ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਪ੍ਰਦੇਸ਼ਾਂ ਵਿੱਚ ਵਸਦੇ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਪਿੰਡਾਂ ਵਾਲਿਆਂ ਨੂੰ ਆਪਣੇ ਵਿਕਾਸ ਲਈ ਖੁਦ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਿੰਡਾਂ ਵਿੱਚ ਸ਼ਹਿਰੀ ਸਹੂਲਤਾਂ ਉਨੀਆਂ ਹੀ ਮਹੱਤਵਪੂਰਨ ਹਨ ਜਿੰਨੀਆਂ ਸ਼ਹਿਰਾਂ ਵਿੱਚ। ਉਨ੍ਹਾਂ ਇਸ ਪਿੰਡ ਦੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵਸਦੇ ਪੁੱਤਰਾਂ ਧੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਪਿੰਡ ਵਿੱਚ ਸੀਵਰੇਜ ਪਾਉਣ ਤੋਂ ਇਲਾਵਾ ਵਾਤਾਵਰਣ ਸੰਭਾਲ ਲਈ ਦਰੱਖਤਾਂ ਦੀ ਕਾਸ਼ਤ ਲਈ ਵੀ ਯੋਜਨਾਬੰਦੀ ਕੀਤੀ ਹੈ। ਪਿੰਡ ਦੇ ਤਿੰਨ ਵੱਡੇ ਛੱਪੜਾਂ ਨੂੰ ਤਲਾਬਾਂ ਵਿੱਚ ਤਬਦੀਲ ਕਰਨ ਅਤੇ ਉਨ੍ਹਾਂ ਦਾ ਪਾਣੀ ਨਿਰਮਲ ਰੱਖਣ ਲਈ ਵਿਗਿਆਨਕ ਲੀਹਾਂ ਤੇ ਯੋਜਨਾ ਬਣਾਉਣ ਲਈ ਉਨ੍ਹਾਂ ਪਿੰਡ ਵਾਸੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਦਰੱਖਤਾਂ ਨਾਲ ਜਿਥੇ ਪਿੰਡ ਦੇ ਪੌਣ ਸਵੱਛ ਹੋਵੇਗੀ ਉਥੇ ਜ਼ਹਿਰੀਲੀਆਂ ਗੈਸਾਂ ਤੋਂ ਵੀ ਮੁਕਤੀ ਮਿਲੇਗੀ ਅਤੇ ਇਸ ਪਿੰਡ ਵਿੱਚ ਮੋਰ ਮੋਰਨੀਆਂ ਪਹਿਲਾਂ ਵਾਂਗ ਬੋਹੜਾਂ ਪਿੱਪਲਾਂ ਦੀਆਂ ਟਾਹਣੀਆਂ ਤੇ ਘੁੰਮਣਗੇ। ਅੰਬਾਂ ਦੇ ਦਰੱਖਤਾਂ ਵਿੱਚ ਕੋਇਲਾਂ ਆਪਣੇ ਗੀਤ ਗਾਉਣਗੀਆਂ।
ਇਸ ਪਿੰਡ ਦੇ ਨੌਜਵਾਨ ਆਗੂ ਡਾ:ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਵਿੱਚ ਨੌਜਵਾਨ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਲਈ ਸ਼ੇਰੇ ਪੰਜਾਬ ਬੌਕਸਿੰਗ ਅਕੈਡਮੀ ਚੱਲ ਰਹੀ ਹੈ ਜਿਸ ਵਿੱਚ 300 ਤੋਂ ਵੱਧ ਖਿਡਾਰੀ ਸਿਖਲਾਈ ਹਾਸਿਲ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਖਿਡਾਰੀਆਂ ਨੂੰ ਪਿੰਡ ਦੇ ਹੀ ਵਿਦੇਸ਼ਾਂ ਵਿੱਚ ਵਸਦੇ ਭਰਾਵਾਂ ਨੇ ਸਪਾਂਸਰ ਕਰਕੇ ਕਿਊਬਾ ਤੋਂ ਸਿਖਲਾਈ ਦੁਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 300 ਬੱਚਿਆਂ ਨੂੰ ਸਭਿਆਚਾਰਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਵਾਲਾ ਬਣਾਉਣ ਲਈ ਗਾਲ੍ਹਾਂ ਨਾ ਕੱਢਣ ਅਤੇ ਆਪਸ ਵਿੱਚ ਮਿਲਾਪ ਵਧਾਉਣ ਦੇ ਵਿਸ਼ੇਸ਼ ਯਤਨ ਚੰਗਾ ਨਤੀਜਾ ਦੇ ਰਹੇ ਹਨ। ਪਿੰਡ ਦੀ ਕਈ ਕਈ ਪੁਸ਼ਤਾਂ ਤੋਂ ਚਲਦੀ ਆ ਰਹੀ ਲੜਾਈ ਅਤੇ ਵੈਰ ਵਿਰੋਧ ਨੂੰ ਵੀ ਇਸ ਨਾਲ ਠੱਲ ਪਈ ਹੈ ਅਤੇ ਪਿੰਡ ਦੇ ਨੌਜਵਾਨ ਮੈਂ ਤੋਂ ਅਸੀਂ ਦੀ ਭਾਵਨਾ ਵਾਲੇ ਬਣ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੰਗ ਨੇ ਆਖਿਆ ਕਿ ਇਸ ਪਿੰਡ ਵਿੱਚ ਖੇਤੀਬਾੜੀ ਸਾਹਿਤ ਦੀ ਗਿਆਨ ਵਿਗਿਆਨ ਲਾਇਬ੍ਰੇਰੀ ਵੀ ਬਣਾਈ ਜਾਵੇ ਤਾਂ ਜੋ ਖੇਤੀ ਕਰਦੇ ਕਿਸਾਨ ਪਰਿਵਾਰਾਂ ਨੂੰ ਬਾਰੀਕੀ ਦੀ ਖੇਤੀ ਦਾ ਸਬਕ ਮਿਲ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਸਰਵਣ ਸਿੰਘ ਬਰਾੜ ਨੇ ਦੱਸਿਆ ਕਿ ਇਹ ਸਮੁੱਚਾ ਪ੍ਰੋਜੈਕਟ ਨਾਮਵਰ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ ਲਾਗੂ ਕੀਤਾ ਜਾ ਰਿਹਾ ਹੈ।