ਨਵੀਂ ਦਿੱਲੀ – ਸ. ਹਰਭਜਨ ਸਿੰਘ ਸੇਠੀ, ਚੇਅਰਮੈਨ ਯਾਤਰਾ ਪਾਕਿਸਤਾਨ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਉਥੋਂ ਦੇ ਗ੍ਰਹਿ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਭਾਰਤੀਆਂ, ਜਿਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਪਾਕਿਸਤਾਨੀ ਇਲਾਕੇ ਵਿਚ ਹੋਇਆ ਹੈ, ਨੂੰ ਵੀਜ਼ੇ ਦਿਤੇ ਜਾਣ ਤੋਂ ਇਨਕਾਰ ਨਾ ਕੀਤਾ ਜਾਏ। ਸ. ਸੇਠੀ ਨੇ ਦੱਸਿਆ ਕਿ ਪਿਛਲੇ ਵਰ੍ਹੇ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਲੋਂ ਉਨ੍ਹਾਂ ਤੀਰਥ ਯਾਤਰੀਆਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਨ੍ਹਾਂ ਦੇ ਪਾਸਪੋਰਟ ਵਿਚ ਉਨ੍ਹਾਂ ਦਾ ਜਨਮ-ਅਸਥਾਨ ਅਣਵੰਡੇ ਭਾਰਤ ਦੇ ਪਾਕਿਸਤਾਨੀ ਇਲਾਕੇ ਵਿਚ ਹੋਇਆ ਦਰਜ ਸੀ, ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਜਾਣਕਾਰੀ ਸਹੀ ਤੱਥਾਂ ਪੁਰ ਅਧਾਰਤ ਸੀ, ਕਿਉਂਕਿ ਉਨ੍ਹਾਂ ਦਾ ਜਨਮ ਉਸ ਸਮੇਂ ਪਾਕਿਸਤਾਨ ਵਾਲੇ ਇਲਾਕੇ ਵਿਚ ਹੋਇਆ ਸੀ, ਜਦੋਂ ਭਾਰਤ ਅਣਵੰਡਿਆ ਸੀ।
ਸ. ਸੇਠੀ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਪਿਛਲੇ ਵਰ੍ਹੇ ਨਵੰਬਰ 2010 ਵਿਚ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਗਏ ਜੱਥੇ ਦੇ ਮੁਖੀ ਸ. ਸੁਰਿੰਦਰ ਸਿੰਘ ਦੁਆਬੀਆ ਨੇ ਇਸਲਾਮਾਬਾਦ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਇਸ ਸਥਿਤੀ ਤੋਂ ਜਾਣੂ ਕਰਵਾਇਆ ਸੀ, ਜਿਸ ਤੇ ਉਨ੍ਹਾਂ ਵਲੋਂ ਭਰੋਸਾ ਦੁਆਇਆ ਗਿਆ ਸੀ ਕਿ ਭਵਿੱਖ ਵਿਚ ਅਜਿਹੇ ਵਿਅਕਤੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾਇਗਾ, ਜਿਨ੍ਹਾਂ ਦਾ ਜਨਮ ਅਣਵੰਡੇ ਭਾਰਤ ਦੇ ਪਾਕਿਸਤਾਨ ਦੇ ਕਿਸੇ ਇਲਾਕੇ ਵਿਚ ਹੋਇਆ ਹੈ।
ਸ. ਸੇਠੀ ਨੇ ਹੋਰ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਭਰੋਸਾ ਦੁਆਏ ਜਾਣ ਤੇ ਇਸ ਵਰ੍ਹੇ ਵਿਸਾਖੀ ਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਦੇ ਇੱਛੁਕ ਬਹੁਤ ਸਾਰੇ ਅਜਿਹੇ ਸੱਜਣਾਂ ਦੇ ਪਾਸਪੋਰਟ ਪੁੱਜੇ ਹਨ, ਜਿਨ੍ਹਾਂ ਦਾ ਜਨਮ ਭਾਰਤ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਵਿਚਲੇ ਇਲਾਕੇ ਵਿਚ ਹੋਇਆ ਹੈ। ਉਨ੍ਹਾਂ ਪਾਕਿਸਤਾਨੀ ਦੇ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੇ ਗ੍ਰਹਿ ਸਕੱਤਰ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਦੇ ਵੀਜ਼ਾ ਕੌਂਸਲਰ ਨੂੰ ਹਿਦਾਇਤ ਕਰਨ ਕਿ ਉਹ ਅਜਿਹੇ ਵਿਅਕਤੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਨਾ ਕਰਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦੇ ਵਾਸੀਆਂ ਦੇ ਇਕ-ਦੂਜੇ ਦੇ ਦੇਸ਼ ਵਿਚ ਖੁੱਲ੍ਹੇ ਆਉਣ ਜਾਣ ਨਾਲ ਕੇਵਲ ਦੋਹਾਂ ਦੇਸ਼ਾਂ ਵਿਚ ਸਦਭਾਵਨਾ ਹੀ ਨਹੀਂ ਵਧੇਗੀ ਸਗੋਂ ਬਜ਼ੁਰਗਾਂ ਦੀ ਆਪਣੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੀ ਇੱਛਾ ਵੀ ਪੂਰੀ ਹੋਵੇਗੀ।