ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ’ਚ ਲਾਹੌਰ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਅਸਥਾਨ ਚੂਨਾ ਮੰਡੀ ਦੇ ਨਾਲ ਲੱਗਦੇ ਗੁਰਦੁਆਰਾ (ਦੀਵਾਨ ਖਾਨਾ) ਦੀ ਜਗ੍ਹਾ ਪੁਰ ਪਲਾਜ਼ਾ ਬਣਾਏ ਜਾਣ ਸਬੰਧੀ ਛਪੀਆਂ ਖਬਰਾਂ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਪਾਕਿਸਤਾਨ ਸਰਕਾਰ ਨੂੰ ਅਪੀਲ਼ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਜਮੀਨ ਹਥਿਆਉਣ ਦੀ ਕਾਰਵਾਈ ਤੁਰੰਤ ਬੰਦ ਕਰਵਾ ਕੇ ਨਜਾਇਜ ਉਸਾਰੀ ਕੀਤੀ ਇਮਾਰਤ ਢਾਹ ਕੇ ਜਮੀਨ ਗੁਰਦੁਆਰਾ ਸਾਹਿਬ ਦੇ ਹਵਾਲੇ ਕੀਤੀ ਜਾਵੇ ਤਾਂ ਜੋ ਸਿੱਖ ਸੰਗਤਾਂ ਦੇ ਹਿਰਦੇ ਸ਼ਾਤ ਹੋ ਸਕਣ।
ਇਥੋਂ ਜਾਰੀ ਇੱਕ ਪ੍ਰੈੱਸ ਰਲੀਜ਼ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੀ ਸਾਂਭ-ਸੰਭਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੀ ਹੋਈ ਹੈ। ਇਸ ਲਈ ਮਰਿਯਾਦਾ ਅਨੁਸਾਰ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਸੰਗਤਾਂ ਦੀ ਰਿਹਾਇਸ਼ ਲਈ ਸਰਾਵਾਂ, ਲੰਗਰ ਘਰ, ਅਖੰਡ ਪਾਠਾਂ ਲਈ ਸੁੰਦਰ ਅਸਥਾਨ ਤੇ ਗ੍ਰੰਥੀ ਸਿੰਘਾਂ ਦੀ ਰਿਹਾਇਸ਼ ਲਈ ਵਰਤੋਂ ਵਿਚ ਹੀ ਲਿਆਂਦੀ ਜਾਂਦੀ ਹੈ ਅਤੇ ਇਸ ਕਾਰਜ ਲਈ ਰਾਜਿਆਂ ਮਹਾਰਾਜਿਆਂ ਨੇ ਗੁਰਦੁਆਰਾ ਸਾਹਿਬਾਨ ਦੇ ਨਾਲ ਜਗੀਰਾਂ ਵੀ ਲਗਵਾਈਆਂ। ਪਰ ਐਨ ਇਸ ਦੇ ਉਲਟ ਪਾਕਿਸਤਾਨ ਵਿਚ ਕਿਸੇ ਸੋਚੀ ਸਮਝੀ ਸਾਜਿਸ਼ ਵੱਸ ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਦੀ ਦੁਰ-ਵਰਤੋਂ ਅਤੇ ਖੁਰਦ-ਬੁਰਦ ਕੀਤੇ ਦੀਆਂ ਦੁਖਦਾਈ ਖਬਰਾਂ ਨਾਲ ਸਿੱਖ ਜਗਤ ਵਿਚ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਪਾਵਨ-ਪਵਿੱਤਰ ਅਸਥਾਨ ਜਿੱਥੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ (ਸ਼ਬਦ ਹਜ਼ਾਰੇ) ਦੀ ਰਚਨਾ ਕੀਤੀ ਹੋਵੇ ਅਜਿਹੇ ਸਥਾਨ ਪੁਰ ਗੁਰੂ ਘਰ ਦੀ ਮਰਿਯਾਦਾ ਦੇ ਉਲਟ ਕਿਸੇ ਵਪਾਰਕ ਇਮਾਰਤ ਦੀ ਉਸਾਰੀ ਕੀਤੇ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਫੀ ਲੰਮਾ ਸਮਾਂ ਪਹਿਲਾਂ ਇਸ ਪਾਵਨ ਅਸਥਾਨ ਪੁਰ ਪਲਾਜ਼ਾ ਬਣਾਏ ਜਾਣ ਦੀ ਜਾਣਕਾਰੀ ਮਿਲਣ ’ਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਇਸ ਕਾਰਵਾਈ ਨੂੰ ਰੋਕਣ ਲਈ ਪਾਕਿਸਤਾਨ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਲਾਵਾ ਕਾਨੂੰਨ ਦਾ ਸਹਾਰਾ ਵੀ ਲਿਆ ਪਰ ਇਸ ਦੇ ਬਾਵਜੂਦ ਵੀ ਗੁਰਦੁਆਰਾ ਦੀਵਾਨ ਖਾਨਾ ਦੀ ਜਮੀਨ ਪੁਰ ਬੇਸਮੈਂਟ ਅਤੇ ਇਸ ਦੇ ਉੱਪਰ ਕਰੀਬ ਚਾਰ ਮੰਜ਼ਿਲਾਂ ਇਮਾਰਤ ਦਾ ਢਾਂਚਾ ਖੜ੍ਹੇ ਕੀਤੇ ਜਾਣ ਤੋਂ ਜਾਹਿਰ ਹੈ ਕਿ ਅਜਿਹਾ ਸਭ ਕੁਝ ਮਿਲੀ-ਭੁਗਤ ਨਾਲ ਹੋ ਰਿਹਾ ਹੈ ਜੋ ਬਹੁਤ ਹੀ ਦੁਖਦਾਈ, ਮੰਦਭਾਗਾ ਤੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੈ ਜਿਸ ਕਾਰਨ ਸਮੁੱਚੇ ਸਿੱਖ ਜਗਤ ਵਿਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਨਵੰਬਰ ਮਹੀਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਦੇ ਲੀਡਰ ਸ. ਸੁਵਿੰਦਰ ਸਿੰਘ ਦੋਬਲੀਆ (ਮੈਂਬਰ ਸ਼੍ਰੋਮਣੀ ਕਮੇਟੀ) ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਯੂਸੁਫ਼ ਰਜ਼ਾ ਗਿਲਾਨੀ ਨਾਲ ਮੁਲਾਕਾਤ ਦੋਰਾਨ ਗੁਰਦੁਆਰਾ ਦੀਵਾਨ ਖਾਨਾ ਦੀ ਜਮੀਨ ਪੁਰ ਪਲਾਜ਼ੇ ਦੀ ਉਸਾਰੀ ਦੀ ਕਾਰਵਾਈ ਉਨ੍ਹਾਂ ਦੇ ਨੋਟਿਸ ਵਿਚ ਲਿਆਉਣ ’ਤੇ ਪ੍ਰਧਾਨ ਮੰਤਰੀ ਜੀ ਨੇ ਪਲਾਜ਼ੇ ਨੂੰ ਤੁਰੰਤ ਢਾਹ ਦਿੱਤੇ ਜਾਣ ਦੇ ਆਦੇਸ਼ ਦਿੰਦਿਆਂ ਭਵਿੱਖ ਵਿਚ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਜਾਇਦਾਦ ਦੀ ਸਾਂਭ-ਸੰਭਾਲ ਦਾ ਭਰੋਸਾ ਦਿੱਤਾ ਸੀ ਪਰ ਮਹਿਸੂਸ ਹੁੰਦਾ ਹੈ ਕਿ ਇਸ ਭਰੋਸੇ ਨੂੰ ਸ਼ਾਇਦ ਅਮਲੀ ਰੂਪ ਨਹੀਂ ਦਿੱਤਾ ਗਿਆ। ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਚਨ ’ਤੇ ਪੂਰੇ ਉੱਤਰਨ ਤਾਂ ਜੋ ਸਿੱਖ ਸੰਗਤਾਂ ’ਚ ਉਨ੍ਹਾਂ ਪ੍ਰਤੀ ਵਿਸ਼ਵਾਸ਼ ਤੇ ਸਤਿਕਾਰ ਬਣਿਆ ਰਹੇ।
ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਡਿਪਲੋਮੈਟਿਕ ਪੱਧਰ ’ਤੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਰਾਹੀਂ ਇਤਿਹਾਸਿਕ ਗੁਰਧਾਮਾਂ ਦੀਆਂ ਜਾਇਦਾਦਾਂ ਪੁਰ ਨਜਾਇਜ ਕਬਜ਼ੇ ਅਤੇ ਦੁਰਵਰਤੋਂ ਨੂੰ ਤੁਰੰਤ ਰੁਕਵਾਉਣ। ਉਨ੍ਹਾਂ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਮਾਨਵੀ ਹੱਕਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਕਿਸਤਾਨ ਵਿਖੇ ਗੁਰਦੁਆਰਾ ਸਾਹਿਬਾਨ ਦੀ ਜਾਇਦਾਦ ਨੂੰ ਖੁਰਦ-ਬੁਰਦ ਕੀਤੇ ਜਾਣ ਵਿਰੁੱਧ ਪਾਸਿਤਾਨ ਸਰਕਾਰ ’ਤੇ ਅੰਤਰ-ਰਾਸ਼ਟਰੀ ਪੱਧਰ ਦਾ ਦਬਾਅ ਬਣਾਉਣ।
ਪਾਕਿਸਤਾਨ ਸਰਕਾਰ ਗੁਰਧਾਮਾਂ ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਰੋਕੇ- ਜਥੇਦਾਰ ਅਵਤਾਰ ਸਿੰਘ
This entry was posted in ਪੰਜਾਬ.