ਲੁਧਿਆਣਾ:-ਦੱਖਣੀ ਏਸ਼ੀਆਈ ਮੁਲਕਾਂ ਵਿੱਚ ਚਲਾਏ ਜਾ ਰਹੇ ਇਕ ਅੰਤਰ ਰਾਸ਼ਟਰੀ ਪ੍ਰੋਗਰਾਮ (ਸੀਸਾ) ਦੇ ਅਧੀਨ ਉੱਚ ਪੱਧਰੀ ਸਾਇੰਸਦਾਨਾਂ ਦੇ ਵਫਦ ਨੇ ਦੌਰਾ ਕੀਤਾ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਡਾ: ਸੇਗਲਾਈਂਡ ਸਨੈਪ ਅਤੇ ਡਾ: ਜੌਹਨ ਡੀ ਬੋਰ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਵਫਦ ਦਾ ਮੁੱਖ ਉਦੇਸ਼ ਭੋਜਨ ਸੁਰੱਖਿਆ ਲਈ ਖੇਤੀਬਾੜੀ ਵਿੱਚ ਨਵੀਆਂ ਤਜਵੀਜ਼ਾਂ ਦੀ ਪੜਚੋਲ ਕਰਨਾ ਸੀ।
ਡਾ: ਕੰਗ ਨੇ ਇਸ ਮੌਕੇ ਦੱਸਿਆ ਕਿ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਤੇ ਵੱਖ-ਵੱਖ ਵਿਸ਼ਿਆਂ ਸੰਬੰਧੀ ਤਕਨੀਕੀ ਜਾਣਕਾਰੀ ਕਿਸਾਨਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ। ਮਿੱਟੀ ਪਰਖ਼, ਪੌਦ ਸੁਰੱਖਿਆ, ਬਾਗਬਾਨੀ, ਖੇਤੀਬਾੜੀ ਇੰਜੀਨੀਅਰਿੰਗ, ਖੁੰਬਾਂ ਦੀ ਕਾਸ਼ਤ, ਮੱਖੀ ਪਾਲਣ ਅਤੇ ਹੋਮ ਸਾਇੰਸ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਸੰਬੰਧੀ ਤਕਨੀਕੀ ਸਿਖਲਾਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਵੱਖ-ਵੱਖ ਅਦਾਰਿਆਂ ਨਾਲ ਕੀਤੇ ਇਕਰਾਰਨਾਮਿਆਂ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇਸ਼ ਦੀ ਭੋਜਨ ਸੁਰੱਖਿਆ ਲਈ ਅਹਿਮ ਯੋਗਦਾਨ ਪਾ ਸਕੇਗੀ। ਯੂਨੀਵਰਸਿਟੀ ਦੇ ਨਿਰਦੇਸ਼ਕ ਡਾ: ਸਤਬੀਰ ਸਿੰਘ ਗੋਸਲ ਨੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੋਜ ਅਤੇ ਖੋਜ ਪ੍ਰਾਪਤੀਆਂ ਬਾਰੇ ਜਾਣਕਾਰੀ ਵਫਦ ਨਾਲ ਸਾਂਝੀ ਕੀਤੀ।
ਇਸ ਮੌਕੇ ਅੰਤਰ ਰਾਸ਼ਟਰੀ ਕਣਕ ਦੀ ਖੋਜ ਸੰਬੰਧੀ ਖੋਜ ਕੇਂਦਰ ਸਿਮਟ ਤੋਂ ਡਾ: ਐਮ ਐਲ ਜਾਟ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਅਤੇ ਸੀਸਾ ਪ੍ਰੋਜੈਕਟ ਅਧੀਨ ਕਈ ਵੱਖ-ਵੱਖ ਗਤੀਵਿਧੀਆਂ ਉਲੀਕੀਆਂ ਗਈਆਂ ਹਨ ਜਿਨ੍ਹਾਂ ਨਾਲ ਅਸੀਂ ਘੱਟ ਮੁੱਲ ਲਾਗਤਾਂ ਨਾਲ ਜ਼ਿਆਦਾ ਲਾਭ ਪ੍ਰਾਪਤ ਕਰ ਸਕਾਂਗੇ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਕੇਂਦਰ ਹੋਵੇਗਾ। ਪੰਜਾਬ ਵਿੱਚ ਇਸ ਪ੍ਰੋਜੈਕਟ ਤਹਿਤ ਸਥਾਪਿਤ ਕੀਤੇ ਗਏ ਹੱਬ ਦੇ ਮੈਨੇਜਰ ਡਾ: ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਖੋਜ ਪ੍ਰਾਪਤੀਆਂ ਅਤੇ ਉਨ੍ਹਾਂ ਸੰਬੰਧੀ ਸਿਖਲਾਈ ਖੇਤਰ ਦੇ ਵੱਖ-ਵੱਖ ਦੇਸ਼ਾਂ ਨਾਲ ਸਾਂਝੀ ਕੀਤੀ ਜਾਵੇਗੀ।