ਡੇਟਨ (ਓਹਾਇਓ) ਅਮਰੀਕਾ:- ਵਿਸ਼ਵ ਭਰ ਦੇ ਸਿੱਖਾਂ ਵਾਂਗ ਡੇਟਨ ਦੀ ਸਿੱਖ ਸੋਸਾਇਟੀ ਨੇ ਵੀ ਸਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਬਤੌਰ ਪਹਿਲਾ ਸਿੱਖ ਵਾਤਾਵਰਨ ਦਿਵਸ ਦੇ ਤੌਰ ’ਤੇ ਨਵੇਂ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਮਨਾਇਆ। ਈਕੋ ਸਿੱਖ ਜਥੇਬੰਦੀ ਦੇ ਸੱਦੇ ਤੇ ਮਨਾਏ ਗਏ ਸਮਾਰੋਹ ਸਮੇਂ ਬੱਚਿਆਂ ਨੇ ਹਰੇ ਰੰਗ ਦਾ ਪਹਿਰਾਵਾ ਪਹਿਨਿਆ, ਔਰਤਾਂ ਨੇ ਹਰੇ ਰੰਗ ਦੇ ਸੂਟ ਪਹਿਨੇ ਤੇ ਮਰਦਾਂ ਨੇ ਹਰੇ ਰੰਗ ਦੀਆਂ ਦਸਤਾਰਾਂ ਸਜਾਈਆਂ। ਐਤਵਾਰ ਦੇ ਦੀਵਾਨ ਸਮੇਂ ਵਾਤਾਵਰਨ, ਹਵਾ, ਪਾਣੀ ਤੇ ਧਰਤੀ ਨਾਲ ਸੰਬੰਧਿਤ ਸ਼ਬਦਾਂ ਦਾ ਗਾਇਨ ਕੀਤਾ ਗਿਆ। ਰਵਜੋਤ ਕੌਰ ਨੇ ਪਵਨ ਗੁਰ, ਪਾਣੀ ਪਿਤਾ ਸ਼ਬਦ ਦਾ ਗਾਇਨ ਕੀਤਾ ਤੇ ਇਸ ਸ਼ਬਦ ਦੀ ਵਿਆਖਿਆ ਵੀ ਕੀਤੀ। ਗੁਨਮੀਤ ਕੌਰ ਨੇ ਆਰਤੀ ‘‘ਗਗਨ ਮੇਂ ਥਾਲ’’ ਤੇ ਹਰਲੀਨ ਕੌਰ ਨੇ ‘‘ਬਲਿਹਾਰੀ ਕੁਦਰਤ ਵੱਸਿਆ’’ ਸ਼ਬਦ ਦਾ ਗਾਇਨ ਕੀਤਾ। ਪ੍ਰਭਜੀਤ ਕੌਰ ਨੇ ਸ਼ਬਦ ‘‘ਸੂਰਜ ਏਕੋ ਰੁਤ ਅਨੇਕ’’ ਦਾ ਸ਼ਬਦ ਗਾਇਨ ਕੀਤਾ। ਪਾਹੁਲਪ੍ਰੀਤ ਸਿੰਘ, ਪਬਨਪ੍ਰੀਤ ਕੌਰ, ਹੁਸਨਦੀਪ ਕੌਰ ਅਤੇ ਸੁਨਵੀਰ ਕੌਰ ਨੇ ‘‘ਧੰਨ ਹੈ ਧੰਨ ਹੈ, ਗੁਰੂ ਹਰਿ ਰਾਇ ਜੀ ਧਨ ਹੈ’’ ਦਾ ਗਾਇਨ ਕੀਤਾ।
ਗੁਰੂ ਹਰਿ ਰਾਇ ਜੀ ਨੇ ਕੁਦਰਤ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਸੰਬੰਧੀ ਵਿਚਾਰ ਨੂੰ ਵੱਖ ਵੱਖ ਬੁਲਾਰਿਆਂ ਨੇ ਆਪਣੇ ਭਾਸ਼ਨ ਵਿੱਚ ਪ੍ਰਗਟ ਕੀਤਾ। ਸਿਮਰਨ ਕੌਰ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਫ਼ ਸੁਥਰੇ ਵਾਤਾਵਰਨ, ਧਰਤੀ ਦੀ ਸਾਂਭ ਸੰਭਾਲ ਦੀ ਮਹੱਤਤਾ ਦਾ ਪ੍ਰਚਾਰ ਕੀਤਾ ਤੇ ਗੁਰੂ ਹਰਿ ਰਾਇ ਸਾਹਿਬ ਦਾ ਇਸ ਸਬੰਧੀ ਵਿਸ਼ੇਸ਼ ਯੋਗਦਾਨ ਸੀ। ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਸੀਂ ਬਹੁਤ ਕੁੱਝ ਕਰ ਸਕਦੇ ਹਾਂ। ਉਸ ਨੇ ਸੁਝਾਅ ਦਿੱਤਾ ਕਿ ਸਾਨੂੰ ਗੁਰਦੁਆਰਾ ਸਾਹਿਬ ਵਿਖੇ ਪਲਾਸਟਿਕ ਤੇ ਫੋਮ ਤੋਂ ਬਣੀਆਂ ਪਲੇਟਾਂ ਦੀ ਥਾਂ ਤੇ ਸਟੀਲ ਦੀਆਂ ਪਲੇਟਾਂ ਵਰਤਣੀਆਂ ਚਾਹੀਦੀਆਂ ਹਨ। ਅਰਮਾਨ ਸਿੰਘ ਨੇ ਸ੍ਰੀ ਗੁਰੂ ਹਰਿ ਰਾਇ ਜੀ ਦੀ ਇਕ ਸਾਖੀ ਸੁਣਾਈ ਤੇ ਨਾਲ ਇਹ ਵੀ ਜਾਣਕਾਈ ਦਿੱਤੀ ਕਿ ਗੁਰੂ ਹਰਿ ਰਾਇ ਜੀ ਨੇ ਇਕ ਚਿੜੀਆ ਘਰ ਬਣਾਇਆ ਤੇ ਇਕ ਬਾਗ ਲਗਾਇਆ। ਤਨਵੀਰ ਸਿੰਘ ਨੇ ਸੰਖੇਪ ਵਿੱਚ ਗੁਰੂ ਹਰਿ ਰਾਇ ਜੀ ਦੀ ਜੀਵਨੀ ਪੇਸ਼ ਕੀਤੀ। ਸਮੀਪ ਸਿੰਘ ਨੇ ਵਾਤਾਵਰਣ ਨਾਲ ਸੰਬੰਧਤ ਵੱਖ-ਵੱਖ ਸਾਖੀਆਂ ਦੀਆਂ ਪੇਂਟਿੰਗਾਂ ਨੂੰ ਸਲਾਇਡਾਂ ਰਾਹੀਂ ਪੇਸ਼ ਕੀਤਾ। ਉਹਨਾਂ ਨੇ ਇਕੋਸਿੱਖ ਵਲੋਂ ਸਿੱਖ ਵਾਤਾਵਰਣ ਦਿਵਸ ਨੂੰ ਸ਼ੁਰੂ ਕਰਨ ਦੀ ਪਹਿਲ ਕਦਮੀ ਦੀ ਸ਼ਲਾਘਾ ਕੀਤੀ।
ਚੇਤਨਾ ਪੈਦਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਦਰਸ਼ਨੀ ਲਾਈ ਗਈ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਨੇ ਵੱਖ ਵੱਖ ਵਿਸ਼ਿਆਂ ਤੇ ਚਿਤ੍ਰ ਤਿਆਰ ਕੀਤੇ। ਬਾਜ ਜੋ ਕਿ ਖਤਮ ਹੋਣ ਕਿਨਾਰੇ ਹੈ ਦਾ ਚਿਤ੍ਰ, ਹਰਿਆ ਭਰਿਆ ਸ਼ਹਿਰ, ਹਰਿਆ ਭਰਿਆ ਸੰਦੇਸ਼ ਦਿੰਦਾ ਖੰਡਾ, ਅਜਾਈਂ ਪਾਣੀ ਨਾ ਗੁਆਓ, ਦਰਖ਼ਤ ਨਾ ਕੱਟੋ ਆਦਿ ਨੂੰ ਖੂਬਸੂਰਤ ਚਿਤ੍ਰਾਂ ਰਾਹੀਂ ਦਰਸਾਇਆ ਗਿਆ।
ਗੁਰਦੁਆਰਾ ਸੇਵਾਦਾਰ ਕਮੇਟੀ ਵੱਲੋਂ ਸਾਰੀ ਸੰਗਤ ਅਤੇ ਇਸ ਦਿਨ ਨੂੰ ਮਨਾਉਣ ਤੇ ਸਫਲ ਬਨਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਸੇਵਾਦਾਰ ਕਮੇਟੀ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਨਵੀਂ ਰਸੋਈ ਦੀ ਉਸਾਰੀ ਪਿੱਛੋਂ ਉਸ ਵਿੱਚ ਸਟੀਲ ਦੀਆਂ ਪਲੇਟਾਂ ਵਰਤੀਆਂ ਜਾਣਗੀਆਂ। ਅੰਤ ਵਿੱਚ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਰਸਮੀ ਤੌਰ ਤੇ ਦਰੱਖਤ ਲਗਾਇਆ ਗਿਆ।