ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ ਜ਼ਾਰੀ ਕੀਤੇ ਜਾਣ ਦੀ ਖ਼ਬਰ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਕਾਰਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੀ ਹੈ, ਜਿਸ ਕਾਰਨ ਸਿੱਖ ਸੰਗਤਾਂ ’ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।
ਇਥੋਂ ਜ਼ਾਰੀ ਇਕ ਪ੍ਰੈੱਸ ਰਲੀਜ਼ ’ਚ ਉਨ੍ਹਾਂ ਕਿਹਾ ਕਿ ਜਿਹੜੀ ਅਦਾਲਤ ਧਰਮ ਗ੍ਰੰਥਾਂ ਦੀ ਸੌਂਹ ਚੁੱਕਣ ਵਾਲਿਆਂ ਦੇ ਹਰ ਸ਼ਬਦ ’ਤੇ ਵਿਸ਼ਵਾਸ਼ ਕਰਦੀ ਹੈ ਉਸ ਅਦਾਲਤ ਵਲੋਂ ਧਰਮ ਗ੍ਰੰਥ ਨੂੰ ਤਲਬ ਕੀਤੇ ਜਾਣ ਦੀ ਗੱਲ ਕਰਨਾ, ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਤਬੇ ਅਤੇ ਮਾਣ ਸਤਿਕਾਰ ਪ੍ਰਤੀ ਅਗਿਆਨਤਾ ਜ਼ਾਹਿਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਤਬਾ ਕਿਸੇ ਦੁਨਿਆਵੀ ਅਦਾਲਤ ਦਾ ਮੁਥਾਜ ਨਹੀਂ। ਸਿੱਖ ਧਰਮ ਦੀ ਉਚੀ-ਸੁਚੀ ਰਵਾਇਤ ਅਨੁਸਾਰ ਸਮੁੱਚੀ ਮਨੁੱਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ’ਤੇ ਸਤਿਕਾਰ ਨਾਲ ਸੀਸ ਝੁਕਾਉਂਦੀ ਹੈ। ਕਿਸੇ ਦੁਨਿਆਵੀ ਅਦਾਲਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਪੁਰ ਅਜਿਹੀ ਕਾਰਵਾਈ ਕਰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕੀਤੇ ਜਾਣ ਦੇ ਤੁਲ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਮਾਨਯੋਗ ਅਦਾਲਤ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁਖ ਰੱਖਦਿਆਂ ਸੰਮਨ ਵਾਪਸ ਲਏ ਜਾਣ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਾਰਵਾਈ ਦਾ ਨੋਟਿਸ ਲੈਂਦਿਆਂ ਉਚਿਤ ਕਾਰਵਾਈ ਕਰਨ।