ਅੰਮ੍ਰਿਤਸਰ-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪ੍ਰਮਜੀਤ ਸਿੰਘ ਸਰਨਾਂ ਵਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਪ੍ਰਣਾਲੀ ’ਤੇ ਕਿੰਤੂ ਕੀਤੇ ਜਾਣ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੂਰਨ ਗੁਰ-ਮਰਯਾਦਾ ਅਨੁਸਾਰ ਚਲਾ ਰਹੀ ਹੈ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੁਹਿਰਦਤਾ ਨਾਲ ਆਪਣੇ ਫਰਜ ਨਿਭਾਉਣ ਤੋਂ ਇਲਾਵਾ ਵਿਦਿਆ ਦੇ ਖੇਤਰ ’ਚ ਵੀ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ ਜਦਕਿ ਸ. ਸਰਨਾ ਆਪਣੇ ਕਾਂਗਰਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਲਈ ਅਜਿਹੇ ਗੁੰਮਰਾਹਕੁੰਨ ਬਿਆਨ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ’ਚ ਗੁਰੂ ਘਰਾਂ ਦੇ ਪ੍ਰਬੰਧਾਂ ਲਈ ਕਮੇਟੀਆਂ ਬਣਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸ. ਸਰਨਾਂ ਨੂੰ ਆਪਣੇ ਮਨ ਚੋਂ ਅਜਿਹੀ ਗਲਤ ਫਹਿਮੀ ਕੱਢ ਦੇਣੀ ਚਾਹੀਦੀ ਹੈ ਕਿ ਇਹ ਪ੍ਰਬੰਧਕ ਸ਼੍ਰੋਮਣੀ ਕਮੇਟੀ ਤੋਂ ਲਾਂਭੇ ਜਾ ਰਹੇ ਹਨ ਉਨ੍ਹਾਂ ਕਿ ਦੇਸ਼-ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਲੋਂ ਆਪਣੇ-ਆਪਣੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਗੁਰਮਤਿ ਅਨੁਸਾਰ ਚਲਾਉਣ ਵਾਲੇ ਪ੍ਰਬੰਧਕ/ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ। ਸਰਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸਬੰਧੀ ਵਾ-ਵੇਲਾ ਕੀਤੇ ਜਾਣ ਦੇ ਸਬੰਧ ’ਚ ਉਨ੍ਹਾਂ ਕਿਹਾ ਕਿ ਵੋਟਾਂ ਬਣਨ ਸਮੇਂ ਤਾਂ ਸ. ਸਰਨਾਂ ਨੇ ਕੋਈ ਇਤਰਾਜ ਦਰਜ਼ ਕਰਾਇਆ ਨਹੀਂ ਤੇ ਹੁਣ ਕਾਂਗਰਸ ਦੇ ਇਸ਼ਾਰੇ ’ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੇਟ ਕਰਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਗੁਰਧਾਮਾਂ ਅਤੇ ਵਿਦਿਅਕ ਅਦਾਰਿਆਂ ਦੇ ਪ੍ਰਬੰਧ ਸਬੰਧੀ ਸੰਗਤਾਂ ਜਾਗਰੂਕ ਹੋ ਚੁੱਕੀਆਂ ਹਨ ਇਸ ਲਈ ਸ. ਸਰਨਾਂ ਪੰਜਾਬ ਦਾ ਫਿਕਰ ਛੱਡੇ ਤੇ ਦਿੱਲੀ ਦਾ ਖਿਆਲ ਕਰੇ ਕਿਉਂਕਿ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸੰਗਤਾਂ ਉਸ ਦੇ ਕਬਜ਼ੇ ਦਾ ਸਫਾਇਆ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਜੇ ਸ. ਸਰਨਾਂ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਬਹੁਤ ਫਿਕਰ ਹੈ ਤਾਂ 1984 ’ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਕਾਂਗਰਸੀ ਆਗੂਆਂ ਵੱਲੋਂ ਪਿੱਠ ਪੂਰਨ ਵਾਲਿਆਂ ਦੀ ਪਰਦੇ ਪਿਛੇ ਮਦਦ ਕਰਨ ਦੀ ਬਜਾਏ ਸ. ਸਰਨਾਂ ਅਜਿਹੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਉਣ ਲਈ ਵੀ ਖੁਲ ਕੇ ਸਾਹਮਣੇ ਆਉਣ ਦੀ ਜੁਰਤ ਵੀ ਵਿਖਾਉਣੀ ਚਾਹੀਦੀ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਧਾਰਮਿਕ ਮਸਲੇ ਦੇ ਸਬੰਧ ਵਿਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹਦਾਇਤ ਕੀਤੇ ਜਾਣ ਸਬੰਧੀ ਉਹ ਕਦੇ ਸੋਚ ਵੀ ਨਹੀਂ ਸਕਦੇ ਪਰ ਕਿਸੇ ਵਲੋਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੇ ਵਿਰੁੱਧ ਕਾਰਵਾਈ ਕਰਨ ਲਈ ਇਕ ਨਿਮਾਣੇ ਸਿੱਖ ਵਜੋਂ ਉਹ ਜਥੇਦਾਰ ਸਾਹਿਬ ਜੀ ਨੂੰ ਨਿਮਰਤਾ ਸਹਿਤ ਬੇਨਤੀ ਜ਼ਰੂਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ. ਸਰਨਾਂ ਨੂੰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਇਨ੍ਹਾਂ ਕੁ ਫਿਕਰ ਹੈ ਕਿ ਵਿਦੇਸ਼ਾਂ ’ਚ ਭੇਜਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ. ਸਰਨਾਂ ਦੇ ਪ੍ਰਬੰਧਾਂ ਹੇਠ ਆਮ ਮਾਲ ਅਸਬਾਬ ਦੀ ਤਰ੍ਹਾਂ ਇਕ ਕੰਨਟੇਨਰ ’ਚ ਹੀ ਲੋਡ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਟਕਸਾਲੀ ਰਵਾਇਤਾਂ ਤੋਂ ਭਗੌੜੇ ਸਰਨਾਂ ਭਰਾਵਾਂ ਨੂੰ ਸਿੱਖੀ ਸਿਧਾਂਤਾਂ ਨਾਲ ਕੋਈ ਸਰੋਕਾਰ ਨਹੀਂ ਉਹ ਕੇਵਲ ਸੌੜੇ ਹਿੱਤਾਂ ਦੀ ਖਾਤਰ ਸਿੱਖਾਂ ਦੀ ਦੁਸ਼ਮਣ ਕਾਂਗਰਸ, ਸਿੱਖਾਂ ਦੇ ਕਾਤਲਾਂ ਅਤੇ ਪੰਥ ਦੋਖੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ ਜਿਸ ਤੋਂ ਸੰਗਤਾਂ ਭਲੀਭਾਂਤ ਜਾਣੂੰ ਹਨ।