ਖਡੂਰ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ) – ਅੱਠ ਗੁਰੂ ਸਾਹਿਬਾਨ ਦੀ ਚਰਨ-ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਵਾਤਾਵਰਣ ਪ੍ਰੇਮੀ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਅਧੀਨ ਬਹੁ-ਪੱਖੀ ਨਵ-ਨਿਰਮਾਣ ਕੀਤੇ ਗਏ ਚਾਨਣ ਮੁਨਾਰੇ ‘ਨਿਸ਼ਾਨ-ਏ-ਸਿੱਖੀ’ ਦਾ ਉਦਘਾਟਨ ਸਿੰਘਾਪੁਰ ਨਿਵਾਸੀ ਸ੍ਰ. ਕਰਤਾਰ ਸਿੰਘ ਠਕਰਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ । ਨਿਸ਼ਾਨ-ਏ-ਸਿੱਖੀ ਦੇ ਨਿਰਮਾਣ ਵਿੱਚ ਉਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ।
ਜ਼ਿਕਰਯੋਗ ਹੈ ਕਿ ਇਸ ਭਵਨ ਦੀ ਉਸਾਰੀ ਦਾ ਸੰਕਲਪ 18 ਅਪ੍ਰੈਲ 2004 ਨੂੰ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕੀਤਾ ਗਿਆ ਸੀ । ਵਿਹਾਰਕ ਰੂਪ ਵਿੱਚ ਇਸ ਇਮਾਰਤ ਦੀ ਉਸਾਰੀ ਦਾ ਕੰਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਮੌਕੇ 5 ਜਨਵਰੀ 2006 ਨੂੰ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ ਗਿਆ ਸੀ । ਨਿਸ਼ਾਨ-ਏ-ਸਿੱਖੀ ਦਾ ਉਦੇਸ਼ ਗੁਰਮਤਿ ਅਤੇ ਸੰਸਾਰਕ ਵਿੱਦਿਆ ਦੇ ਸੰਦੇਸ਼ਾਂ ਅਤੇ ਆਦੇਸ਼ਾਂ ਅਨੁਸਾਰ ਪ੍ਰਚੰਡ ਕੀਤੀਆਂ ਅਧਿਆਤਮਕ, ਨੈਤਿਕ, ਵਿਦਿਅਕ, ਸਭਿਆਚਾਰਕ, ਵਿਰਾਸਤੀ, ਵਾਤਾਵਰਨ ਸਬੰਧੀ, ਵਿਸ਼ਵ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਮਨੁੱਖੀ ਕਦਰਾਂ-ਕੀਮਤਾਂ ਨੂੰ ਪ੍ਰਚੰਡ ਕਰਨਾ ਹੈ । ਇਸ ਬਹੁਮੰਜ਼ਲੀ ਇਮਾਰਤ ਵਿੱਚ ਚੱਲਣ ਵਾਲੇ ਉਚ ਪਾਏ ਦੇ ਪ੍ਰਤੀਯੋਗਤਾਮੂਲਕ ਪ੍ਰੋਗਰਾਮ ਨੌਜਵਾਨ ਪੀੜ੍ਹੀ ਲਈ ਵਰਦਾਨ ਸਾਬਿਤ ਹੋਣਗੇ ਅਤੇ ਉਹ ਜੀਵਨ ਦੀਆਂ ਬੁਹਪੱਖੀ ਬੁਲੰਦੀਆਂ ਨੂੰ ਛੂਹ ਕੇ ਵਿਸ਼ਵ ਭਰ ਵਿੱਚ ਕੌਮ ਦਾ ਨਾਮ ਰੌਸ਼ਨ ਕਰਨਯੋਗ ਹੋ ਸਕਣਗੇ ।
“ਨਿਸ਼ਾਨ-ਏ-ਸਿੱਖੀ” ਇਮਾਰਤ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਪ੍ਰਜੈਕਟਾਂ ਵਿੱਚੋਂ ਕੁਝ ਪ੍ਰਾਜੈਕਟ ਪਹਿਲਾਂ ਹੀ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਬਾਬਾ ਉੱਤਮ ਸਿੰਘ ਨੈਸ਼ਨਲ ਹਾਕੀ ਅਕੈਡਮੀ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਰਿਲਿਜੀਅਸ ਸਟੱਡੀਜ਼, ਨੈਚੁਰਲ ਇਨਵਾਇਰਨਮੈਂਟ ਕਨਜ਼ਰਵੇਸ਼ਨ ਐਂਡ ਪ੍ਰੀਜ਼ਰਵੇਸ਼ਨ ਸੈਂਟਰ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਫਾਰ ਐਡਮਿਨਿਸਟਰੇਟਿਵ ਕੰਪੀਟੀਸ਼ਨਜ਼ ਅਤੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕੈਰੀਅਰ ਕੋਰਸਿਜ਼ ਐਂਡ ਗਾਈਡੈਂਸ ਆਦਿ ਪ੍ਰਾਜੈਕਟ ਸ਼ਾਮਿਲ ਹਨ ।
ਡਾ. ਰਘਬੀਰ ਸਿੰਘ ਬੈਂਸ ਨੇ ਪ੍ਰਾਰੰਭਕ ਵਿਚਾਰਾਂ ਰਾਹੀਂ ਸੰਗਤ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ “ਨਿਸ਼ਾਨ-ਏ-ਸਿੱਖੀ” ਮੀਨਾਰ ਵਿੱਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਭਵਿੱਖਮੁਖੀ ਯੋਜਨਾਵਾਂ ਆਈ.ਏ.ਐੱਸ, ਆਈ.ਪੀ.ਐਸ, ਆਈ. ਐਫ. ਐਸ, ਐਨ.ਡੀ.ਏ, ਟਰੇਨਿੰਗ ਇੰਨਟੀਚਿਊਟ, ਡਰੱਗ ਥੈਰੇਪਿਸਟ ਟਰੇਨਿੰਗ ਇੰਸਟੀਚਿਊਟ, ਆਧੁਨਿਕ ਟੈਕਨਾਲੋਜੀ ਵਾਲੀ ਡਿਜੀਟਲ ਲਾਇਬਰੇਰੀ, ਬੱਚਿਆਂ ਦੀ ਬਹੁ-ਪੱਖੀ ਸ਼ਖਸੀਅਤ ਨੂੰ ਉਭਾਰਨ ਲਈ ਇੰਸਟੀਚਿਊਟ ਅਤੇ ਵਾਤਾਵਰਣ/ ਸਭਿਆਚਾਰਕ ਮਿਊਜ਼ੀਅਮ ਆਦਿ ਹਨ। ਇਥੇ ਨਾਲ ਹੀ ਉੱਚਪਾਏ ਦੇ ਹੋਰ ਮੁਕਾਬਲੇ ਦੀ ਤਿਆਰੀ ਲਈ ਵੀ ਪ੍ਰੋਜੈਕਟ ਵਿਚਾਰ ਅਧੀਨ ਹਨ, ਜੋ ਕਿ ‘ਨਿਸ਼ਾਨ-ਏ-ਸਿਖੀ’ ਦਾ ਸ਼ਿੰਗਾਰ ਬਣਨਗੇ ਅਤੇ ਜਿਸ ਦਾ ਆਮ ਲੋਕਾਂ ਅਤੇ ਖਾਸ ਕਰਕੇ ਨੌਜੁਆਨ ਪੀੜ੍ਹੀ ਨੂੰ ਲਾਭ ਪ੍ਰਾਪਤ ਹੋਵੇਗਾ। ਇਸ ਅਦੁੱਤੀ ਬਿਲਡਿੰਗ ਦਾ ਨਿਰਮਾਣ ਇੰਜੀਨੀਅਰ ਮਹਿੰਦਰਜੀਤ ਸਿੰਘ ਅੰਮ੍ਰਿਤਸਰ ਅਤੇ ਬਲਜੀਤ ਸਿੰਘ ਜਲੰਧਰ ਦੀ ਦੇਖ ਰੇਖ ਅਧੀਨ ਹੋਇਆ ਹੈ । ਇਹ ਅੱਠ ਮੰਜ਼ਿਲਾ ਮੀਨਾਰ ਚਾਰ ਏਕੜ ਵਿੱਚ ਬਣਾਇਆ ਗਿਆ ਹੈ, ਜਿਸਦੀ ਸ਼ਤੌਤ ਦਾ ਰਕਬਾ ਕੋਈ 80 ਹਜ਼ਾਰ ਵਰਗ ਫੁੱਟ ਹੈ।
ਇਸ ਉਤਕ੍ਰਿਸ਼ਟ ਅਵਸਰ ’ਤੇ ਆਪਣੇ ਸਮੁੱਚੇ ਪਰਿਵਾਰ ਸਮੇਤ ਸਿੰਘਾਪੁਰ ਤੋਂ ਤਸ਼ਰੀਫ ਲਿਆਏ ਸ. ਕਰਤਾਰ ਸਿੰਘ ਠਕਰਾਲ ਨੇ ਇੱਕ ਸੇਵਕ ਦੀ ਪ੍ਰਤੀਕਿਰਿਆ ਨੂੰ ਉਭਾਰਦਿਆਂ ਕਿਹਾ ਕਿ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੇ ਪਾਵਨ ਸਥਾਨ ’ਤੇ ਜੋ ਤਿਲ-ਫੁਲ ਸੇਵਾ ਕਰ ਸਕਿਆ ਹਾਂ, ਉਹ ਮੈਨੂੰ ਮੇਰੇ ਮਾਂ ਬਾਪ ਵੱਲੋਂ ਗੁੜ੍ਹਤੀ ਵਿੱਚ ਮਿਲੇ ਧਾਰਮਿਕ ਅਕੀਦੇ ਅਤੇ ਸੰਸਕਾਰਾਂ ਦਾ ਫਲ ਹੈ । ਪਰ ਮੈ ਇਸ ਸਕੂਨਗੀ ਦੇ ਜ਼ਰੂਰ ਅਹਿਸਾਸ ਵਿੱਚ ਹਾਂ ਕਿ ਮੈਂ ਜੋ ਚਿਤਵਿਆ ਸੀ, ਉਸਦਾ ਠਹਿਰਾਉ ਅਤੇ ਤਸੱਲੀ ਆਪਣੇ ਮਨ ਹੀ ਮਨ ਵਿੱਚ ਖੂਬ ਮਹਿਸੂਸ ਕਰ ਰਿਹਾ ਹਾਂ ।
ਅੱਜ ਦੇ ਮੌਕੇ ਵਿਸ਼ੇਸ਼ ਗੱਲ ਇਹ ਸੀ ਕਿ ਸਮੁੱਚੇ ਭਾਰਤ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਡ, ਸਿੰਘਾਪੁਰ ਆਦਿ ਤੋਂ ਸੰਗਤਾਂ ਵੱਡੀ ਤਾਦਾਦ ਵਿੱਚ ਪੁਹੰਚੀਆਂ ਹੋਈਆਂ ਸਨ । ਹਰ ਜ਼ੁਬਾਨ ਅਤੇ ਚਿਹਰੇ ਵਿੱਚੋਂ ਦਗਦਗਾ ਰਹੀ ਗੂੰਜ ਵੀ ਇਸ ਪਰਪੱਕਤਾ ਦੀ ਗਵਾਹ ਬਣਦੀ ਦਿਖਾਈ ਦਿੰਦੀ ਸੀ ਕਿ ਨਿਸ਼ਾਨ-ਏ-ਸਿੱਖੀ ਨਿਕਟ ਭਵਿੱਖ ਵਿੱਚ ਹੀ ਹਰ ਦਿਲ ਅਤੇ ਸੋਚ ਦਾ ਹਿੱਸਾ ਬਣੇਗੀ ।
ਸੰਗਤ ਵਿੱਚ ਬੁਲਾਰਿਆਂ ਸਮੇਤ ਸ਼ਾਮਲ ਸ਼ਖਸੀਅਤਾਂ ਵਿੱਚ ਸਿੰਘ ਸਾਹਿਬ………ਸਿੰਘ ਸਾਹਿਬ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ, ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰਨਾਮ ਸਿੰਘ ਦਮਦਮੀਂ ਟਕਸਾਲ, ਬਾਬਾ ਬਲਬੀਰ ਸਿੰਘ ਸੀਚੇਵਾਲ, ਸੰਤ ਸਮਾਜ……..ਜਸਪਾਲ ਸਿੰਘ ਵੀ ਸੀ ਪੰਜਾਬੀ ਯੂਨੀਵਰਸਿਟੀ, ਐੱਸ ਪੀ ਸਿੰਘ ਸਾਬਕਾ ਵੀ. ਸੀ , ਵੀ ਕੇ ਸ੍ਰੀਵਾਸਤਵਾ, ਡੀ ਐਸ ਜਸਪਾਲ ਆਈ ਏ ਐੱਸ, ਡੀ ਸੀ ਕਾਹਨ ਸਿੰਘ ਆਈ ਏ ਐੱਸ, ਹਰਦਿਆਲ ਸਿੰਘ ਰੀਟਾਇਰਡ ਆਈ ਏ ਐੱਸ, ਨਰਿੰਦਰਜੀਤ ਸਿੰਘ ਰੀਟਾਇਰਡ ਆਈ ਏ ਐੱਸ, ਪੀ ਐੱਸ ਵਿਰਕ ਐੱਸ ਐੱਸ ਪੀ ਤਰਨ ਤਾਰਨ, ਮਹਿਲ ਸਿੰਘ ਆਈ ਪੀ ਐੱਸ ਰੀਟਾਇਰਡ, ਜਸਟਿਸ ਐੱਸ ਕੇ ਸੂਦ, ਤਜਿੰਦਰਪਾਲ ਸਿੰਘ ਐੱਸ ਡੀ ਐੱਮ ਖਡੂਰ ਸਾਹਿਬ, ਜਨਰਲ ਕਰਤਾਰ ਸਿੰਘ ਗਿੱਲ, ਮੇਜਰ ਜਨਰਲ ਛਤਵਾਲ, ਪਰਗਟ ਸਿੰਘ ਡਾਇਰੈਕਟਰ ਸਪੋਰਟਸ, ਚੇਤਨ ਸਿੰਘ ਵਧੀਕ ਡਾਇਰੈਕਟਰ ਭਾਸ਼ਾ ਵਿਭਾਗ, ਐੱਚ ਐੱਸ ਫੂਲਕਾ, ਡਾ. ਨਿਰਮਲ ਸਿੰਘ ਪੰਜਾਬੀ ਸੱਥ, ਡਾ. ਜਗਰਾਜ ਸਿੰਘ ਅਮਰੀਕਾ, ਇੰਦਰਜੀਤ ਸਿੰਘ ਬੈਂਸ ਕੈਨੇਡਾ, ਸ. ਬੂਟਾ ਸਿੰਘ ਯੂ.ਕੇ, ਸ. ਜਗਤਾਰ ਸਿੰਘ ਯੂ.ਕੇ, ਪ੍ਰਿੰਸੀਪਲ ਦਲਜੀਤ ਸਿੰਘ ਖਹਿਰਾ, ਪ੍ਰਿੰਸੀ ਗੁਰਦਿਆਲ ਸਿੰਘ ਗਿੱਲ, ਪ੍ਰਿੰਸੀ ਸਰੁੱਚੀ ਰਿਸਿ, ਮਨਮੋਹਣ ਸਿੰਘ ਸ਼ਰਮਾ ਪ੍ਰਧਾਨ ਵੀ.ਐਚ.ਏ.ਪੀ, ਦਵਿੰਦਰ ਸਿੰਘ ਜਨੇਜਾ, ਹਰਚਰਨ ਸਿੰਘ ਗਵਾਲੀਅਰ, ਡਾ. ਕਸ਼ਮੀਰ ਸਿੰਘ ਸੋਹਲ, ਇੰਦਰਜੀਤ ਸਿਂੰਘ ਘੁੰਗਰਾਣੀ, ਤਿਰਲੋਕ ਸਿੰਘ ਔਲਖ ..
ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਧਨਵਾਦੀ ਸ਼ਬਦਾਂ ਵਿੱਚ ਇਸ ਕਾਰਜ ਦੀ ਮੁਕੰਮਲਤਾ ਵਿੱਚ ਗੁਰੂ ਰੂਪ ਸਾਧ-ਸੰਗਤ ਦਾ ਧਨਵਾਦ ਕਰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੀ ਸਮੁੱਚੀ ਸੰਗਤ ਨੇ ਜਿਸ ਤਰ੍ਹਾਂ ਵੱਖ-ਵੱਖ ਅਦਾਵਾਂ ਅਤੇ ਕਰ ਕਮਲਾਂ ਰਾਹੀਂ ਗੁਰੂ ਘਰ ਦੀ ਸੇਵਾ ਕਰਕੇ ਇਸ ਮਹਾਨ ਕਾਰਜ ਨੂੰ ਸਫਲ ਕਰਵਾਇਆ, ਦਾਸ ਹਰ ਪ੍ਰਾਣੀ ਅਤੇ ਸੋਚ ਦਾ ਰੋਮ ਰੋਮ ਕਰਕੇ ਧਨਵਾਦੀ ਹੈ ਅਤੇ ਖਾਸ ਕਰਕੇ ਸਿੰਘਾਪੁਰ ਨਿਵਾਸੀ ਸ. ਕਰਤਾਰ ਸਿੰਘ ਠਕਰਾਲ ਦੇ ਪਰਿਵਾਰ ਦਾ, ਜਿਹਨਾਂ ਨੇ ਦਿਲ ਖੋਲ ਕੇ ਗੁਰੂ ਘਰ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ । ਉਹਨਾਂ ਦੀ ਇਸ ਮਹਾਨ ਕਾਰਜ ਦੀ ਸਫਲਤਾ ’ਚ ਨਿਭਾਈ ਸੇਵਾ ਹਮੇਸ਼ਾਂ ਅਭੁੱਲ ਰਹੇਗੀ । ਬਾਬਾ ਜੀ ਨੇ ਹਰ ਪੱਖੋਂ ਨਵੀਨ ਤਕਨਾਲੋਜੀ ਨਾਲ ਵਜੂਦ ਵਿੱਚ ਆਈ ਇਸ ਬਿਲਡਿੰਗ ਦੀ ਸੂਰਤ ਅਤੇ ਸੀਰਤ ਪੱਖ ਨੂੰ ਵਿਸਥਾਰਕ ਨਜ਼ਰੀਏ ਤੋਂ ਉਭਾਰਦਿਆਂ ਇਸ ਨੂੰ ਵਿਸ਼ਵ ਦੇ ਹਾਣ ਦਾ ਦੱਸਿਆ, ਜਿੱਥੋਂ ਉੱਚ ਪਾਏ ਦੀ ਸਰਵਪੱਖੀ ਵਿਦਿਆ/ਮੁਹਾਰਤ ਪ੍ਰਾਪਤ ਕਰਕੇ ਵਿਦਿਆਰਥੀ ਦੇਸ ਅਤੇ ਕੌਮ ਦੀ ਸੇਵਾ ਕਰਨਗੇ ।
ਬਾਬਾ ਸੇਵਾ ਸਿੰਘ ਜੀ ਨੇ ਆਸ ਪ੍ਰਗਟਾਈ ਕਿ ਮਨੁੱਖਤਾ ਅਤੇ ਖਾਸ ਕਰਕੇ ਸਿੱਖ ਜਗਤ ਇਸ ਉਪਰਾਲੇ ਦਾ ਲਾਭ ਉਠਾਕੇ ਅਤੇ ਭਾਵੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਦੇ ਧੁਰੇ ਨਾਲ ਜੋੜ ਕੇ, ਗੁਰੂ ਸਾਹਿਬਾਨ ਵਲੋਂ ਸ਼ਾਂਤੀ ਤੇ ਸਰਬਤ ਦੇ ਭਲੇ ਹਿੱਤ ਉਠਾਏ ਸੰਦੇਸ਼ਾਂ ਅਤੇ ਉਦੇਸ਼ਾ ਨੂੰ ਉਜਾਗਰ ਕਰਨ ਵਿੱਚ ਸਫਲਤਾ ਹਾਸਲ ਕਰੇਗੀ, ਤਾਂ ਕਿ ਨੌਜਵਾਨ ਪੀੜ੍ਹੀ ਚੰਗੇ ਸ਼ਹਿਰੀ ਵਜੋਂ ਸੰਸਾਰ ਦੀ ਸੇਵਾ ਕਰ ਸਕੇ ।
ਅੱਜ ਦੇ ਮੌਕੇ ’ਤੇ ਇਲਾਕੇ ਦੀ ਸਮੁੱਚੀ ਸਾਧ ਸੰਗਤ ਵੱਲੋਂ ਪੂਰਨ ਭਾਵਨਾ ਅਤੇ ਸ਼ਰਧਾ ਨਾਲ ਗੁਰੂ ਘਰ ਵਿੱਚ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਪੂਰਨ ਅਦਬ ਸਤਿਕਾਰ ਨਾਲ ਗੁਰੂ ਮਹਾਰਾਜ ਦਾ ਲੰਗਰ ਛਕਾਇਆ ਜਾ ਰਿਹਾ ਸੀ । ਗੰਨੇ ਦਾ ਰਸ, ਜਲ ਜ਼ੀਰਾ ਅਤੇ ਚਾਹ ਦੇ ਲੰਗਰਾਂ ਦਾ ਵੱਡੇ ਪੱਧਰ ’ਤੇ ਪ੍ਰਬੰਧ ਕੀਤਾ ਗਿਆ ਸੀ ।
ਅੱਜ ਦੇ ਵਿਸ਼ੇਸ਼ ਮੌਕੇ ’ਤੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਉਘੇ ਮਿਊਜ਼ਾਲੋਜਿਸਟ ਡਾ. ਰਘਬੀਰ ਸਿੰਘ ਬੈਂਸ, ਮੁਹਿੰਦਰਜੀਤ ਸਿੰਘ ਆਰਕੀਟੈਕਟ, ਹੈੱਡ ਮਿਸਤਰੀ ਕਰਨੈਲ ਸਿੰਘ ਅਤੇ ਅੱੈਸ. ਪੀ ਐੱਸ ਦੁਸਾਂਝ ਲੈਂਡ ਸਕੇਪਰ ਹੁਰਾਂ ਨੂੰ ਉਨ੍ਹਾਂ ਦੀਆਂ ਉੱਘੀਆਂ ਸੇਵਾਵਾਂ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ।