ਲੁਧਿਆਣਾ – ਸ. ਗੁਰਚਰਨ ਸਿੰਘ ਸ਼ਿੰਗਾਰ ਦੀ ਅਗਵਾਈ ਵਿਚ ਪਿਛਲੇ ਲੰਮੇ ਸਮੇ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਫੁਲਤਾ ਲਈ ਯਤਨਸ਼ੀਲ ਸੰਸਥਾ ਬਾਬਾ ਬੁੱਲ੍ਹੇ ਸ਼ਾਹ ਫਾਂਊਡੇਸ਼ਨ ਵਲੋਂ ਪਿਛਲੇ ਦਿਨੀ ਅਯੋਜਤ ਇਕ ਵਿਸ਼ੇਸ਼ ਸਮਾਗਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਮੰਚ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਨੂੰ ਸਾਮਜ ਸੇਵਾ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਸ੍ਰੀ ਗੁਰਭਜਨ ਗਿੱਲ ਵਲੋਂ ਕੀਤੀ ਗਈ ਜਦੋਂ ਕਿ ਡਾ. ਜਗਤਾਰ ਸਿੰਘ ਧੀਮਾਨ ਮੁਖ ਮਹਿਮਾਨ ਅਤੇ ਭਾਰਤੀ ਖੇਤੀ ਖੋਜ ਸੰਸਥਾ ਦਿੱਲੀ ਦੇ ਫਲੋਰੀਕਰਚਰ ਦੇ ਡਾਇਰੈਕਟਰ ਡਾ. ਰਮੇਸ਼ ਕੁਮਾਰ ਸਦਾਵਰਤੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਇਕੱਤਰ ਕਲਾਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਮਨੁੱਖੀ ਵਿਕਾਸ ਵਿਚ ਮਾਂ ਬੋਲੀ ਦੀ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਸਾਨੂੰ ਦੁਨੀਆਂ ਦੀਆਂ ਵੱਧ ਤੋਂ ਵੱਧ ਭਾਸ਼ਾਵਾ ਸਿੱਖਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਨਾਲ ਜੁੜਕੇ ਰਹਿਣਾ ਚਾਹੀਦਾ ਹੈ। ਸ੍ਰੀ ਗੁਰਭਜਨ ਗਿੱਲ ਨੇ ਸ੍ਰੀ ਬਾਵਾ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਦਮਸ਼ੀਲ ਪੰਜਾਬੀਆਂ ਕਰਕੇ ਹੀ ਅੱਜ ਸਾਡੀ ਮਾਂ ਬੋਲੀ ਪੰਜਾਬੀ ਅਤੇ ਸਭਿਆਚਾਰ ਦਾ ਵਿਸ਼ਵ ਵਿਚ ਬੋਲਬਾਲਾ ਹੈ।
ਸਨਮਾਨ ਮੌਕੇ ਸ੍ਰੀ ਬਾਵਾ ਨੂੰ ਦਿੱਤੇ ਸ਼ੋਭਾ ਪੱਤਰ ਨੂੰ ਪੜਦਿਆਂ ਫਾਂਊਡੇਸ਼ਨ ਦੇ ਸਕੱਤਰ ਜਨਰਲ ਨਿਰਮਲ ਜੌੜਾ ਨੇ ਦੱਸਿਆ ਕਿ ਸ੍ਰੀ ਬਾਵਾ ਨੇ ਕੁੜੀਆਂ ਦੀ ਲੋਹੜੀ ਮਨਾਉਣ ਦੀ ਪਿਰਤ ਪਾਕੇ ਔਰਤ ਨੂੰ ਸਨਮਾਨ ਦਿੱਤਾ ਹੈ। ਨਿਰਮਲ ਜੌੜਾ ਨੇ ਕਿਹਾ ਕਿ ਸ੍ਰੀ ਬਾਵਾ ਪਿਛਲੇ ਵੀਹ ਸਾਲ ਤੋਂ ਪੰਜਾਬੀ ਮਾਂ ਬੋਲੀ ਤੇ ਸਭਿਆਚਾਰ ਦੇ ਵਿਕਾਸ ਲਈ ਮਾਲਵਾ ਸਭਿਆਚਾਰਕ ਮੰਚ ਦੀ ਅਗਵਾਈ ਕਰਦੇ ਹੋਏ ਕਲਾਕਾਰਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਉਤਸ਼ਾਹਤ ਕਰ ਰਹੇ ਹਨ।ਇਹ ਸਨਮਾਨ ਹਾਂਸਲ ਕਰਦਿਆਂ ਸ੍ਰੀ ਬਾਵਾ ਨੇ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਫਾਂਊਡੇਸ਼ਨ ਵਲੋਂ ਮਿਲਿਆ ਇਹ ਸਨਮਾਨ ਮੈਨੂੰ ਸਮਾਜ ਸੇਵਾ, ਮਾਂ ਬੋਲੀ ਅਤੇ ਸਭਿਆਚਾਰ ਪ੍ਰਤੀ ਮੇਰੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਰਹੇਗਾ। ਇਸ ਮੌਕੇ ਡਾ. ਦਲਜੀਤ ਸਿੰਘ ਢਿੱਲੋਂ ਸ. ਸੰਤੋਖ ਸਿੰਘ ਸੁਖਾਣਾ, ਸ. ਜਸਮੇਰ ਸਿੰਘ ਢੱਟ, ਸ. ਕੰਵਲਜੀਤ ਸਿੰਘ ਸ਼ੰਕਰ, ਸ. ਕੁਲਵੰਤ ਸਿੰਘ ਬਸਰਾ, ਸ੍ਰੀ ਜੱਸੀ ਪੇਦਨੀ ਸਮੇਤ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।