ਤਿਰਪੋਲੀ- ਲੀਬੀਆ ਵਿੱਚ ਸਰਕਾਰ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਜੰਗ ਚਲ ਰਹੀ ਹੈ। ਗਦਾਫ਼ੀ ਦੀ ਸੈਨਾ ਨੇ ਨੈਟੋ ਪੱਖੀ ਵਿਦਰੋਹੀਆਂ ਨੂੰ ਪਿੱਛੇ ਧੱਕ ਕੇ ਇੱਕ ਵਾਰ ਫੇਰ ਰਾਸ ਲਾਨੁਫ਼ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਸ ਲਾਨੁਫ਼ ਵਿੱਚ ਤੇਲ ਦੇ ਬਹੁਤ ਵੱਡੇ ਭੰਡਾਰ ਹਨ। ਰਾਸ ਲਾਨੁਫ ਅਤੇ ਬਰੇਗਾ ਤੋਂ ਵਿਦਰੋਹੀਆਂ ਦੇ ਪਿੱਛੇ ਹੱਟਣ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਬਾਗੀਆਂ ਨੂੰ ਹੋਰ ਆਧੁਨਿਕ ਹੱਥਿਆਰ ਅਤੇ ਮਦਦ ਦੇਣ ਤੇ ਵਿਚਾਰ ਕਰ ਰਹੇ ਹਨ।
ਅਲਜ ਜਜੀਰਾ ਨਿਊਜ ਚੈਨਲ ਅਨੁਸਾਰ ਗਦਾਫ਼ੀ ਦੇ ਗ੍ਰਹਿ ਨਗਰ ਸਿਰਤੇ ਤੋਂ 100 ਕਿਲੋਮੀਟਰ ਦੀ ਦੂਰੀ ਤੇ ਵਿਦਰੋਹੀਆਂ ਨੂੰ ਰੋਕ ਦੇਣ ਤੋਂ ਬਾਅਦ ਸੈਨਾ ਨੇ ਉਨ੍ਹਾਂ ਨੂੰ ਰਾਸ ਲਾਨੁਫ਼ ਤੋਂ ਵੀ ਖਦੇੜ ਦਿੱਤਾ ਹੈ। ਇੱਕ ਅਰਬ ਚੈਨਲ ਨੇ ਵੀ ਵਿਦਰੋਹੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ “ ਅਸੀਂ ਟੈਂਕਾਂ ਅਤੇ ਮਸ਼ੀਨਗੰਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ।’ ਉਨ੍ਹਾਂ ਨੇ ਫਰਾਂਸ ਅਤੇ ਬ੍ਰਿਟੇਨ ਤੋਂ ਹੋਰ ਮਦਦ ਦੀ ਗੁਹਾਰ ਲਗਾਈ ਹੈ। ਵਿਦਰੋਹੀਆਂ ਦਾ ਕਹਿਣਾ ਹੈ ਕਿ ਹਵਾਈ ਹਮਲਿਆਂ ਤੋਂ ਬਿਨਾਂ ਗਦਾਫ਼ੀ ਸਾਨੂੰ ਤਬਾਹ ਕਰ ਦੇਵੇਗਾ। ਲੀਬੀਆ ਦੇ ਸ਼ਹਿਰ ਮਿਸਰਾਤਾ ਵਿੱਚ ਵੀ ਤਬਾਹਕੁਨ ਲੜਾਈ ਚਲ ਰਹੀ ਹੈ। ਸਥਾਨਕ ਲੋਕਾਂ ਅਨੁਸਾਰ ਇਸ ਲੜਾਈ ਵਿੱਚ 150 ਤੋਂ ਜਿਆਦਾ ਲੋਕ ਮਾਰੇ ਜਾ ਚੁੱਕੇ ਹਨ। ਅਮਰੀਕਾ ਗਦਾਫ਼ੀ ਤੇ ਦਬਾਅ ਪਾ ਰਿਹਾ ਹੈ ਕਿ ਉਹ ਲੀਬੀਆ ਛੱਡ ਕੇ ਚਲਾ ਜਾਵੇ। ਰੂਸ ਨੇ ਵਿਦਰੋਹੀਆਂ ਨੂੰ ਹੱਥਿਆਰ ਦੇਣ ਤੋਂ ਇਨਕਾਰ ਕੀਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਹੈ ਕਿ ਪੱਛਮੀ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਦੇ ਤਹਿਤ ਵਿਦਰੋਹੀਆਂ ਨੂੰ ਹੱਥਿਆਰ ਦੇਣ ਦਾ ਕੋਈ ਅਧਿਕਾਰ ਨਹੀਂ ਹੈ।