ਨਵੀਂ ਦਿੱਲੀ- ਵਿਕੀਲੀਕਸ ਨੇ ਇੱਕ ਹੋਰ ਸਨਸਨੀਖੇਜ਼ ਖੁਲਾਸਾ ਕੀਤਾ ਹੈ ਜਿਸ ਅਨੁਸਾਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਜਪਾ ਨੇਤਾ ਅਰੁਣ ਜੇਟਲੀ ਨੇ ਅਮਰੀਕੀ ਰਾਜਦੂਤ ਰਾਬਰਟ ਬਲੈਕ ਨਾਲ ਛੇਅ ਸਾਲ ਪਹਿਲਾਂ ਇੱਕ ਮੁਲਾਕਾਤ ਦੌਰਾਨ ਇਹ ਕਿਹਾ ਸੀ ਕਿ ਹਿੰਦੂ ਰਾਸ਼ਟਰਵਾਦ ਸਾਡੇ ਲਈ ਇੱਕ ਮੌਕਾਪ੍ਰਸਤ ਮੁੱਦਾ ਹੈ। ਵਿਕੀਲੀਕਸ ਦੇ ਖੁਲਾਸੇ ਤੋਂ ਬਾਅਦ ਜੇਟਲੀ ਨੇ ਕਿਸੇ ਵੀ ਟਿਪਣੀ ਤੋਂ ਇਨਕਾਰ ਕੀਤਾ ਹੈ।
ਭਾਰਤ ਦੇ ਇੱਕ ਅੰਗਰੇਜ਼ੀ ਦੇ ਅਖ਼ਬਾਰ ‘ਦਾ ਹਿੰਦੂ’ ਵਿੱਚ ਵਿਕੀਲੀਕਸ ਦੇ ਗੁਪਤ ਸੰਦੇਸ਼ਾਂ ਦੇ ਹਵਾਲੇ ਨਾਲ ਇੱਕ ਖ਼ਬਰ ਪ੍ਰਕਾਸਿਤ ਕੀਤੀ ਗਈ ਹੈ ਕਿ ਭਾਜਪਾ ਨੇਤਾ 6 ਮਈ 2005 ਵਿੱਚ ਨਵੀਂ ਦਿੱਲੀ ਸਥਿਤ ਅਮਰੀਕਾ ਦੇ ਰਾਜਦੂਤ ਬਲੈਕ ਨੂੰ ਮਿਲੇ ਸਨ ਅਤੇ ਹਿੰਦੂ ਰਾਜਨੀਤੀ ਬਾਰੇ ਖੁਲ੍ਹ ਕੇ ਚਰਚਾ ਕੀਤੀ ਸੀ। ਹਿੰਦੂਤੱਵ ਦੇ ਸਵਾਲ ਤੇ ਜੇਟਲੀ ਨੇ ਕਿਹਾ ਕਿ ਹਿੰਦੂ ਰਾਸ਼ਟਰਵਾਦ ਭਾਜਪਾ ਲਈ ਸਦਾ ਮੁੱਦਾ ਬਣਿਆ ਰਹੇਗਾ। ਅਮਰੀਕੀ ਦੂਤਾਵਾਸ ਵਲੋਂ ਇਸ ਨੂੰ ‘ਮੌਕਾਪ੍ਰਸਤ ਮਸਲਾ’ ਕਰਾਰ ਦਿੱਤਾ ਗਿਆ ਅਤੇ ਇਹ ਗੁਪਤ ਸੂਚਨਾ 10 ਮਈ 2005 ਵਿੱਚ ਅਮਰੀਕੀ ਦੂਤਾਵਾਸ ਤੋਂ ਅਮਰੀਕੀ ਪ੍ਰਸ਼ਾਸਨ ਨੂੰ ਭੇਜਿਆ ਗਿਆ ਸੀ।
ਅਮਰੀਕੀ ਦੂਤਾਵਾਸ ਦੀ ਭੇਜੀ ਗਈ ਸੂਚਨਾ ਅਨੁਸਾਰ, “ਭਾਰਤ ਦੇ ਪੂਰਬਉਤਰ ਇਲਾਕਿਆਂ ਵਿੱਚ ਹਿੰਦੂਤੱਵ ਦੀ ਭੂਮਿਕਾ ਅਹਿਮ ਹੁੰਦੀ ਹੈ ਕਿਉਂਕਿ ਲੋਕ ਬੰਗਲਾਦੇਸ਼ ਤੋਂ ਭਾਰਤ ਵਿੱਚ ਘੁਸਪੈਠ ਕਰਨ ਵਾਲੇ ਮੁਸਲਮਾਨਾਂ ਤੋਂ ਚਿੰਤਤ ਹਨ। ਹਾਲਾਂਕਿ ਨਵੀਂ ਦਿੱਲੀ ਵਿੱਚ ਹਿੰਦੂ ਰਾਸ਼ਟਰਵਾਦ ਦਾ ਏਨਾ ਅਸਰ ਨਹੀਂ ਹੈ ਪਰ ਜੇ ਹੁਣ ਸੀਮਾ ਪਾਰ ਤੋਂ ਅਤਵਾਦੀ ਹਮਲਾ ਹੋਇਆ ਤਾਂ ਇਸਦਾ ਜਿਆਦਾ ਅਸਰ ਹੋਵੇਗਾ।”
ਜੇਟਲੀ ਦੀ ਇਸ ਮਲਾਕਾਤ ਤੋਂ ਅਮਰੀਕੀ ਰਾਜਦੂਤ ਨੇ ਇਹ ਸਿੱਟਾ ਕਢਿਆ ਸੀ ਕਿ ਜੇਟਲੀ ਦੇ ਸੰਘ ਨਾਲ ਸਬੰਧ ਮਜਬੂਤ ਨਹੀਂ ਹਨ ਅਤੇ ਭਾਜਪਾ ਦੇ ਵੋਟ ਬੈਂਕ ਨੂੰ ਮਜਬੂਤ ਕਰਨ ਦੀ ਤਾਕਤ ਇਸ ਨੇਤਾ ਵਿੱਚ ਨਹੀਂ ਰਹੀ।