ਫਤਿਹਗੜ੍ਹ ਸਾਹਿਬ:- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਦੋਵੇ ਸਖਸੀਅਤਾਂ ਅਸਲ ਮਕਸਦ ਅਤੇ ਜਿਮੇਵਾਰੀ ਤੋਂ ਭੱਜ ਕੇ ਆਪਣੇ ਨਿੱਜੀ ਦੂਸ਼ਣਬਾਜ਼ੀ ਵਿੱਚ ਮਸ਼ਰੂਫ ਹੋ ਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਚੁੱਕੀਆਂ ਹਨ ਅਤੇ ਕਰ ਰਹੀਆਂ ਹਨ। ਉਨ੍ਹਾ ਕਿਹਾ ਕਿ ਜਦੋ ਤੱਕ ਇਹ ਦੋਵੇ ਸਖਸੀਅਤਾਂ ਪੁਰਾਤਨ ਖੂਹਾਂ ਉਤੇ ਪਾਣੀ ਭਰਨ ਵਾਲੀਆਂ ਔਰਤਾਂ ਵੱਲੋ ਕੀਤੀਆਂ ਜਾਣ ਵਾਲੀਆਂ ਤਾਹਨੇ-ਮਿਹਣੇ ਵਾਲੀ ਨਮੌਸ਼ੀ ਭਰੀ ਬੇਫਾਇਦਾ ਲੜਾਈ ਵਾਲੇ ਰੁਝਾਨ ਨੂੰ ਖਤਮ ਕਰਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੇ ਚਹੁੰ ਤਰਫੇ ਵਿਕਾਸ ਲਈ ਅਮਲੀ ਉੱਦਮ ਕਰਦੀਆਂ ਹੋਈਆਂ ਨਿੱਜੀ ਦੂਸ਼ਣਬਾਜ਼ੀ ਤੋ ਉੱਪਰ ਉੱਠ ਕੇ ਕੰਮ ਨਹੀਂ ਕਰਦੀਆਂ, ਉਦੋ ਤੱਕ ਇਹ ਆਗੂ ਆਪਣੇ ਲਈ, ਪੰਜਾਬ ਲਈ, ਪੰਜਾਬ ਸੂਬੇ ਦੇ ਨਿਵਾਸੀਆਂ ਲਈ ਅਤੇ ਸਿੱਖ ਕੌਮ ਲਈ ਕੋਈ ਰਤੀ ਭਰ ਵੀ ਪ੍ਰਾਪਤੀ ਨਹੀਂ ਕਰ ਸਕਣਗੇ।
ਉਨ੍ਹਾ ਆਪਣੇ ਖਿਆਲਾਂ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਜਮਾਤ ਦੀ ਹਕੂਮਤ ਰਹੀ ਅਤੇ ਹੁਣ ਬੀਤੇ 4 ਸਾਲਾਂ ਤੋ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਰਾਜ ਪ੍ਰਬੰਧ ਚੱਲਦਾ ਆ ਰਿਹਾ ਹੈ। ਉਪਰੋਕਤ ਦੋਵੇ ਸਖਸੀਅਤਾਂ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਜਿਵੇ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਦੇ ਮਸਲੇ, ਹੈਡਵਰਕਸਾਂ ਅਤੇ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਮਿਲਾਉਣ, ਪੰਜਾਬ ਦੀ ਦਿਨ ਬ ਦਿਨ ਵਿਗੜਦੀ ਜਾ ਰਹੀ ਕਾਨੂੰਨੀ ਵਿਵਸਥਾ ਨੂੰ ਕਾਬੂ ਕਰਨ, 40 ਲੱਖ ਦੇ ਕਰੀਬ ਇੱਥੋ ਦੀ ਬੇਰੁਜ਼ਗਾਰੀ ਨੂੰ ਹੱਲ ਕਰਨ, ਪੰਜਾਬ ਵਿੱਚ ਨਸਿਆਂ ਦੇ ਤੇਜ਼ੀ ਨਾਲ ਵੱਧਦੇ ਜਾ ਰਹੇ ਰੁਝਾਨ, ਪੰਜਾਬ ਦੀ ਮਾਲੀ ਹਾਲਤ ਨੂੰ ਬਿਹਤਰ ਬਣਾਉਣ, ਇੱਥੇ ਇਨਸਾਫ ਦਾ ਰਾਜ ਕਾਇਮ ਕਰਨ, ਅਨੰਦ ਮੈਰਿਜ ਐਕਟ ਨੂੰ ਹੋਂਦ ਵਿੱਚ ਲਿਆਉਣ, ਸਿੱਖ ਕੌਮ ਦੀ ਆਨ-ਸ਼ਾਨ ਦੀ ਪ੍ਰਤੀਕ ਦਸਤਾਰ ਦੇ ਮਸਲੇ ਨੂੰ ਹੱਲ ਕਰਨ, ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ, ਸਿੱਖਾਂ ਨੂੰ ਹਿੰਦੂ ਗਰਦਾਨਣ ਵਾਲੀ ਵਿਧਾਨ ਦੀ ਧਾਰਾ 25 ਨੂੰ ਖਤਮ ਕਰਨ, ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋ 65 ਸਾਲਾ ਬਜ਼ੁਰਗ ਉਤੇ ਤਸ਼ੱਦਦ ਕਰਕੇ ਸੋਹਣ ਸਿੰਘ ਦਾ ਕਤਲ ਕਰਨ, ਦਰਸ਼ਨ ਸਿੰਘ ਲੁਹਾਰਾ ਵਰਗੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਕੇ ਸਰਕਾਰੀ ਦਹਿਸ਼ਤਗਰਦੀ ਫੈਲਾਉਣ ਤੋ ਰੋਕਣ ਲਈ, ਪੰਜਾਬ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦਾ ਸਮੁੱਚਾ ਵਿਕਾਸ ਕਰਨ ਅਤੇ ਇੱਥੋ ਦੇ ਨਿਵਾਸੀਆਂ ਦੇ ਵਿੱਦਿਅਕ ਅਤੇ ਸਿਹਤ ਮਿਆਰ ਨੂੰ ਉੱਪਰ ਚੁੱਕਣ ਵਿੱਚ ਇਹ ਆਗੂ ਕੋਈ ਪ੍ਰਾਪਤੀ ਨਹੀਂ ਕਰ ਸਕੇ। ਇੱਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਉਪਰੋਕਤ ਦੋਵੇ ਆਗੂ ਕ੍ਰਮਵਾਰ 22 ਅਪ੍ਰੈਲ 1992 ਅਤੇ 1 ਮਈ 1994 ਨੂੰ ਖਾਲਿਸਤਾਨ ਦੀਆਂ ਇਤਿਹਾਸਕ ਲਿਖਤਾਂ ਉੱਤੇ ਦਸਤਖਤ ਕਰਕੇ ਸਿੱਖ ਕੌਮ ਨੂੰ ਧੋਖਾ ਦਿੰਦੇ ਹੋਏ ਪਿੱਠ ਦੇ ਚੁੱਕੇ ਹਨ। ਜਦੋ ਕਿ ਇਨ੍ਹਾ ਦੋਵਾਂ ਨੂੰ ਵੀ ਇਹ ਅਹਿਸਾਸ ਹੈ ਕਿ ਖਾਲਿਸਤਾਨ ਦੀ ਕਾਇਮੀ ਤੋ ਬਿਨ੍ਹਾ ਉਪਰੋਕਤ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਇਹ ਆਗੂ ਫਿਰ ਵੀ ਆਪਸੀ ਦੂਸ਼ਣਬਾਜ਼ੀ ਅਤੇ ਹੋਰ ਨਿਰਾਰਥਕ ਕਾਰਵਾਈਆਂ ਵਿੱਚ ਪੰਜਾਬੀਆਂ ਅਤੇ ਸਿੱਖਾਂ ਨੂੰ ਉਲਝਾ ਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਨ ਵਿੱਚ ਲੱਗੇ ਹੋਏ ਹਨ ਅਤੇ ਦੋਵਾਂ ਉੱਤੇ ਵੱਡੇ ਵੱਡੇ ਘਪਲਿਆਂ ਅਤੇ ਰਿਸ਼ਵਤਾਂ ਦੇ ਕੇਸ ਅੱਜ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ। ਅਸਲੀਅਤ ਵਿੱਚ ਇਹ ਦੋਵੇ ਆਗੂ, ਕਾਂਗਰਸ ਅਤੇ ਬਾਦਲ ਦਲੀਏ ਅੰਦਰੂਨੀ ਤੌਰ ‘ਤੇ ਆਪਸ ਵਿੱਚ ਮਿਲੇ ਹੋਏ ਹਨ। ਇਸ ਲਈ ਹੀ 4 ਸਾਲ ਦਾ ਲੰਮਾ ਸਮਾ ਬੀਤ ਜਾਣ ਉਪਰੰਤ ਵੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਚਾਰਜਸ਼ੀਟ ਹੀ ਜਾਰੀ ਨਹੀਂ ਕੀਤੀ ਗਈ ਅਤੇ ਬਾਦਲ ਦਲ ਦੇ ਕੇਸਾਂ ਸਬੰਧੀ ਗਵਾਹਾਂ ਨੂੰ ਮੁੱਕਰਾ ਕੇ ਅਦਾਲਤੀ ਕੇਸਾਂ ਨੂੰ ਸ਼ਾਜਿਸ ਅਧੀਨ ਖਤਮ ਕੀਤਾ ਜਾ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਉਪਰੋਕਤ ਦੋਵੇ ਆਗੂਆਂ ਅਤੇ ਕਾਂਗਰਸ, ਬਾਦਲ ਦਲੀਏ ਅਤੇ ਭਾਜਪਾਈ ਜਮਾਤਾਂ ਦੇ 99 ਦੇ ਚੱਕਰਵਿਉ ਵਿੱਚੋ ਆਜ਼ਾਦ ਹੋ ਕੇ “ਖਾਲਿਸਤਾਨ” ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਲਈ ਆਪੋ ਆਪਣਾ ਯੋਗਦਾਨ ਪਾਉਣ ਅਤੇ ਸਾਨੂੰ ਸਹਿਯੋਗ ਦੇਣ ਤਾਂ ਕਿ ਇੱਥੇ ਗੁਰੂ ਸਾਹਿਬਾਨ ਦੀ ਸੋਚ ਉੱਤੇ ਅਧਾਰਿਤ “ਹਲੇਮੀ ਰਾਜ” ਦੀ ਸਥਾਪਨਾ ਕੀਤੀ ਜਾ ਸਕੇ ਅਤੇ ਸਭ ਕੌਮਾਂ ਅਤੇ ਧਰਮਾ ਨੂੰ ਵੱਧਣ ਫੁੱਲਣ ਦੇ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।