ਲੁਧਿਆਣਾ :- ਕਾਂਚੀ ਕਾਮਕੋਟੀ ਪੀਠ ਦੇ ਸ਼ੰਕਰਾਚਾਰੀਆ ਜਿਯੇਂਦਰ ਸਰਸਵਤੀ ਮਹਾਰਾਜ 28 ਮਾਰਚ ਨੂੰ ਜਲੰਧਰ ਵਿਖੇ ਹੋਣ ਵਾਲੇ ਇਕ ਸਮਾਜਿਕ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਹੋਣਗੇ। ਸ਼ੰਕਰਾਚਾਰੀਆ ਸਮਾਰੋਹ ਦੀ ਪੂਰਬਲੀ ਸ਼ਾਮ ਨੂੰ ਲੁਧਿਆਣਾ ਵਿਖੇ ਰਾਤ ਠਹਿਰਨਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੰਕਰਾਚਾਰੀਆ ਜਿਯੇਂਦਰ ਸਰਸਵਤੀ ਮਹਾਰਾਜ ਕੰਨਿਆਂ ਭਰੂਣ ਹੱਤਿਆ ਦੇ ਖ਼ਿਲਾਫ਼ ਜਾਰੀ ਸਮਾਜਿਕ ਮੁਹਿੰਮ ‘ਨੰਨ੍ਹੀ ਛਾਂ’ ਤਹਿਤ ਹੋਣ ਵਾਲੇ ਸਮਾਰੋਹ ਵਿਚ ਹਿੱਸਾ ਲੈਣ ਆ ਰਹੇ ਹਨ। ਇਹ ਪ੍ਰੋਗਰਾਮ ਜਲੰਧਰ ਵਿਚ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਦੇਖਰੇਖ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਇਸ ਸਮਾਜਿਕ ਮੁਹਿੰਮ ਵਿਚ ਧਰਮ ਗੁਰੂਆਂ ਨੂੰ ਵੀ ਸਹਿਯੋਗ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਦੀ ਇਸੇ ਅਪੀਲ ’ਤੇ ਸ਼ੰਕਰਾਚਾਰੀਆ ਨੇ ਨੰਨ੍ਹੀ ਛਾਂ ਦੇ ਜਾਗਰੂਕਤਾ ਪ੍ਰੋਗਰਾਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਮੌਜੂਦ ਰਹਿਣ ਦੀ ਆਗਿਆ ਪ੍ਰਦਾਨ ਕਤੀ ਹੈ। ਦੱਸਿਆ ਜਾਂਦਾ ਹੈ ਕਿ ਸ਼ੰਕਰਾਚਾਰੀਆ ਜੀ ਇਸ ਪ੍ਰੋਗ੍ਰਾਮ ਦੌਰਾਨ ਵੱਖ-ਵੱਖ ਧਰਮਾਂ ਦੇ ਮੰਨਣ ਵਾਲਿਆਂ ਨੂੰ ਕੰਨਿਆਂ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਦੇ ਖ਼ਿਲਾਫ਼ ਖੜ੍ਹੇ ਹੋਣ ਦੀ ਨਸੀਹਤ ਦੇਣਗੇ।
ਸੂਤਰ ਇਹ ਵੀ ਦੱਸਦੇ ਹਨ ਕਿ ਸੂਫੀ ਸੰਤਾਂ ਦੀ ਧਰਤੀ ਪੰਜਾਬ ਆ ਰਹੇ ਸ਼ੰਕਰਾਚਾਰੀਆ ਨੂੰ ਕੁਝ ਧਾਰਮਿਕ ਸਮਾਰੋਹਾਂ ਵਿਚ ਵੀ ਲਿਜਾਣ ਦੀ ਸਕੀਮ ਵੱਖ-ਵੱਖ ਸੰਗਠਨਾਂ ਨੇ ਬਣਾਈ ਹੈ। ਹਾਲਾਂਕਿ ਇਸਦੀ ਹਾਲੇ ਅਧਿਕਾਰਕ ਪੁਸ਼ਟੀ ਨਹੀਂ ਹੋ ਸਕੀ ਹੈ। ਪਰ, ਇਹ ਜਰੂਰ ਪਤਾ ਲੱਗਾ ਹੈ ਕਿ ਸ਼ੰਕਰਾਚਾਰੀਆ ਜਿਯੇਂਦਰ ਸਰਸਵਤੀ ਮਹਾਰਾਜ ਜਲੰਧਰ ਵਿਚ ਹੋਣ ਵਾਲੇ ਸਮਾਰੋਹ ਤੋਂ ਇਕ ਦਿਨ ਪਹਿਲਾਂ ਹੀ ਵਿਸੇਸ਼ ਜਹਾਜ਼ ਰਾਹੀਂ ਲੁਧਿਆਣਾ ਪੁੱਜ ਜਾਣਗੇ। ਲੁਧਿਆਣਾ ਵਿਚ ਉਹ ਪ੍ਰਮੁਖ ਉ¤ਦਮੀ ਅਤੇ ਸਮਾਜ ਸੇਵੀ ਰਾਕੇਸ਼ ਮਹਿਰਾ ਦੇ ਨਿਵਾਸ ਵਿਖੇ ਵਿਸ਼ਰਾਮ ਕਰਨਗੇ। ਇਸ ਦੌਰਾਨ ਵੱਖ- ਵੱਖ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਅਤੇ ਮੰਨੇ ਪ੍ਰਮੰਨੇ ਸੰਤ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਸ਼ੀਰਵਾਦ ਲੈਣਗੇ। ਨਾਲ ਹੀ ਸ਼ਹਿਰ ਦੇ ਕਈ ਪ੍ਰਮੁੱਖ ਉਦਮੀ, ਸਮਾਜਸੇਵੀ ਅਤੇ ਸਾਮਾਜਿਕ ਸੰਗਠਨਾਂ ਦੇ ਪ੍ਰਤੀਨਿਧੀ ਵੀ ਸ਼ੰਕਰਾਚਾਰੀਆ ਕੋਲੋਂ ਆਸ਼ੀਰਵਾਦ ਹਾਸਿਲ ਕਰਨ ਲਈ ਪੁੱਜਣਗੇ। ਦੱਸਦੇ ਹਨ ਕਿ ਧਾਰਮਿਕ ਆਯੋਜਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਵਾਲੇ ਮਹਿਰਾ ਪਰਿਵਾਰ ਨੇ ਇਸ ਮੌਕੇ ਵਿਸ਼ੇਸ਼ ਭੋਜ ਸਮਾਰੋਹ ਦਾ ਆਯੋਜਨ ਕਰਨ ਦੀ ਸਕੀਮ ਬਣਾਈ ਹੈ। ਜਿਸ ਵਿਚ ਸ਼ੰਕਰਾਚਾਰੀਆ ਜੀ ਦੇ ਕਰ ਕਮਲਾਂ ਤੋਂ ਸ਼ਰਧਾਲੂ ਵਿਸ਼ੇਸ਼ ਪ੍ਰਸਾਦ ਹਾਸਲ ਕਰਨਗੇ।