ਲੁਧਿਆਣਾ:-ਭਾਰਤ ਸਰਕਾਰ ਦੇ ਯੋਜਨਾ ਕਮਿਸ਼ਨ ਦੇ ਖੇਤੀਬਾੜੀ ਡਵੀਜ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਅਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥ ਸਾਸ਼ਤਰੀ ਡਾ: ਰਜਿੰਦਰ ਸਿੰਘ ਸਿੱਧੂ ਨੂੰ ਵਰਕਿੰਗ ਗਰੁੱਪ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਡਾ: ਸਿੱਧੂ ਉੱਤਰੀ ਭਾਰਤ ਵਿਚੋਂ 12ਵੀਂ ਪੰਜ ਸਾਲਾ ਯੋਜਨਾ ਵਿੱਚ ਸੰਸਥਾਗਤ ਵਿੱਤ, ਸਹਿਕਾਰਤਾ ਅਤੇ ਹੋਰ ਸਬੰਧਿਤ ਯੋਜਨਾਕਾਰੀ ਲਈ ਨਾਮਜ਼ਦ ਇਕੋ ਇਕ ਮੈਂਬਰ ਹਨ। ਡਾ: ਸਿੱਧੂ ਪਿਛਲੇ 25 ਸਾਲ ਤੋਂ ਖੇਤੀ ਅਰਥਚਾਰੇ ਦੇ ਨਾਲ ਸਬੰਧਿਤ ਖੇਤੀ ਵਿੱਤ ਅਤੇ ਨੀਤੀ ਵਿਸਲੇਸ਼ਣ ਨਾਲ ਸਬੰਧਿਤ ਕਾਰਜਾਂ ਵਿੱਚ ਲੱਗੇ ਹੋਏ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਦੇ ਜੰਮਪਲ ਡਾ: ਸਿੱਧੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੀ ਪੁਰਾਣੇ ਵਿਦਿਆਰਥੀ ਹਨ।
ਇਸ ਨਾਮਜ਼ਦਗੀ ਬਾਰੇ ਜਾਣਕਾਰੀ ਦਿੰਦਿਆਂ ਡਾ: ਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ 12ਵੀਂ ਪੰਜ ਸਾਲਾ ਯੋਜਨਾ ਲਈ ਬਣਾਏ ਇਸ ਵਰਕਿੰਗ ਗਰੁੱਪ ਦਾ ਮਨੋਰਥ ਖੇਤੀ ਅਰਥਚਾਰੇ ਵਿੱਚ ਕਰਜ਼ਾ ਸਹੂਲਤਾਂ ਦੇ ਮੁਲਾਂਕਣ ਅਤੇ ਭਵਿੱਖ ਮੁਖੀ ਯੋਜਨਾਕਾਰੀ ਕਰਨਾ ਹੈ ਤਾਂ ਜੋ ਯੋਗ ਦਰਾਂ ਤੇ ਕਿਸਾਨਾਂ ਨੂੰ ਸਮੇਂ ਸਿਰ ਕਰਜ਼ਾ ਮਿਲ ਸਕੇ। ਛੋਟੇ ਅਤੇ ਮੱਧਮ ਦਰਜੇ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ, ਠੇਕੇ ਤੇ ਜ਼ਮੀਨ ਲੈ ਕੇ ਵਾਹੀ ਕਰਨ ਵਾਲੇ ਕਿਸਾਨਾਂ ਅਤੇ ਭੂਮੀ ਹੀਣ ਖੇਤ ਮਜ਼ਦੂਰਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਇਹ ਯੋਜਨਾਕਾਰੀ ਯਕੀਨਨ ਲਾਹੇਵੰਦ ਹੋਵੇਗੀ। ਡਾ: ਸਿੱਧੂ ਨੇ ਦੱਸਿਆ ਕਿ ਇਸ ਵੇਲੇ 48 ਫੀ ਸਦੀ ਕਿਸਾਨ ਗੈਰ ਸੰਸਥਾਗਤ ਸੋਮਿਆਂ ਤੋਂ ਕਰਜ਼ੇ ਲੈਣ ਕਾਰਨ ਕਰਜ਼ੇ ਦੀ ਅੰਨ੍ਹੀ ਦਲਦਲ ਵਿੱਚ ਫਸੇ ਹੋਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਡਾ: ਰਜਿੰਦਰ ਸਿੰਘ ਸਿੱਧੂ ਦੀ ਇਸ ਨਾਮਜ਼ਦਗੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਵਰਗ ਦੀ ਲਿਆਕਤ ਨੂੰ ਸਲਾਮ ਮੰਨਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਦੇ ਕਿਸਾਨ ਡਾ: ਸਿੱਧੂ ਦੀ ਲਿਆਕਤ ਦਾ ਲਾਭ ਉਠਾਉਣਗੇ।