ਚੰਡੀਗੜ੍ਹ :- “ਹਿੰਦੂ ਰਾਸ਼ਟਰ ਵਾਲੇ ਹਮੇਸ਼ਾਂ ਅਜਿਹੀਆਂ ਕਾਰਵਾਈਆਂ ਦੀ ਪੈਰਵੀ ਕਰਦੇ ਆ ਰਹੇ ਹਨ, ਜਿਸ ਨਾਲ ਇਨਸਾਨੀ ਅਤੇ ਮਨੁੱਖੀ ਕਦਰਾਂ ਕੀਮਤਾਂ ਪੱਖੀ ਉੱਦਮਾਂ ਨੂੰ ਡੂੰਘੀ ਠੇਸ ਪਹੁੰਚੇ। ਲੇਕਿਨ ਮੀਡੀਏ ਅਤੇ ਅਖਬਾਰਾਂ ਵਿੱਚ ਇਹ ਹੁਕਮਰਾਨ ਆਪਣੇ ਆਪ ਨੂੰ ਜਮਹੂਰੀਅਤ ਅਤੇ ਅਮਨ ਪਸੰਦ ਕਰਾਰ ਦੇ ਕੇ ਮੁਲਕ ਨਿਵਾਸੀਆਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਈਵਰੀ ਕੋਸਟ ਵਿੱਚ ਉੱਥੋ ਦੀਆਂ ਹੁਕਮਰਾਨ ਫੌਜਾਂ ਵੱਲੋ ਮਨੁੱਖਤਾ ਦੇ ਕੀਤੇ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਯੂ ਐਨ ਦੀਆਂ ਫੌਜਾਂ ਵੱਲੋ ਕੀਤੀ ਗਈ ਤੁਰੰਤ ਕਾਰਵਾਈ ਨੂੰ ਸਹੀ ਕਰਾਰ ਦਿੰਦੇ ਹੋਏ ਇੱਕ ਬਿਆਨ ਵਿੱਚ ਪ੍ਰਗਟਾਏ। ਉਨ੍ਹਾ ਕਿਹਾ ਕਿ 1971 ਵਿੱਚ ਜਦੋ ਹਿੰਦੂ ਰਾਸ਼ਟਰ ਨੇ ਬੰਗਲਾਦੇਸ਼ ਵਿੱਚ ਉਥੋ ਦੇ ਬੰਗਾਲੀਆਂ ਦਾ ਕਤਲੇਆਮ ਕਰਕੇ ਦਖਲ ਦਿੰਦੇ ਹੋਏ ਪਾਕਿਸਤਾਨ ਦੇ ਦੋ ਟੁਕੜੇ ਕਰਵਾ ਦਿੱਤੇ ਸਨ, ਉਸਨੂੰ ਤਾਂ ਹਿੰਦੂ ਰਾਸ਼ਟਰ ਵਾਲੇ ਦੂਜੇ ਮੁਲਕ ਦੀ ਪ੍ਰਭੁਸੱਤਾ ਵਿੱਚ ਦਖਲਅੰਦਾਜ਼ੀ ਨਹੀਂ ਮੰਨਦੇ ਲੇਕਿਨ ਜਦੋ ਆਈਵਰੀ ਕੋਸਟ ਦੀ ਹਕੂਮਤ ਵੱਲੋ ਤਾਕਤ ਦੇ ਜ਼ੋਰ ਨਾਲ ਉੱਥੋ ਦੇ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਨੂੰ ਰੋਕਣ ਲਈ ਯੂ ਐਨ ਫੌਜਾਂ ਨੇ ਕਾਰਵਾਈ ਕੀਤੀ ਤਾਂ ਇਹੀ ਹਿੰਦੂ ਰਾਸ਼ਟਰ ਵਾਲੇ ਉਸਨੂੰ ਦੂਜੇ ਮੁਲਕ ਦੀ ਪ੍ਰਭੂਸੱਤਾ ਵਿੱਚ ਦਖਲ ਦੇਣ ਦਾ ਪ੍ਰਚਾਰ ਕਰਨ ਲੱਗ ਪਏ। ਇਸੇ ਤਰ੍ਹਾ ਜਦੋ ਲੀਬੀਆ ਵਿੱਚ ਉਥੋ ਦੇ ਹੁਕਮਰਾਨਾਂ ਨੇ ਲੀਬੀਆ ਨਿਵਾਸੀਆਂ ਉੱਤੇ ਜ਼ਬਰ ਜੁਲਮ ਕਰਦੇ ਹੋਏ ਕਤਲੇਆਮ ਕੀਤਾ ਤਦ ਵੀ ਹਿੰਦੂ ਰਾਸ਼ਟਰ ਵਾਲੇ ਯੂ ਐਨ ਦੇ ਦਖਲ ਦੇਣ ਨੂੰ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹੇ। ਜਦੋ ਕਿ ਉਪਰੋਕਤ ਦੋਵੇ ਲੀਬੀਆ ਅਤੇ ਆਈਵਰੀ ਕੋਸਟ ਦੀਆਂ ਦੁਖਾਂਤਿਕ ਘਟਨਾਵਾਂ ਦਾ ਅੰਤ ਕਰਨ ਲਈ ਯੂ ਐਨ ਫੌਜਾ ਦਾ ਦਖਲ ਦੇਣਾ ਇਨਸਾਨੀ ਅਤੇ ਕੌਮਾਂਤਰੀ ਕਾਨੂੰਨੀ ਹੱਕ ਸੀ। ਸ: ਮਾਨ ਨੇ ਜਮਹੂਰੀਅਤ ਅਤੇ ਅਮਨਪਸੰਦ ਸੋਚ ਰੱਖਣ ਵਾਲੇ ਵੱਖ ਵੱਖ ਮੁਲਕਾਂ ਦੀਆਂ ਹਕੂਮਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਹਿੰਦੂ ਰਾਸ਼ਟਰ ਵਾਲਿਆਂ ਦੇ ਮਨੁੱਖਤਾ ਵਿਰੋਧੀ ਛੁਪੇ ਚਿਹਰੇ ਨੂੰ ਪਹਿਚਾਣਨ ਅਤੇ ਭਵਿੱਖ ਵਿੱਚ ਕੌਮਾਂਤਰੀ ਪੱਧਰ ਉੱਤੇ ਅਜਿਹੇ ਅਮਲ ਕਰਨ ਜਿਸ ਨਾਲ ਜ਼ਾਬਰ ਹੁਕਮਰਾਨ ਮਨੁੱਖਤਾ ਦਾ ਰਤੀ ਵੀ ਕਿਸੇ ਤਰ੍ਹਾ ਦਾ ਨੁਕਸਾਨ ਨਾ ਕਰ ਸਕਣ ਅਤੇ ਸਮੁੱਚੇ ਦੱਖਣੀ ਏਸ਼ੀਆ ਵਿੱਚ ਅਮਨ ਚੈਨ ਨੂੰ ਸਥਾਈ ਤੌਰ ‘ਤੇ ਕਾਇਮ ਰੱਖਣ ਹਿੱਤ ਸਿੱਖ ਵੱਸੋ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ ਅਤੇ ਯੂ ਟੀ ਚੰਡੀਗੜ੍ਹ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਨੋ ਫਲਾਈ ਜ਼ੋਨ ਦਾ ਐਲਾਨ ਕਰਨ। ਜਿੱਥੇ ਕਿਸੇ ਵੀ ਮੁਲਕ ਅਤੇ ਹਿੰਦ ਦੇ ਜੰਗੀ ਜਹਾਜ਼ ਜਾਂ ਮਿਜ਼ਾਇਲਾਂ ਉਡਾਨ ਨਾ ਭਰ ਸਕਣ। ਇਸ ਦੇ ਨਾਲ ਹੀ ਸਿੱਖ ਵੱਸੋ ਵਾਲੇ ਉਪਰੋਕਤ ਇਲਾਕੇ ਨੂੰ ਬਤੌਰ ਬੱਫਰ ਸਟੇਟ ਖਾਲਿਸਤਾਨ ਐਲਾਨ ਕੇ ਤਿੰਨੇ ਪ੍ਰਮਾਣੂ ਤਾਕਤਾਂ ਹਿੰਦ, ਪਾਕਿਸਤਾਨ ਅਤੇ ਚੀਨ ਦੀ ਦੁਸ਼ਮਣੀ ਨੂੰ ਖਤਮ ਕਰਨ ਦੀ ਕਾਰਵਾਈ ਕਰਨ। ਅਜਿਹਾ ਕੌਮਾਂਤਰੀ ਪ੍ਰਬੰਧ ਹੋਣ ‘ਤੇ ਸਮੁੱਚੇ ਦੱਖਣੀ ਏਸ਼ੀਆ ਵਿੱਚ ਅਮਨ ਨੂੰ ਕਾਇਮ ਰੱਖਣ ਵਿੱਚ ਸਹਾਈ ਹੋਵੇਗਾ।