ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਥਿਤ ਖੇਤੀਬਾੜੀ ਕਾਲਜ ਦੇ ਸਰਵੋਤਮ ਖਿਡਾਰੀਆਂ ਦਾ ਸਾਲ 2009-10 ਅਤੇ ਸਾਲ 2010-11 ਲਈ ਉਚੇਰੀਆਂ ਪ੍ਰਾਪਤੀਆਂ ਬਦਲੇ ਸਨਮਾਨ ਸਮਾਰੋਹ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਸ: ਯੁਰਿੰਦਰ ਸਿੰਘ ਹੇਅਰ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਖੇਡ ਪ੍ਰਾਪਤੀਆਂ ਹੀ ਨਹੀਂ ਸਗੋਂ ਖੇਡ ਭਾਵਨਾ ਦੀ ਜੁਆਲਾ ਪ੍ਰਚੰਡ ਕਰਨ ਦੀ ਲੋੜ ਹੈ। ਜੇਤੂ ਖਿਡਾਰੀਆਂ ਨੂੰ ਮੁਬਾਰਕ ਦਿੰਦਿਆਂ ਉਨ੍ਹਾਂ ਆਖਿਆ ਕਿ ਸਿਰਫ ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਖੇਡਾਂ ਅਤੇ ਸਹਿ ਵਿਦਿਅਕ ਸਰਗਰਮੀਆਂ ਵਿੱਚ ਉਚੇਰੀਆਂ ਪ੍ਰਾਪਤੀਆਂ ਨਾਲ ਹੀ ਸਰਵਪੱਖੀ ਸੰਤੁਲਿਤ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਆਖਿਆ ਕਿ ਮੇਰਾ ਇਸ ਯੂਨੀਵਰਸਿਟੀ ਨਾਲ ਪੱਕਾ ਪਕੇਰਾ ਨਾਤਾ ਹੈ ਕਿਉਂਕਿ ਮੈਂ ਇਸ ਦੇ ਵਿਹੜੇ ਵਿੱਚ ਹੀ ਜੁਆਨ ਹੋਇਆਂ ਹਾਂ ਅਤੇ ਇਥੇ ਹੀ ਪੜਿਆ ਹਾਂ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਆਖਿਆ ਕਿ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਨੇ ਕੌਮੀ ਅਤੇ ਇੰਟਰਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਉਚੇਰੀਆਂ ਪ੍ਰਾਪਤੀਆਂ ਕਰਕੇ ਇਸ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਵਿੱਚ ਹਰ ਤਰ੍ਹਾਂ ਦੀ ਲਿਆਕਤ ਦੇ ਵਿਕਾਸ ਲਈ ਮੌਕੇ ਹਨ। ਡਾ: ਕੰਗ ਨੇ ਆਖਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਦੇ ਤਿੰਨ ਵਿੰਗ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਕੀਤੇ ਗਏ ਹਨ। ਇਸੇ ਤਰ੍ਹਾਂ ਯੂਨੀਵਰਸਿਟੀ ਵੱਲੋਂ ਪੈਦਾ ਕੀਤੇ ਗਏ ਪੁਰਾਣੇ ਤਿੰਨ ਵਿਦਿਆਰਥੀਆਂ ਪਦਮਸ਼੍ਰੀ ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ ਅਤੇ ਰਮਨਦੀਪ ਸਿੰਘ ਗਰੇਵਾਲ ਵਰਗੇ ਭਾਰਤੀ ਹਾਕੀ ਟੀਮ ਦੇ ਉ¦ਪੀਅਨ ਕਪਤਾਨਾਂ ਦੇ ਸਨਮਾਨ ਵਿੱਚ ਉ¦ਪੀਅਨ ਮਾਰਗ ਬਣਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਖਿਡਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣਾ ਇਸ ਯੂਨੀਵਰਸਿਟੀ ਦੀ ਪੁਰਾਣੀ ਰਵਾਇਤ ਹੈ ਅਤੇ ਭਵਿੱਖ ਵਿੱਚ ਵੀ ਇਸ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ:ਪੁਸ਼ਪਿੰਦਰ ਸਿੰਘ ਔਲਖ ਨੇ ਆਖਿਆ ਕਿ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਨੂੰ ਨਵੀਆਂ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਸਾਲ 2011 ਦੇ ਅੰਦਰ ਅੰਦਰ ਸ: ਪ੍ਰਿਥੀਪਾਲ ਸਿੰਘ ਯਾਦਗਾਰੀ ਹਾਕੀ ਸਟੇਡੀਅਮ ਨੂੰ ਵੀ ਖੇਡ ਵਿਭਾਗ ਪੰਜਾਬ ਵੱਲੋਂ ਸੱਤ ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਐਸਟਰੋਟਰਫ ਅਤੇ ਹੋਰ ਸਹੂਲਤਾਂ ਨਾਲ ਸ਼ਿੰਗਾਰਿਆ ਜਾ ਰਿਹਾ ਹੈ। ਇਵੇਂ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਦੇ ਆਡੀਟੋਰੀਅਮ ਨੂੰ ਵੀ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਵੱਲੋਂ ਮਿਲੀ ਪ੍ਰੇਰਨਾ ਅਤੇ ਦਿੱਤੇ ਆਰਥਿਕ ਸਹਿਯੋਗ ਸਦਕਾ ਵਾਤਾਅਨੁਕੂਲ ਬਣਾਇਆ ਜਾ ਰਿਹਾ ਹੈ ਜਿਥੇ ਵਿਦਿਆਰਥੀ ਆਪਣੀਆਂ ਸਰਗਰਮੀਆਂ ਨੂੰ ਪਹਿਲਾਂ ਨਾਲੋਂ ਵਧੇਰੇ ਧਿਆਨ ਨਾਲ ਨੇਪਰੇ ਚਾੜ ਸਕਣਗੇ।
ਖੇਤੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਆਏ ਮਹਿਮਾਨਾਂ, ਖਿਡਾਰੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਖੇਡਾਂ ਅਤੇ ਸਭਿਆਚਾਰ ਖੇਤਰ ਵਿੱਚ 23 ਸਖ਼ਸ਼ੀਅਤਾਂ ਸਾਲ 2009-10 ਲਈ ਅਤੇ 16 ਸਖਸ਼ੀਅਤਾਂ ਸਾਲ 2010-11 ਲਈ ਚੁਣੀਆਂ ਗਈਆਂ ਹਨ ਜਿਨ੍ਹਾਂ ਨੇ ਹਾਕੀ, ਤੈਰਾਕੀ, ਬੈਡਮਿੰਟਨ, ਡਿਸਕਸ ਥਰੋ, ਜੈਵਲਨ ਥਰੋ, ਵਾਲੀਬਾਲ, ਬਾਸਕਟਬਾਲ, ਅਥਲੈਟਿਕਸ ਅਤੇ ਕ੍ਰਿਕਟ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਕੀਤੀਆਂ ਹਨ। ਖੇਤੀ ਕਾਲਜ ਦੀ ਖੇਡ ਵਿਰਾਸਤ ਬਾਰੇ ਬੋਲਦਿਆਂ ਪੀ ਏ ਯੂ ਸਪੋਰਟਸ ਕਮੇਟੀ ਦੇ ਸਾਬਕਾ ਪ੍ਰਧਾਨ ਡਾ: ਮਨਜੀਤ ਸਿੰਘ ਮਾਹਲ ਨੇ ਆਖਿਆ ਕਿ ਇਸ ਯੂਨੀਵਰਸਿਟੀ ਦੇ ਚਾਰ ਕਾਲਜਾਂ ਵੱਲੋਂ ਹੁਣ ਤੀਕ 153 ਰੋਲ ਆਫ ਆਨਰ ਪ੍ਰਦਾਨ ਕੀਤੇ ਗਏ ਹਨ ਜਿਨ੍ਹਾਂ ਵਿਚੋਂ 73 ਸਿਰਫ ਖੇਤੀਬਾੜੀ ਕਾਲਜ ਦੇ ਹਿੱਸੇ ਆਏ ਹਨ। ਉਨ੍ਹਾਂ ਆਖਿਆ ਕਿ ਅਥਲੈਟਿਕਸ ਵਿੱਚ ਹੁਣ ਤੀਕ ਕੁੱਲ 21 ਰਿਕਾਰਡ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 16 ਸਿਰਫ ਖੇਤੀਬਾੜੀ ਕਾਲਜ ਦੇ ਖਿਡਾਰੀਆਂ ਨੇ ਕਾਇਮ ਕੀਤੇ ਹਨ। ਡਾ: ਮਾਹਲ ਨੂੰ ਇਸ ਮੌਕੇ ਕ੍ਰਿਕਟ ਦੇ ਖੇਤਰ ਵਿੱਚ ਕੌਮਾਂਤਰੀ ਅੰਪਾਇਰ ਹੋਣ ਕਾਰਨ ਸਨਮਾਨਿਤ ਕੀਤਾ ਗਿਆ। ਡਾ: ਕਮਲ ਮਹਿੰਦਰਾ ਐਸੋਸੀਏਟ ਡਾਇਰੈਕਟਰ ਪਸਾਰ ਸਿੱਖਿਆ ਨੂੰ ਸੇਵਾ ਮੁਕਤੀ ਮੌਕੇ ਉਚੇਰੀਆਂ ਸਭਿਆਚਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡੀਨਜ ਡਾਇਰੈਕਟਰ ਅਤੇ ਕਈ ਵਿਭਾਗਾਂ ਦੇ ਮੁਖੀ ਸਾਹਿਬਾਨ ਵੀ ਹਾਜ਼ਰ ਸਨ।