ਫਤਿਹਗੜ੍ਹ ਸਾਹਿਬ :- “ਹਿਮਾਚਲ ਦੇ ਊਨਾ ਜਿਲ੍ਹੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ (ਡੇਰਾ ਬਾਬਾ ਵਡਭਾਗ ਸਿੰਘ) ਨੂੰ ਉਥੋ ਦੇ ਫਿਰਕੂ ਸੋਚ ਦੇ ਮਾਲਿਕ ਕੁਝ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋ ਸ਼ਾਜਿਸੀ ਢੰਗ ਨਾਲ ਸਰਕਾਰ ਦੇ ਅਧੀਨ ਕਰਨ ਲਈ ਗੋਦਾਂ ਗੂੰਦੀਆਂ ਜਾ ਰਹੀਆਂ ਹਨ। ਜੋ ਧਾਰਮਿਕ ਕਾਇਦੇ-ਕਾਨੂੰਨਾਂ ਦੀ ਘੋਰ ਉਲੰਘਣਾ ਕਰਨ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਕੁਚਲਣ ਵਾਲੀ ਕਾਰਵਾਈ ਹੋਵੇਗੀ। ਕਿਉਕਿ ਸਿੱਖ ਕੌਮ ਨਾਲ ਸਬੰਧਿਤ ਕੋਈ ਵੀ ਗੁਰੂ ਘਰ ਪ੍ਰਸ਼ਾਸਨ ਜਾਂ ਸਰਕਾਰ ਦੇ ਅਧੀਨ ਨਹੀਂ ਹੋ ਸਕਦਾ।”
ਇਹ ਵਿਚਾਰ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਊਨਾ ਪ੍ਰਸ਼ਾਸਨ ਅਤੇ ਹਿਮਾਚਲ ਸਰਕਾਰ ਵੱਲੋ ਕੀਤੀ ਜਾ ਰਹੀ ਸਿੱਖ ਕੌਮ ਵਿਰੋਧੀ ਕਾਰਵਾਈ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ ਜੇਕਰ ਕਿਸੇ ਲੋਕਲ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂਘਰ ਦੇ ਪ੍ਰਬੰਧ ਵਿੱਚ ਕਿਸੇ ਤਰ੍ਹਾ ਦੀਆਂ ਖਾਮੀਆਂ ਆ ਜਾਣ ਅਤੇ ਪ੍ਰਬੰਧ ਠੀਕ ਨਾ ਚੱਲ ਰਿਹਾ ਹੋਵੇ ਤਾਂ ਅਜਿਹੇ ਗੁਰੂਘਰ ਉੱਤੇ ਪ੍ਰਸ਼ਾਸਨ ਜਾਂ ਸਰਕਾਰ ਕੰਟਰੋਲ ਨਹੀਂ ਕਰ ਸਕਦੀ। ਅਜਿਹੇ ਪ੍ਰਬੰਧ ਵਿੱਚ ਆਈਆਂ ਖਾਮੀਆਂ ਨੂੰ ਦੂਰ ਕਰਨ ਦਾ ਇੱਕੋ ਇੱਕ ਸਹੀ ਹੱਲ ਹੁੰਦਾ ਹੈ ਕਿ ਉੱਥੋ ਦੇ ਬਸਿ਼ੰਦੇ ਜਾਂ ਕਮੇਟੀ ਮੈਬਰ ਉਸ ਗੁਰੂਘਰ ਨੂੰ ਸਿੱਖ ਕੌਮ ਦੀ ਮਹਾਨ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਰਨ ਲਈ ਲਿਖਤੀ ਤੌਰ ‘ਤੇ ਮਤਾ ਪਾ ਦੇਣ। ਤਾਂ ਕਿ ਮੁਤੱਸਵੀ ਸੋਚ ਵਾਲੇ ਸਿਆਸਤਦਾਨ ਜਾਂ ਸਰਕਾਰਾਂ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ ਦੀ ਸਿਆਸੀ ਤੌਰ ‘ਤੇ ਦੁਰਵਰਤੋ ਨਾ ਕਰ ਸਕਣ ਅਤੇ ਸਿੱਖ ਮਰਿਯਾਦਾਵਾਂ ਨਾਲ ਖਿਲਵਾੜ ਨਾ ਕਰ ਸਕਣ। ਸ: ਮਾਨ ਨੇ ਆਪਣੇ ਬਿਆਨ ਵਿੱਚ ਇਹ ਵੀ ਜਾਣਕਾਰੀ ਦਿੱਤੀ ਕਿ ਅੱਜ ਹੀ ਅਸੀਂ ਹਿਮਾਚਲ ਸਰਕਾਰ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਕੁਮਾਰ ਧੂਮਲ ਨੂੰ ਇਸ ਸਬੰਧ ਵਿੱਚ ਪੱਤਰ ਲਿਖਿਆ ਹੈ, ਜਿਸ ਵਿੱਚ ਸਿੱਖ ਕੌਮ ਦੇ ਗੁਰੂ ਘਰਾਂ ਦੇ ਪ੍ਰਬੰਧ ਦੇ ਨਿਯਮਾਂ, ਅਸੂਲਾਂ ਦਾ ਵੇਰਵਾ ਦਿੰਦੇ ਹੋਏ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਤੋ ਜਾਣੂ ਕਰਾਉਦੇ ਹੋਏ ਬੇਨਤੀ ਕੀਤੀ ਗਈ ਹੈ ਕਿ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਦਖਲ ਦੇਣ ਦਾ ਕੋਈ ਕਾਨੂੰਨੀ ਜਾਂ ਇਖਲਾਕੀ ਹੱਕ ਨਹੀਂ। ਜੇਕਰ ਇਹ ਪ੍ਰਬੰਧ ਡਾਵਾਡੌਲ ਹੋ ਗਿਆ ਹੈ ਤਾਂ ਉਪਰੋਕਤ ਗੁਰਦੁਆਰਾ ਮੰਜੀ ਸਾਹਿਬ (ਡੇਰਾ ਬਾਬਾ ਵਡਭਾਗ ਸਿੰਘ) ਦੇ ਪ੍ਰਬੰਧ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਪੁਰਦ ਕੀਤਾ ਜਾਵੇ ਕਿਉਕਿ ਇਹ ਮਾਮਲਾ ਸਿੱਖ ਕੌਮ ਅਤੇ ਗੁਰੂ ਘਰਾਂ ਦਾ ਹੈ। ਸ: ਮਾਨ ਨੇ ਆਪਣੇ ਪੱਤਰ ਵਿੱਚ ਇਹ ਉਮੀਦ ਪ੍ਰਗਟ ਕੀਤੀ ਕਿ ਸ਼੍ਰੀ ਪ੍ਰੇਮ ਕੁਮਾਰ ਧੂਮਲ ਜੋ ਸਿੱਖ ਕੌਮ ਦੀ ਸੋਚ ਅਤੇ ਮਰਿਯਾਦਾਵਾਂ ਤੋ ਭਰਪੂਰ ਜਾਣਕਾਰੀ ਰੱਖਦੇ ਹਨ, ਉਹ ਅਜਿਹੀ ਕੋਈ ਵੀ ਕਾਰਵਾਈ ਨਹੀਂ ਕਰਨਗੇ ਜਿਸ ਨਾਲ ਦੇਸ਼ ਵਿਦੇਸ਼ਾਂ ਵਿੱਚ ਵਿਚਰ ਰਹੀ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੇ ਅਤੇ ਹਿਮਾਚਲ ਦੇ ਅਮਨਮਈ ਮਾਹੌਲ ਨੂੰ ਕਿਸੇ ਤਰ੍ਹਾ ਦਾ ਖਤਰਾ ਖੜਾ ਹੋਵੇ। ਇਸ ਪੱਤਰ ਵਿੱਚ ਪਾਰਟੀ ਨੇ ਕੁਝ ਦਿਨ ਪਹਿਲੇ ਮਨੀਕਰਨ ਵਿਖੇ ਅਤੇ ਬੀਤੇ ਦਿਨ ਸਵਾਰ ਘਾਟ ਵਿਖੇ ਸਿੱਖ ਨੌਜਵਾਨਾਂ ਅਤੇ ਟ੍ਰਾਸਪੋਰਟਰ ਡਰਾਈਵਰਾਂ ਨਾਲ ਹਿਮਾਚਲ ਪੁਲਿਸ ਵੱਲੋ ਕੀਤੇ ਗਏ ਜ਼ਬਰ ਜੁਲਮ ਅਤੇ ਉਨ੍ਹਾ ਕੋਲ ਨਗਦੀ ਖੋਹਣ ਦੀ ਕਾਰਵਾਈ ਨੂੰ ਧਿਆਨ ਵਿੱਚ ਲਿਆਉਦੇ ਹੋਏ ਦੋਸ਼ੀ ਪੁਲਿਸ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਜਿੱਥੇ ਮੰਗ ਕੀਤੀ ਉੱਥੇ ਹਿਮਾਚਲ ਵਿੱਚ ਰਹਿਣ ਵਾਲੇ ਅਤੇ ਯਾਤਰਾਵਾਂ ‘ਤੇ ਜਾਣ ਵਾਲੇ ਸਿੱਖਾਂ ਦੇ ਜਾਨ ਮਾਲ ਦੀ ਹਿਫਾਜ਼ਤ ਕਰਨ ਦੀ ਜ਼ੋਰਦਾਰ ਮੰਗ ਕੀਤੀ।