ਵਾਸਿੰਗਟਨ- ਕੈਲੀਫੋਰਨੀਆਂ ਵਿੱਚ ਟਰਾਈ ਵੈਲੀ ਵਿਦਿਅਕ ਅਦਾਰੇ ਵਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਤੋਂ ਬਆਦ ਆਈ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ। ਪਿੱਛਲੇ ਦਿਨੀਂ ਟਰਾਈ ਵੈਲੀ ਸੰਸਥਾ ਨੂੰ ਧੋਖੇਬਾਜ਼ੀ, ਜਾਲਸਾਜ਼ੀ ਅਤੇ ਵੀਜਾ ਨਿਯਮਾਂ ਦਾ ਉਲੰਘਣ ਕਰਨ ਕਰਕੇ ਬੰਦ ਕਰ ਦਿੱਤਾ ਗਿਆ ਸੀ। ਜਿਸ ਵਿੱਚ 95 ਫੀਸਦੀ ਵਿਦਿਆਰਥੀ ਭਾਰਤ ਦੇ ਹਨ। 1555 ਵਿਦਿਆਰਥੀਆਂ ਦੇ ਭਵਿਖ ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ।
ਕਰੋਨੀਕਲ ਆਫ਼ ਹਾਇਰ ਐਜੂਕੇਸ਼ਨ ਦੁਆਰਾ ਜਾਰੀ ਰਿਪੋਰਟ ਅਨੁਸਾਰ,’ ਜਿਆਦਾਤਰ ਕਾਲਜਾਂ ਨੂੰ ਮਾਨਤਾ ਪ੍ਰਾਪਤ ਨਹੀਂ ਹੈ, ਉਹ ਸੰਘੀ ਨਿਯਮਾਂ ਦਾ ਫਾਇਦਾ ਉਠਾ ਰਹੇ ਹਨ ਅਤੇ ਜਿਆਦਾਤਰ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਿਲਾ ਦੇ ਰਹੇ ਹਨ। ਅਮਰੀਕਾ ਵਿੱਚ ਕੰਮ ਕਰਨ ਦਾ ਮੌਕਾ ਦੇਣ ਦੀ ਗੱਲ ਕਰ ਕੇ ਉਨ੍ਹਾਂ ਤੋਂ ਤਿੰਨ ਹਜ਼ਾਰ ਡਾਲਰ ਤੋਂ ਜਿਆਦਾ ਫੀਸ ਵਸੂਲ ਕਰ ਰਹੇ ਹਨ। ਕੈਲੀਫੋਰਨੀਆਂ ਅਤੇ ਵਰਜੀਨੀਆਂ ਵਿੱਚ ਇਹ ਧੰਧਾ ਕਾਫ਼ੀ ਫੱਲਫੁੱਲ ਰਿਹਾ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਟੀਵੀਯੂ ਬਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਕਈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਅਮਰੀਕਾ ਦੀ ਡਿਗਰੀ ਹੋਣ ਕਰਕੇ ਚੰਗੀ ਨੌਕਰੀ ਮਿਲ ਜਾਂਦੀ ਹੈ।