ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਚਕਾਰ ਅੱਜ ਅਕਾਦਮਿਕ ਖੇਤਰ ਵਿਚ ਦੁਵੱਲੇ ਸਹਿਯੋਗ ਲਈ ਇਕਰਾਰਨਾਮੇ ਤੇ ਦਸਤਖਤ ਕਰਦਿਆਂ ਵਾਸ਼ਿਗਟਨ ਸਟੇਟ ਯੂਨੀਵਰਸਿਟੀ ਦੇ ਪੁਲਮੈਨ ਦੇ ਕਾਰਜਕਾਰੀ ਵਾਈਸ ਪਰੈਜੀਡੈਂਟ ਡਾ. ਬਾਰਬਿਕ ਬੈਲੀ ਨੇ ਕਿਹਾ ਕਿ ਇਸ ਨਾਲ ਖੇਤੀਬਾੜੀ ਵਿਗਿਆਨ ਲਈ ਪੀ.ਐਚ.ਡੀ. ਪ੍ਰੋਗਰਾਮਾਂ ਵਾਸਤੇ ਚੰਗੀ ਸ਼ੁਰੂਆਤ ਲਈ ਖੇਤੀਬਾੜੀ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਵਿਚ ਪੀ.ਐਚ.ਡੀ ਕਰਨ ਵਾਲੇ ਵਿਦਿਆਰਥੀ ਹੁਣ ਆਪਣੀ ਅਕਾਦਮਿਕ ਅਤੇ ਖੋਜ ਸਮਰਥਾ ਵਧਾ ਸਕਣਗੇ। ਇਸ ਮੰਤਵ ਲਈ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਉਚ ਪੱਧਰੀ ਵਫਦ, ਜਿਸਦੀ ਰਹਿਨੁਮਾਈ ਯੂਨੀਵਰਸਿਟੀ ਦੇ ਪਰੋਵੋਸਟ ਅਤੇ ਕਾਰਜਕਾਰੀ ਮੀਤ ਪ੍ਰਧਾਨ ਡਾ. ਬਾਰਬਿਕ ਬੇਲੀ ਕਰ ਰਹੇ ਸਨ, ਵਲੋਂ ਇਕਰਾਰਨਾਮੇ ਸੰਬੰਧੀ ਵਿਚਾਰ ਚਰਚਾ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। ਅਮਰੀਕਾ ਤੋਂ ਆਏ ਵਫਦ ਵਿੱਚ ਡਾ. ਪ੍ਰੇਮਾਂ ਅਰਾਸੂ, ਵਾਈਸ ਪਰੋਵੋਸਟ ਅਤੇ ਸਹਿਯੋਗੀ ਮੀਤ ਪ੍ਰਧਾਨ (ਅੰਤਰਰਾਸ਼ਟਰੀ ਪ੍ਰੋਗਰਾਮ), ਪ੍ਰੋਫੈਸਰ ਅਤੇ ਕਣਕ ਸੁਧਾਰ ਲਈ ਬੋਗਲ ਦੇ ਚੇਅਰਮੈਨ, ਡਾ. ਕੁਲਵਿੰਦਰ ਗਿੱਲ, ਡਾ. ਸ਼ੋਲੀਨ ਚਿਨ, ਬਾਇਓਪ੍ਰੋਸੈਸਿੰਗ ਅਤੇ ਬਾਇਓਪਰੋਡਕਟ ਇੰਜਨੀਅਰਿੰਗ ਦੇ ਪ੍ਰੋਫੈਸਰ ਅਤੇ ਡਾ. ਡੇਵਿਡ ਸਪਰੋਟ ਤੋਂ ਬਿਨਾਂ ਡਾ. ਮਹੇਸ਼ ਬੁਲੇ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਦੁਵੱਲੇ ਸਹਿਯੋਗ ਨਾਲ ਯਕੀਨਨ ਸਾਨੂੰ ਲਾਭ ਹੋਵੇਗਾ ਜਿਵੇਂ ਅੱਧੀ ਸਦੀ ਪਹਿਲਾਂ ਅਮਰੀਕਾ ਦੀ ਹਾਇਓ ਸਟੇਟ ਯੂਨੀਵਰਸਿਟੀ ਨੇ ਸਾਡੇ ਚਾਲੀ ਵਿਗਿਆਨੀ ਸਿਖਿਅਤ ਕੀਤੇ ਸਨ। ਉਹਨਾਂ ਆਖਿਆ ਕਿ ਡਾ. ਨੋਰਮਨ ਈ.ਬੋਰਲਾਗ ਨੇ ਇਸੇ ਸੰਪਰਕ ਵਿਚੋਂ ਹੀ ਯੂਨੀਵਰਸਿਟੀ ਨਾਲ ਨਾਤਾ ਜੋੜਿਆ ਅਤੇ ਹਰਾ ਇਨਕਲਾਬ ਆਇਆ। ਉਹਨਾਂ ਡਾ. ਕੁਲਵਿੰਦਰ ਗਿੱਲ ਦੀ ਸ਼ਲਾਘਾ ਕੀਤੀ ਜਿਨਾਂ ਨੇ ਵਾਸ਼ਿਗਟਨ ਸਟੇਟ ਯੂਨੀਵਰਸਿਟੀ ਵਲੋਂ ਸਾਡੇ ਪੀ.ਐਚ.ਡੀ ਵਿਦਿਆਰਥੀਆਂ ਦੀ ਸਮੁੱਚੀ ਫੀਸ ਮੁਆਫ ਕਰਨ ਦਾ ਫੈਸਲਾ ਕਰਵਾਇਆ ਹੈ। ਵਫਦ ਦੇ ਮੈਂਬਰਾਂ ਨੂੰ ਡਾ. ਕੰਗ ਵਲੋਂ ਜਲ ਸੋਮਿਆਂ ਦੀ ਬੱਚਤ ਸੰਬੰਧੀ ਸੰਪਾਦਤ ਪੁਸਤਕ ਵੀ ਭੇਂਟ ਕੀਤੀ ਗਈ। ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਵਾਸ਼ਿਗਟਨ ਸਟੇਟ ਯੂਨੀਵਰਸਿਟੀ ਵਲੋਂ ਬੋਲਦਿਆਂ ਡਾ. ਬੈਲੀ ਨੇ ਕਿਹਾ ਕਿ ਹਰੇ ਇਨਕਲਾਬ ਤੋਂ ਬਾਅਦ ਹੁਣ ਸਦਾ ਬਹਾਰ ਖੇਤੀ ਇਨਕਲਾਬ ਲਈ ਪੰਜਾਬ ਖੇਤੀਬਾਯੀ ਯੂਨੀਵਰਸਿਟੀ ਦੇ ਅਸੀਂ ਸਹਿਯੋਗੀ ਬਣਾਗੇ ਅਤੇ ਦੋਵੇਂ ਯੂਨੀਵਰਸਿਟੀਆਂ ਰਲ ਕੇ ਉਚ ਮਿਆਰੀ ਸਿਖਿਆ ਦੇ ਸਹਾਰੇ ਭਵਿੱਖ ਦੀ ਅਨਾਜ ਸਰਖਿਆ ਯਕੀਨੀ ਬਨਾਉਣਗੀਆਂ। ਯੂਨੀਵਰਸਿਟੀ ਦੇ ਡੀਨ ਪੌਸਟਗਰੈਡੂਏਟ ਸਟੱਡੀਜ਼ ਡਾ. ਗੁਰਸ਼ਰਨ ਸਿੰਘ ਅਤੇ ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਤੋਂ ਇਲਾਵਾ ਸੰਚਾਰ ਕੇਂਦਰ ਦੇ ਅੱਪਰ ਨਿਰਦੇਸ਼ਕ ਡਾ. ਜਗਤਾਰ ਸਿੰਘ ਧੀਮਾਨ ਨੇ ਵੀ ਇਸ ਮੌਕੇ ਸੰਬੋਧਨ ਕੀਤਾ।