ਜਿੰਨਾਂ ਰਾਹਾਂ ਤੇ ਮੈਂ ਤੁਰਿਆਂ ਜਾਵਾਂ ਵਾਪਸ ਜਾਣ ਜੋਗਾ ਨਹੀਂ।
ਗ਼ਮਾਂ ਤੇ ਸ਼ਰਾਬ ਬੁੱਲ੍ਹ ਮੇਰੇ ਸਿਉਂਤੇ ਗ਼ਜ਼ਲਾਂ ਗਾਉਣ ਜੋਗਾ ਨਹੀਂ।
ਕਾਹਤੋਂ ਹੋਸ਼ ਕਰਾਂ ਹੋਸ਼ ਦੇ ਵਿੱਚ ਮੈਨੂੰ ਗ਼ਮ ਸਤਾਉਂਦੇ ਨੇ
ਟੁੱਟਿਆ ਦਿਲ ਲੈਕੇ ਦੁੱਖਾਂ ਨਾਲ ਮੈਂ ਮੱਥਾ ਲਾਉਣ ਜੋਗਾ ਨਹੀਂ।
ਸ਼ਰਮ ਸ਼ਰਾਬੀ ਹੋਣੋਂ ਕਿਉਂ ਕਰਾਂ ਯਾਰੋ ਬਦਨਾਮ ਪਹਿਲਾਂ ਹੀ ਹਾਂ
ਖੁੱਲ੍ਹਕੇ ਚੁਗਲੀ ਕਰੋ ਮੇਰੀ ਮੈਂ ਪਿਆਲਾ ਮੂੰਹੋਂ ਹਟਾਉਣ ਜੋਗਾ ਨਹੀਂ।
ਮੁਹੱਬਤ ਕਰਕੇ ਧਾਰਿਆ ਸੀ ਮਜ਼ਹਬ ਜੱਗ ਨੇ ਕਾਫ਼ਿਰ ਬਣਾਇਆ
ਮਾਸ਼ੂਕ ਨਿੱਕਲਿਆ ਬੇਵਫ਼ਾ ਹੁਣ ਮੋਮਨਾਂ ਵਿੱਚ ਨਾਂ ਲਿਖਾਉਣ ਜੋਗਾ ਨਹੀਂ।
ਜਾਣਦਾ ਹਾਂ ਮੇਰੇ ਕਦਮ ਹੇਠਲਾ ਰਾਹ ਨਰਕਾਂ ਵੱਲ ਮੈਨੂੰ ਲਿਜਾਂਦਾ
ਆਪਣੀ ਹਾਲਤ ਉੱਤੇ ਸੋਕੇ ਮਾਰੇ ਨੈਣੋਂ ਅਥਰੂ ਵਹਾਉਣ ਜੋਗਾ ਨਹੀਂ।
ਚੰਦ ਸੂਰਜ ਸਭ ਸੁੱਖ ਵੇਲੇ ਦੋਸਤ, ਦੁੱਖਾਂ ਵੇਲੇ ਛਿਪ ਜਾਂਦੇ
ਪੀੜਾਂ ਦੇ ਹਨੇਰੇ ਮੇਰਾ ਰਸਤਾ ਛਿਪਿਆ ਮਸ਼ਾਲ ਜਗਾਉਣ ਜੋਗਾ ਨਹੀਂ।
ਬੇਮੌਕੇ ਬੇਦਰਦਾਂ ਨੂੰ ਯਾਦ ਕਰਕੇ ਮੇਰੇ ਕਦਮ ਡਗਮਗਾ ਜਾਂਦੇ
ਜਿੰਦਗੀ ਨਹੀਂ ਮੈਂ ਮੌਤ ਨੂੰ ਵੀ ਮੂੰਹ ਦਿਖਾਉਣ ਜੋਗਾ ਨਹੀਂ।