ਦੁਬਈ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੀ ਨਜ਼ਰ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਉਨ੍ਹਾਂ ਦੇ ਦੇਸ਼ ਲਈ ਇੱਕ ਭਲੇ ਵਿਅਕਤੀ ਹਨ।
ਸਾਬਕਾ ਰਾਸ਼ਟਰਪਤੀ ਮੁਸ਼ਰਫ਼ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਡਾ: ਮਨਮੋਹਨ ਸਿੰਘ ਨੂੰ ਮਿਲ ਚੁੱਕੇ ਹਨ। 2005 ਵਿੱਚ ਵੀ ਆਪਣੀ ਦਿੱਲੀ ਯਾਤਰਾ ਦੌਰਾਨ ਮੁਸ਼ਰਫ਼ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਮਿਲੇ ਸਨ। ਮੁਸ਼ਰਫ਼ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਚੰਗੇ ਲਗਦੇ ਹਨ। ਉਨ੍ਹਾਂ ਕਿਹਾ ਕਿ , ‘ ਡਾ: ਮਨਮੋਹਨ ਸਿੰਘ ਪਾਕਿਸਤਾਨ ਲਈ ਵੀ ਭਲੇ ਪੁਰਸ਼ ਹਨ।’
ਪਾਕਿਸਤਾਨ ਤੋਂ ਬਾਹਰ ਰਹਿ ਰਹੇ ਸਾਬਕਾ ਰਾਸ਼ਟਰਪਤੀ ਨੇ ਦੁਬਈ ਦੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਭਾਰਤ ਦੇ ਪ੍ਰਧਾਨਮੰਤਰੀ ਸਬੰਧੀ ਅਜਿਹੇ ਸ਼ਬਦ ਕਹੇ। ਜਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਨਵੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਉਪਰ ਮੁਕਦਮਾ ਚਲਾਏ ਜਾਣ ਤੋਂ ਬੱਚਣ ਲਈ ਉਨ੍ਹਾਂ ਨੇ ਪਾਕਿਸਤਾਨ ਛੱਡ ਦਿੱਤਾ ਸੀ। ਆਗਰਾ ਸਿਖਰ ਸੰਮੇਲਨ ਦੀ ਨਾਂਕਾਮਯਾਬੀ ਤੋਂ ਬਾਅਦ ਮੁਸ਼ਰਫ਼ 2005 ਵਿੱਚ ਭਾਰਤ ਆਏ ਸਨ ਅਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੀਟਿੰਗ ਕਰਕੇ ਸੰਯੁਕਤ ਬਿਆਨ ਦਿਤਾ ਸੀ ਕਿ ਦੋਵਾਂ ਦੇਸ਼ਾਂ ਨੂੰ ਸ਼ਾਂਤੀ ਪ੍ਰਕਿਰਿਆ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। 2004 ਵਿੱਚ ਵੀ ਦੋਵੇਂ ਨੇਤਾ ਨਿਊਯਾਰਕ ਵਿੱਚ ਪਹਿਲੀ ਵਾਰ ਮਿਲੇ ਸਨ।