ਲੁਧਿਆਣਾ:- ਅਮਰੀਕਾ ਦੀ ਉੱਘੀ ਯੂਨੀਵਰਸਿਟੀ ਕੈਨਸਾਸ ਸਟੇਟ ਯੂਨੀਵਰਸਿਟੀ ਦੇ ਇੱਕ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਤਿੰਨ ਮੈਂਬਰੀ ਇਸ ਵਫਦ ਦਾ ਮੰਤਵ ਦੋਹਾਂ ਯੂਨੀਵਰਸਿਟੀਆਂ ਲਈ ਭਵਿੱਖ ਵਿੱਚ ਦੁਵੱਲੜੇ ਸਹਿਯੋਗ ਸੰਬੰਧੀ ਕੀਤੇ ਇਕਰਾਰਨਾਮੇ ਅਧੀਨ ਸਹਿਯੋਗ ਦੇ ਖੇਤਰਾਂ ਦੀ ਪੜਚੋਲ ਕਰਨਾ ਸੀ। ਬੀਤੇ ਦਿਨੀਂ ਦੋਹਾਂ ਯੂਨੀਵਰਸਿਟੀਆਂ ਵਿਚਾਲੇ ਇਸ ਇਕਰਾਰਨਾਮੇ ਦੇ ਤਹਿਤ ਫ਼ਸਲਾਂ ਦੀ ਵਧ ਪੈਦਾਵਾਰ, ਅਨਾਜ ਦੀ ਸਾਂਭ-ਸੰਭਾਲ, ਭੋਜਨ ਦੀ ਪ੍ਰੋਸੈਸਿੰਗ ਅਤੇ ਜ਼ਹਿਰਾਂ ਦੀ ਰਹਿੰਦ ਖੂਹੰਦ ਸੰਬੰਧੀ ਖੋਜ ਸੰਬੰਧੀ ਜਾਣਕਾਰੀ ਸਾਂਝੀ ਕਰਨਾ ਹੈ। ਡਾ: ਆਰ ਮਿਸ਼ਲ ਫਿਲਸ਼ਨ, ਡਾ: ਗੈਰੀ ਪੈਜਿਨਸਕੀ ਅਤੇ ਡਾ: ਸਜਾਦ ਅਲਵੀ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੌਕ ਡਾ: ਕੰਗ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਦਿਹਾੜਾ ਦੋਹਾਂ ਯੂਨੀਵਰਸਿਟੀਆਂ ਲਈ ਇਕ ਇਤਿਹਾਸਕ ਦਿਹਾੜਾ ਸਿੱਧ ਹੋਵੇਗਾ। ਦੋਹਾਂ ਯੂਨੀਵਰਸਿਟੀਆਂ ਵਿਚਾਲੇ ਇਸ ਇਕਰਾਰਨਾਮੇ ਤਹਿਤ ਸਾਇੰਸਦਾਨ ਵੱਖ-ਵੱਖ ਵਿਸ਼ਿਆਂ ਸੰਬੰਧੀ ਇਕੱਤਰ ਜਾਣਕਾਰੀ ਅਤੇ ਤਕਨਾਲੋਜੀ ਸਾਂਝੀ ਕਰ ਸਕਣਗੇ । ਵਫਦ ਦੇ ਮੈਂਬਰਾਂ ਵੱਲੋਂ ਬਦਲ ਰਹੇ ਵਾਤਵਰਨ ਦੀ ਸੰਭਾਲ ਅਤੇ ਪੈਦਾਵਾਰ ਵਿੱਚ ਆਈ ਖੜੋਤ ਨੂੰ ਤੋੜਨ ਸੰਬੰਧੀ ਨਵੀਂ ਤਕਨਾਲੋਜੀ ਨੂੰ ਵਿਕਸਤ ਕਰਨ ਦੀ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਇਕਰਾਰਨਾਮੇ ਅਧੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਭੋਜਨ ਤਕਨਾਲੋਜੀ ਦੀ ਡਿਗਰੀ ਹਾਸਿਲ ਕਰ ਰਹੇ ਵਿਦਿਆਰਥੀ ਉਚੇਰੀ ਸਿੱਖਿਆ ਲਈ ਕੈਨਸਾਸ ਯੂਨੀਵਰਸਿਟੀ ਵਿਖੇ ਜਾ ਸਕਣਗੇ।
ਵਿਆਨਾ ਆਸਟਰੀਆ ਤੋਂ ਆਏ ਉੱਘੇ ਸਾਇੰਸਦਾਨ ਡਾ: ਬੀ ਐਸ ਆਹਲੂਵਾਲੀਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਿਆਰੀ ਉਤਪਾਦ ਤਿਆਰ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ ਕੁਝ ਸਮੇਂ ਦੌਰਾਨ ਕੀਤੇ ਗਏ ਅਹਿਦਨਾਮੇ ਭਵਿੱਖ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਦੂਜੀਆਂ ਯੂਨੀਵਰਸਿਟੀਆਂ ਅਤੇ ਅਦਾਰਿਆਂ ਲਈ ਅਤਿ ਸਹਾਈ ਸਿੱਧ ਹੋਣਗੇ। ਇਸ ਵਫਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਵਿਖੇ ਸਥਿਤ ਐਗਰੀਕਲਚਰਲ ਬਾਇਓ ਤਕਨਾਲੋਜੀ ਸਕੂਲ, ਪੇਂਡੂ ਪਿਛੋਕੜ ਅਤੇਸਭਿਆਚਾਰ ਸੰਬੰਧੀ ਅਜਾਇਬ ਘਰ, ਨੈਨੋ ਤਕਨਾਲੋਜੀ ਲੈਬਾਰਟਰੀ ਅਤੇ ਹੋਰ ਸਥਾਨਾਂ ਦਾ ਵੀ ਦੌਰਾ ਕੀਤਾ। ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਵਫਦ ਦੀ ਇਸ ਫੇਰੀ ਨੂੰ ਕੋਆਰਡੀਨੇਟ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਕੰਪਟਰੋਲਰ, ਸਮੂਹ ਡੀਨ ਡਾਇਰੈਕਟਰ ਅਤੇ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।