ਤਿਰਪੋਲੀ- ਫਰਾਂਸ ਨੇ ਲੀਬੀਆ ਤੇ ਹਵਾਈ ਹਮਲਾ ਕਰ ਦਿੱਤਾ ਹੈ। ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਬੇਨਗਾਜ਼ੀ ਸ਼ਹਿਰ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਦੇ ਚਾਰ ਟੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਲੀਬੀਆ ਤੇ ਨੋ ਫਲਾਈ ਜੋਨ ਲਾਗੂ ਕਰਨ ਤੋਂ ਬਾਅਦ ਇਹ ਪਹਿਲਾ ਹਮਲਾ ਹੈ। ਫਰਾਂਸੀਸੀ ਰੱਖਿਆ ਮੰਤਰਾਲੇ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ 20 ਲੜਾਕੂ ਜਹਾਜ਼ ਸ਼ਾਮਿਲ ਸਨ। ਰੂਸ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਲੀਬੀਆ ਤੇ ਮਿਲਟਰੀ ਐਕਸ਼ਨ ਦੀ ਜਰੂਰਤ ਨਹੀਂ ਸੀ।
ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਨੇ ਕਿਹਾ ਸੀ ਕਿ ਅਜਾਦੀ ਦੀ ਮੰਗ ਕਰ ਰਹੇ ਅਰਬ ਲੋਕਾਂ ਦੀ ਸਹਾਇਤਾ ਕਰਨਾ ਫਰਾਂਸ ਦਾ ਫਰਜ ਹੈ।ਫਰਾਂਸ ਅਰਬ ਦੇਸ਼ਾਂ ਨਾਲ ਮਿਲ ਕੇ ਲੀਬੀਆ ਤੇ ਹਮਲਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਲੀਬੀਆ ਦੇ ਖਿਲਾਫ਼ ਪ੍ਰਸਤਾਵ ਪਾਸ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਵਿਦੇਸ਼ੀ ਹਵਾਈ ਸੈਨਾ ਨੇ ਲੀਬੀਆ ਦੀ ਸੀਮਾ ਅੰਦਰ ਉਡਾਣ ਭਰੀ ਹੈ ਅਤੇ ਉਸ ਤੇ ਹਮਲਾ ਕੀਤਾ ਹੈ।