇ ਦੀ ਸਟੇਜ ਤੋਂ ਪੇਸ਼ ਕੀਤਾ ਗਿਆ ਜਿਸ ਵਿੱਚ ਅਕਾਸ਼ਬਾਣੀ ਦੇ ਕਲਾਕਾਰ ਰਾਜ ਕੁਮਾਰ ਤੁਲੀ ਅਤੇ ਸਰਬਜੀਤ ਰਿਸ਼ੀ ਨੇ ਆਪਣੀ ਕਲਾ ਦੇ ਜੌਹਰ ਵਿਖਾਏ।