ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਟ ਵਿਗਿਆਨ ਸੰਬੰਧੀ ਭਾਰਤੀ ਸੁਸਾਇਟੀ ਵੱਲੋਂ ਕੀਟ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮੀ ਗੋਸ਼ਟੀ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਵਧ ਰਹੀਆਂ ਅਨਾਜ ਲੋੜਾਂ ਦੀ ਪੂਰਤੀ ਲਈ ਅੱਜ ਮਨੁੱਖਤਾ ਦੇ ਸਭ ਤੋਂ ਵੱਡੇ ਦੁਸ਼ਮਣ ਕੀੜੇ ਮਕੌੜੇ ਬਣ ਗਏ ਹਨ ਅਤੇ ਭਾਰਤ ਵਿੱਚ ਅਨਾਜ ਉਤਪਾਦਨ ਹੋਣ ਤੋਂ ਬਾਅਦ ਵੀ ਕੀੜੇ ਭਾਰੀ ਨੁਕਸਾਨ ਕਰ ਜਾਂਦੇ ਹਨ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਕਣਕ, ਦਾਲਾਂ, ਤੇਲ ਬੀਜ ਫ਼ਸਲਾਂ ਕਮਾਦ ਅਤੇ ਨਰਮੇ ਦਾ 5 ਤੋਂ 50 ਫੀ ਸਦੀ ਤੀਕ ਨੁਕਸਾਨ ਸਿਰਫ ਕੀੜੇ ਕਰਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਵਰਗੇ ਸੂਬੇ ਵਿੱਚ ਇਹ ਨੁਕਸਾਨ ਹੋਰ ਵੀ ਜ਼ਿਆਦਾ ਹੈ ਅਤੇ ਇਹ ਨੁਕਸਾਨ ਘਟਾਉਣ ਲਈ ਲਗਾਤਾਰ ਖੋਜ ਅਤੇ ਯੋਜਨਾਕਾਰੀ ਦੀ ਲੋੜ ਹੈ। ਪੰਜਾਬ ਵਿੱਚ ਕੀੜੇ ਨਰਮੇ ਵਿੱਚ 40 ਤੋਂ 90 ਫੀ ਸਦੀ ਝੋਨੇ ਵਿੱਚ 21 ਤੋਂ 51 ਫੀ ਸਦੀ, ਤੇਲ ਬੀਜਾਂ ਵਿੱਚ 29 ਤੋਂ 75 ਫੀ ਸਦੀ, ਦਾਲਾਂ ਵਿੱਚ 40 ਤੋਂ 88 ਫੀ ਸਦੀ, ਸਬਜ਼ੀਆਂ ਵਿੱਚ 30 ਤੋਂ 60 ਫੀ ਸਦੀ ਅਤੇ ਫ਼ਲਾਂ ਵਿੱਚ 20 ਤੋਂ 35 ਫੀ ਸਦੀ ਨੁਕਸਾਨ ਸਿਰਫ ਕੀੜੇ ਕਰਦੇ ਹਨ। ਵਾਤਾਵਰਨ ਦੀ ਸਿਹਤ ਸੰਭਾਲ ਅਤੇ ਭੋਜਨ ਸੁਰੱਖਿਆ ਯਕੀਨੀ ਬਣਾਉਣ ਲਈ ਸਾਨੂੰ ਘੱਟ ਖਰਚੇ ਨਾਲ ਕੰਮ ਕਰਨ ਵਾਲੀਆਂ ਉਨ੍ਹਾਂ ਵਿਧੀਆਂ ਅਤੇ ਰਸਾਇਣਾਂ ਦੀ ਲੋੜ ਹੈ ਜਿਹੜੇ ਵਾਤਾਵਰਨ ਦਾ ਵੀ ਨੁਕਸਾਨ ਨਾ ਕਰਨ। ਡਾ: ਕੰਗ ਨੇ ਪੁਲਿਟਜ਼ਰ ਪੁਰਸਕਾਰ ਜੇਤੂ ਵਿਗਿਆਨੀ ਡਾ: ਐਡਵਰਡ ਵਿਲਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਸਾਰੀ ਮਨੁੱਖਤਾ ਦਾ ਸਰਵਨਾਸ਼ ਹੋ ਜਾਵੇ ਤਾਂ ਮੁੜ ਉਹੀ ਦੁਨੀਆਂ ਸੁਰਜੀਤ ਹੋ ਸਕਦੀ ਹੈ ਜਿਹੜੀ 10 ਹਜ਼ਾਰ ਸਾਲ ਪਹਿਲਾਂ ਸੀ। ਜੇਕਰ ਕੀੜੇ ਮਕੌੜੇ ਖਤਮ ਹੋ ਜਾਣ ਤਾਂ ਵਾਤਾਵਰਨ ਵੀ ਡੋਲ ਸਕਦਾ ਹੈ। ਡਾ: ਕੰਗ ਨੇ ਆਖਿਆ ਕਿ ਕੀੜੇ ਮਕੌਡੇ ਪਰਾਗਣ ਕਿਰਿਆ ਵਿੱਚ ਸਾਡੇ ਸਹਾਈ ਹੋਣ ਤੋਂ ਇਲਾਵਾ ਜ਼ਮੀਨ ਦੀ
ਸਿਹਤ ਅਤੇ ਉਪਜਾਊ ਸ਼ਕਤੀ ਨੂੰ ਵੀ ਬਰਕਰਾਰ ਰੱਖਦੇ ਹਨ। ਸਾਡੇ ਲਈ ਸ਼ਹਿਦ, ਰੇਸ਼ਮ, ਲਾਖ ਅਤੇ ਹੋਰ ਵਰਤੋਂ ਯੋਗ ਕਈ ਚੀਜ਼ਾਂ ਤਿਆਰ ਕਰਕੇ ਦਿੰਦੇ ਹਨ। ਡਾ: ਕੰਗ ਨੂੰ ਇਸ ਮੌਕੇ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਵਿਸ਼ੇਸ਼ ਮਹਿਮਾਨ ਵਜੋਂ ਆਏ ਪੌਦ ਸੁਰੱਖਿਆ ਸੰਬੰਧੀ ਰਸਾਇਣਕ ਦਵਾਈਆਂ ਬਣਾਉਣ ਵਾਲੀ ਕੰਪਨੀ ਯੂ ਪੀ ਐਲ ਦੇ ਮੁਖੀ ਡਾ: ਆਰ ਡੀ ਸਿਰੌਫ ਨੂੰ ਵੀ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਚਲ ਕੇ ਹੀ ਹਰੇ ਇਨਕਲਾਬ ਦਾ ਜਨਮ ਹੋਇਆ ਸੀ ਅਤੇ ਅੱਜ ਇਸ ਨੂੰ ਸਦਾਬਹਾਰ ਖੇਤੀ ਇਨਕਲਾਬ ਵਿੱਚ ਤਬਦੀਲ ਕਰਨ ਲਈ ਤਕਨੀਕੀ ਗਿਆਨ ਬੇਹੱਦ ਲੋੜੀਂਦਾ ਹੈ।
ਇਸ ਮੌਕੇ ਕੈਨੇਡਾ ਦੇ ਅਲਬਰਟਾ ਰਾਜ ਸਥਿਤ ਓਲਡਜ ਕਾਲਜ ਦੇ ਪ੍ਰੈਜੀਡੈਂਟ ਡਾ: ਹਰਬਰਟ ਜੇ ਥਾਂਪਸਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜ, ਪਸਾਰ ਅਤੇ ਵਿਦਿਅਕ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਵਿਸ਼ਵ ਖੁਰਾਕ ਸੁਰੱਖਿਆ ਵਿੱਚ ਭਾਰਤ ਦਾ ਮਾਣਯੋਗ ਸਥਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਸਦਕਾ ਸੁਰੱਖਿਅਤ ਹੈ। ਇਸ ਮੌਕੇ ਡਾ: ਓਮਾ ਕਾਂਤਾ ਮਹੇ, ਡਾ: ਦੁਲਚਾ ਸਿੰਘ ਬਰਾੜ, ਡਾ: ਸੁਰਿੰਦਰ ਨਾਥ ਤਿਵਾੜੀ, ਡਾ: ਰਾਮ ਕੁਮਾਰ ਸੈਣੀ, ਡਾ: ਸੀ ਐਸ ਪ੍ਰਸਾਦ, ਡਾ: ਰਣਜੀਤ ਸਿੰਘ ਗਿੱਲ, ਡਾ: ਜਸਬੀਰ ਸਿੰਘ ਕੀਰਤੀ, ਡਾ: ਰਾਮਿੰਦਰਜੀਤ ਸਿੰਘ ਮੱਟੂ, ਡਾ: ਪ੍ਰਦੀਪ ਕੁਮਾਰ ਛੁਨੇਜਾ ਅਤੇ ਡਾ: ਦੇਸ ਰਾਜ ਸ਼ਰਮਾ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਸੁਸਾਇਟੀ ਦੇ ਸਕੱਤਰ ਡਾ: ਵੀ ਕੇ ਦਿਲਾਵਰੀ ਨੇ ਇਨ੍ਹਾਂ ਦਾ ਪ੍ਰਾਪਤੀ ਵੇਰਵਾ ਪੜ੍ਹਿਆ।
ਇਸ ਮੌਕੇ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਯੂਨੀਵਰਸਿਟੀ ਵੱਲੋਂ ਕੀਟ ਵਿਗਿਆਨ ਸੰਬੰਧੀ ਪਸਾਰ ਸੇਵਾਵਾਂ, ਡਾ: ਸਤਬੀਰ ਸਿੰਘ ਗੋਸਲ ਨੇ ਖੋਜ ਪ੍ਰਾਪਤੀਆਂ ਅਤੇ ਡਾ: ਗੁਰਸ਼ਰਨ ਸਿੰਘ ਨੇ ਯੂਨੀਵਰਸਿਟੀ ਦੇ ਵਿਦਿਅਕ ਪ੍ਰੋਗਰਾਮਾਂ ਦੀ ਰੂਪ ਰੇਖਾ ਦੱਸੀ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਸਿੱਖਿਆ ਡਾ: ਸੀ ਦੇਵਾ ਕੁਮਾਰ ਨੇ ਇਸ ਯੂਨੀਵਰਸਿਟੀ ਦੇ ਸ਼ਲਾਘਾ ਕਰਦਿਆਂ ਆਖਿਆ ਕਿ ਇਕ ਰਾਹ ਦਿਸੇਰੇ ਵਾਂਗ ਸਮੁੱਚਾ ਭਾਰਤ ਇਸ ਵੱਲ ਵੇਖ ਰਿਹਾ ਹੈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਵੱਲੋਂ ਨਵੇਂ ਆਰੰਭ ਕੀਤੇ ਵਿਦਿਅਕ ਪ੍ਰੋਗਰਾਮਾਂ ਨੂੰ ਖੇਤੀ ਖੋਜ ਪ੍ਰੀਸ਼ਦ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾਵੇਗਾ। ਕੀਟ ਵਿਗਿਆਨ ਵਿਭਾਗ ਦੇ ਮੁਖੀ ਅਤੇ ਇਸ ਗੋਸ਼ਟੀ ਦੇ ਮੁੱਖ ਪ੍ਰਬੰਧਕ ਡਾ: ਅਸ਼ੋਕ ਧਵਨ ਨੇ ਸੁਆਗਤੀ ਸ਼ਬਦ ਬੋਲਣ ਤੋਂ ਇਲਾਵਾ ਇਸ ਮੌਕੇ ਵਿਸੇਸ਼ ਪ੍ਰਕਾਸ਼ਨਾਵਾਂ ਵੀ ਮੁੱਖ ਮਹਿਮਾਨਾਂ ਤੋਂ ਰਿਲੀਜ਼ ਕਰਵਾਈਆਂ। ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵਿੱਚ ਖੋਜ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ । ਇਹ ਗੋਸ਼ਟੀ 20 ਅਪ੍ਰੈਲ ਤੀਕ ਜਾਰੀ ਰਹੇਗੀ।