ਮਹਾਨ ਤਪੱਸਵੀ, ਆਜ਼ਾਦੀ ਘੁਲਾਟੀਏ ਅਤੇ ਅਖੰਡ ਕੀਰਤਨੀ ਜਥੇ ਦੇ ਬਾਨੀ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖਾਲਸਾ ਪੰਥ ਦੇ ਆਦਰਸ਼ਕ ਜੀਵਨ ਵਾਲੇ ਅਨੁਭਵੀ ਗੁਰ ਸਿੱਖਾਂ ਵਿਚੋਂ ਹੋਏ ਹਨ। ਭਾਈ ਰਣਧੀਰ ਸਿੰਘ ਜੀ (ਅੰਮ੍ਰਿਤ ਸ਼ਕਣ ਤੋਂ ਪਹਿਲਾ ਨਾਂ ਬਸੰਤ ਸਿੰਘ) ਦਾ ਜਨਮ 7 ਜੁਲਾਈ 1878 ਨੂੰ ਜਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ (ਗੁੱਜਰਵਾਲ) ਵਿਖੇ ਨਾਭਾ ਸਟੇਟ ਦੀ ਹਾਈ ਕੋਰਟ ਦੇ ਜੱਜ ਸ. ਨੱਥਾ ਸਿੰਘ ਅਤੇ ਮਾਤਾ ਪੰਜਾਬ ਕੌਰ ਦੇ ਗ੍ਰਹਿ ਵਿਖੇ ਗੋਇਆ। ਭਾਈ ਸਾਹਿਬ ਨੇ ਆਪਣੀ ਸਕੂਲੀ ਸਿੱਖਿਆਂ ਨਾਭਾ ਤੋਂ ਪ੍ਰਾਪਤ ਕੀਤੀ ਅਤੇ ਸੰਨ 1900 ‘ਚ ਐਫ. ਸੀ. ਕਾਲਜ, ਲਾਹੋਰ ਤੋਂ ਬੀ.ਏ ਪਾਸ ਕਰਨ ਉਪਰੰਤ 1902 ‘ਚ ਨਾਇਬ ਤਹਿਸੀਲਦਾਰ ਵਜੋਂ ਨਿਯੁਕਤ ਹੋਏ। ਆਪ ਜੀ ਨੇ ਪਿੰਡ ਬਕਾਪੁਰ, ਫਿਲੋਰ ਵਿਖੇ 14 ਜੂਨ 1903 ਨੂੰ ਅੰਮ੍ਰਿਤਪਾਨ ਕੀਤਾ ਅਤੇ ਸੰਨ 1905 ‘ਚ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਨਾਭਾ ਹੋਸਟਲ ਵਿਖੇ ਤਮਿੰਦਰ ਸਿੰਘ
ਸੁਪਰੀਟੈਂਡੰਟ ਵਜੋਂ ਨੋਕਰੀ ਕੀਤੀ। ਸੰਨ 1914 ਨੂੰ ਗੁਰਦੁਆਰਾ ਰਕਾਬ ਗੰਜ਼ ਸਾਹਿਬ ਦੀ ਕੰਧ ਦਾ ਮਾਮਲਾ ਆਪ ਅੱਗੇ ਹੋ ਕੇ ਨਜੀਠਿਆ। ਭਾਈ ਰਣਧੀਰ ਸਿੰਘ ਜੀ ਨੇ ਅਜਾਦੀ ਦੀ ਲਹਿਰ ‘ਚ ਵੀ ਵੱਧ ਚੱੜ ਕੇ ਹਿੱਸਾ ਲਿਆ ਅਤੇ 19 ਫਰਵਰੀ 1915 ਨੂੰ ਅੰਗਰੇਜ ਸਰਕਾਰ ਵਿਰੁਧ ਗਦਰ ਕੀਤਾ। ਜਿਸ ਕਾਰਨ 9 ਮਈ 1915 ਨੂੰ ਪੁਲਸ ਵਲੋਂ ਆਪ ਨੂੰ ਨਾਭੇ ‘ਚ ਨਜਰਬੰਦ ਕੀਤਾ ਗਿਆ ਅਤੇ 19 ਮਈ 1915 ਨੂੰ ਗ੍ਰਿਫ਼ਤਾਰ ਕਰਕੇ ਲੁਧਿਆਣੇ ਹਵਾਲਾਤ ਵਿਚ ਭੇਜ ਦਿੱਤਾ ਗਿਆ। 30 ਮਾਰਚ 1916 ਨੂੰ ਦੂਜੇ ਲਾਹੋਰ ਸਾਜਿਸ਼ ਕੇਸ ‘ਚ ਉਮਰ ਕੈਦ ਦੀ ਸਜਾ ਹੋਈ ਜਿਥੋ 4 ਅਪ੍ਰੈਲ 1916 ਮੁਲਤਾਨ ਜੇਲ ਭੇਜ ਦਿੱਤਾ ਗਿਆ ਜਿਥੇ ਆਪ ਨੇ 4 ਅਪ੍ਰੈਲ ਤੋਂ 13 ਮਈ 1916 ਤੱਕ ਬਿਨ੍ਹਾਂ ਅੰਨ-ਜਲ ਤੋਂ 40 ਦਿਨਾਂ ਦੀ ਕਰੜੀ ਭੁਖ ਹੜਤਾਲ ਕੀਤੀ। ਜੁਲਾਈ 1917 ਨੂੰ ਆਪ ਨੂੰ ਹਜਾਰੀ ਬਾਗ ਜੇਲ, ਅਕਤੂਬਰ 1921 ਨੂੰ ਰਾਜ ਮੰਤਰੀ ਜੇਲ, 1 ਦਸੰਬਰ 1922 ਨੂੰ ਨਾਗਪੁਰ ਜੇਲ ਭੇਜਣ ਤੋਂ ਬਾਅਦ 15 ਮਈ 1930 ਨੂੰ ਲਾਹੋਰ ਜੇਲ ‘ਚ ਵਾਪਸ ਭੇਜਿਆ। 4 ਅਕਤੂਬਰ 1930 ਨੂੰ ਰਿਹਾਈ ਤੋਂ ਪਹਿਲਾ ਸ਼ਹੀਦ ਭਗਤ ਸਿੰਘ ਨਾਲ ਜੇਲ ‘ਚ ਮੁਲਾਕਾਤ ਕੀਤੀ ਅਤੇ ਉਸ ਦੇ ਕੇਸ ਰਖਵਾਏ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ 15 ਸਤੰਬਰ 1931 ਨੂੰ ਆਪ ਜੀ ਲਈ ਹੁਕਮਨਾਮਾਂ ਜਾਰੀ ਹੋਇਆ ਅਤੇ ਸਿਰੋਪਾਓ ਮਿਲਿਆ। 1930 ਤੋਂ ਅੰਤਿਮ ਸਮੇਂ ਤੱਕ ਪੰਥ ਨੂੰ ਸਮਰਪਿਤ ਹੋ ਕੇ ਪੰਥ ਦੀ ਚੜ੍ਹਦੀ ਕਲਾਂ ਲਈ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਨ ਲਈ ਅਖੰਡ ਪਾਠ ਅਤੇ ਕੀਰਤਨ ਸਮਾਗਮ ਕਰਦੇ ਰਹੇ ਪਤਿਤਪੁਣੇ ਅਤੇ ਪਾਖੰਡੀ ਗੁਰੂ ਡੰਮ ਦੇ ਵਿਰੁਧ ਤਕੜੀ ਟੱਕਰ ਲਈ। ਰੁਹਾਨੀ ਪ੍ਰਾਪਤੀ ਤੋਂ ਉਪਰੰਤ ਗੁਰਸਿੱਖ ਪਰਿਵਾਰਾਂ ਨਾਲ ਇਨ੍ਹਾਂ ਨੇ ਡੂੰਗੀ ਸਾਂਝ ਕੀਤੀ ਅਤੇ ਆਪਣੇ ਅਨੂਭਵੀ ਤਜਰਬਿਆਂ ਨੂੰ ਕਰੀਬ ਕਰੀਬ 37 ਪੁਸਤਕਾਂ ਅਤੇ ਟ੍ਰੈਕਟਾਂ ਵਿਚ ਵਿਚਾਰਮਾਨ ਕੀਤਾ। ਅਖੰਡ ਕੀਰਤਨੀ ਜਥਾ ਇੰਟਰਨੈਸਨਲ ਭਾਈ ਰਣਧੀਰ ਸਿੰਘ ਜੀ ਦੇ ਕੀਰਤਨ ਇਸ਼ਕ ਦੀ ਉਪੱਜ ਹੈ ਅਤੇ ਪੰਥ ਦਾ ਵੱਡਮੁਲਾਂ ਅੰਗ ਅਤੇ ਅਨਮੋਲ ਵਿਰਸਾ ਹੈ। ਅਖੰਡ ਕੀਰਤਨੀ ਜਥੇ ਦਾ ਘੇਰਾ ਕਿਸੇ ਡੇਰੇ ਤੱਕ ਸਿਮਤ ਨਹੀਂ ਜਿਹੜਾ ਵਿਅਕਤੀ ਅੰਮ੍ਰਿਤਪਾਨ ਕਰਦਾ ਹੈ ਉਹ ਅਖੰਡ ਕੀਤਰਨੀ ਜਥੇ ਵਿਚ ਵਿਚਰਣ ਵੇਲੇ ਆਪਣੇ ਆਪ ਨੂੰ ਪੰਥ ਦਾ ਅੰਗ ਮਹਿਸੂਸ ਕਰਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੁੰ ਸਮਰਪਿਤ ਹੋ ਕੇ ਪੰਥਕ ਹੁਕਮਾਂ ਤੇ ਮਰਨ ਮਿੱਟਣ ਲਈ ਵੀ ਤਿਆਰ-ਬਰ-ਤਿਆਰ ਰਹਿੰਦਾ ਹੈ। ਅਖੰਡ ਕੀਰਤਨੀ ਜਥੇ ਵਿਚ ਪੜੇ ਲਿਖੇ ਪ੍ਰੋਫੈਸਰ, ਡਾਕਟਰ, ਇੰਜਿਨਿਅਰ, ਗਜਟਡ ਅਫ਼ਸਰ, ਮਿਲਟਰੀ ਅਫ਼ਸਰ ਅਤੇ ਪਿੰਡਾਂ ਦੇ ਜਿੰਮੀਦਾਰਾਂ ਦੇ ਨਾਲ ਨਾਲ ਕਿਰਤੀ ਵੀਰ ਵੀ ਸ਼ਾਮਲ ਹਨ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਅਤੇ ਸਿੰਘਣੀਆਂ ਦੇ ਰਹਿਤ ਰਹਿਣੀ ਗੁਰੂ ਆਸ਼ੇ ਮੁਤਾਬਕ ਪਰਪਕਤਾ ਅਤੇ ਨਾਮ ਜੱਪਣ ਲਈ ਹੈ। ਜਥਾ ਸ਼ਰਧਾ ਪ੍ਰੇਮ ਅਤੇ ਲਗਣ ਨਾਲ ਗੁਰਬਾਣੀ ਦਾ ਕੀਰਤਨ ਕਰਦਾ ਹੈ। ਅਖੰਡ ਕੀਰਤਨੀ ਜਥੇ ‘ਚ ਪੜਿਆਂ ਲਿਖਿਆਂ ਨੌਜਵਾਨ ਤਬਕਾ ਬਹੁਤ ਜਿਆਦਾ ਹੈ। ਪੰਥ ਵਲੋਂ ਜਦੋਂ ਧਰਮ ਪ੍ਰਚਾਰ ਲਈ ਸੇਵਾ ਮੁਬਾਰਕ ਕੀਤੀ ਤਾਂ ਪੰਥ ਦੇ ਹੁਕਮਾਂ ਨੁੰ ਮੁੱਖ ਰਖਦਿਆਂ ਅਖੰਡ ਕਤਿਰਨੀ ਜਥੇ ਦੇ ਮੋਜੂਦਾ ਜਥੇਦਾਰ ਭਾਈ ਬਲਦੇਵ ਸਿੰਘ ਨੇ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਪਿਛਲੇ ਪੰਜ ਸਾਲਾਂ ਤੋਂ ਆਰੰਭ ਕੀਤੀ ਹੈ ਜਿਸ ਵਿਚ ਲੱਖਾਂ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਅਤੇ ਲੱਖਾਂ ਨੇ ਹੀ ਕੇਸ ਰੱਖਣ ਦਾ ਪ੍ਰਣ ਲਿਆ। ਇਸੇ ਲਹਿਰ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੋ ਸਾਰੇ ਸਾਧਣ ਮੁੱਹਇਆ ਕੀਤੇ ਗਏ ਹਨ ਅਤੇ ਹੁਣ ਪੰਜਾਬ ਦੇ 1567 ਪਿੰਡਾਂ ਚੋਂ 7 ਹਜ਼ਾਰ ਤੋ ਵੱਧ ਮੁੱਖ ਸੇਵਾਦਾਰ ਥਾਪੇ ਗਏ ਹਨ। ਅਖੰਡ ਕੀਰਤਨੀ ਜਥੇ ਦੀਆਂ ਸੇਵਾਵਾਂ ਪੰਥ ਦੀ ਚੜ੍ਹਦੀ ਕਲ਼ਾਂ ਲਈ ਹਰ ਵੇਲੇ ਹਰ ਘੜੀ ਪੰਥ ਨੂੰ ਸਮਰਪਿਤ ਹਨ ਅਤੇ ਜਥਾ ਚਾਹੁੰਦਾ ਹੈ ਕੇ ਸਿੱਖ ਪੰਥ ਦੀ ਪੰਥਕ ਅਤੇ ਰਾਜਨਿਤਕ ਖੇਤਰ ‘ਚ ਹਰ ਮੈਦਾਨੇ ਫਤਿਹ ਹੋਵੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆ ਅਖੰਡ ਕੀਰਤਨੀ ਜਥਾ ਅੱਜ ਤੱਕ ਪੰਥ ਦੀ ਚੜ੍ਹਦੀ ਕਲਾਂ ਲਈ ਸੇਵਾ ਨਿਭਾਉਂਦਾ ਰਿਹਾ ਅਤੇ ਭਵਿਖ ਵਿਚ ਵੀ ਪੰਥ ਨੂੰ ਸਮਰਪਿਤ ਹੋ ਕੇ ਸੇਵਾ ਨਿਭਾਏਗਾ। ਅੱਜ ਪਿੰਡ ਨਾਰੰਗਵਾਲ ਜਿਲ੍ਹਾ ਲੁਧਿਆਣਾ ਵਿਖੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ 50 ਸਾਲਾਂ ਚਲਾਣਾ ਦਿਵਸ ਦਾ ਪੰਥਕ ਸਮਾਗਮ ਹੋ ਰਿਹਾ ਹੈ। ਮਲੇਆਣੇ ਦੀ ਢਾਬ ਇਹ ਉਹ ਸਥਾਨ ਹੈ ਜਿਥੇ ਭਾਈ ਸਾਹਿਬ ਨੇ ਮਹਾਂ ਤੱਪਸਿਆ ਕੀਤੀ ਅਤੇ ਇਥੇ ਤੱਪਸਿਆ ਕਰਦਿਆ ਹੋਇਆਂ ਜਦੋਂ ਅਕਾਲ ਪੁਰਖ ਨਾਲ ਅਭੇਦ ਹੋਏ ਅਤੇ ਉਸ ਤੋਂ ਉਪਰੰਤ ਅੰਤਿਮ ਸਮੇਂ ਤੱਕ ਗੁਰੂ ਗ੍ਰੰਥ ਅਤੇ ਪੰਥ ਨਾਲ ਸੰਗਤਾਂ ਨੂੰ ਜੋੜਨ ਲਈ ਅਥਾਹ ਉਪਰਾਲੇ ਕੀਤੇ ਅਤੇ ਅੰਤਿਮ ਸਮੇਂ ਉਨ੍ਹਾਂ ਦੀ ਇਸ਼ਾ ਮੁਤਾਬਕ ਹੀ ਇਸੇ ਅਸਥਾਨ ਤੇ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਇਸੇ ਹੀ ਸਥਾਨ ਤੇ ਉਨ੍ਹਾਂ ਦੀ ਯਾਦ ‘ਚ ਭਾਈ ਰਣਧੀਰ ਸਿੰਘ ਅਕੈਡਮੀ ਚਲਾਈ ਜਾ ਰਹੀ ਹੈ।
ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਪੰਜਾਹ ਸਾਲਾਂ ਚਲਾਣਾ ਦਿਵਸ ਤੇ ਵਿਸ਼ੇਸ਼-ਤਮਿੰਦਰ ਸਿੰਘ
This entry was posted in ਸਰਗਰਮੀਆਂ.