ਤਿਰਪੋਲੀ- ਨਾਟੋ ਸੈਨਾ ਨੇ ਕਰਨਲ ਗਦਾਫ਼ੀ ਦੇ ਜਦੀ ਸ਼ਹਿਰ ਸਿਰਤੇ ਅਤੇ ਰਾਜਧਾਨੀ ਤਿਰਪੋਲੀ ਵਿੱਚ ਫਿਰ ਨਵੇਂ ਸਿਰੇ ਤੋਂ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਦਾਫ਼ੀ ਦੀ ਸੈਨਾ ਦੇ ਕਮਾਂਡ ਅਤੇ ਕੰਟਰੋਲ ਸੁਵਿਧਾ ਸਮੇਤ ਤਿਰਪੋਲੀ ਦੇ ਦੱਖਣ ਵਿੱਚ ਸਥਿਤ ਬਰਗੇਡ ਦੇ ਮੁੱਖ ਦਫਤਰ ਤੇ ਹਮਲਾ ਕੀਤਾ ਹੈ।
ਲੀਬੀਆ ਦੇ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਗਠਬੰਧਨ ਸੈਨਾ ਵਲੋਂ ਭਾਰੀ ਬੰਬਾਰੀ ਕੀਤੀ ਗਈ। ਇਨ੍ਹਾਂ ਹਮਲਿਆਂ ਵਿੱਚ ਤਿਰਪੋਲੀ ਤੋਂ ਦਸ ਕਿਲੋਮੀਟਰ ਦੂਰ ਗਦਾਫ਼ੀ ਦੇ 32ਵੇਂ ਬਰਗੇਡ ਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ। ਨਾਟੋ ਦੇ ਕਮਾਂਡਰ ਲੈਫਟੀਨੈਂਟ ਜਨਰਲ ਚਾਰਲਸ ਨੇ ਕਿਹਾ ਕਿ ਉਹ ਗਦਾਫ਼ੀ ਦੀ ਸੈਨਾ ਨੂੰ ਤਬਾਹ ਕਰਨ ਦੀ ਆਪਣੀ ਕਾਰਵਾਈ ਜਾਰੀ ਰੱਖਣਗੇ।
ਨਾਟੋ ਦੇ ਹਮਲਿਆਂ ਦੇ ਬਾਵਜੂਦ ਗਦਾਫ਼ੀ ਦੀ ਸੈਨਾ ਲੀਬੀਆ ਦੇ ਵੱਡੇ ਸ਼ਹਿਰ ਮਿਸਰਾਤਾ ਵਿੱਚ ਵਿਦਰੋਹੀਆਂ ਨੂੰ ਚੰਗੀ ਟੱਕਰ ਦੇ ਰਹੀ ਹੈ। ਵਿਦਰੋਹੀਆਂ ਅਤੇ ਸੈਨਾ ਵਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਆਮ ਲੋਕ ਭਾਰੀ ਗਿਣਤੀ ਵਿੱਚ ਮਰ ਰਹੇ ਹਨ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇੱਥੇ ਸਥਿਤੀ ਬਹੁਤ ਹੀ ਨਾਜੁਕ ਬਣੀ ਹੋਈ ਹੈ ਅਤੇ ਆਮ ਲੋਕਾਂ ਨੂੰ ਭੋਜਨ ,ਦਵਾਈਆਂ ਅਤੇ ਹੋਰ ਜਰੂਰਤ ਦੀਆਂ ਚੀਜ਼ਾਂ ਮੁਹਈਆਂ ਕਰਵਾਉਣ ਵਿੱਚ ਕਾਫ਼ੀ ਮੁਸ਼ਕਿਲ ਪੇਸ਼ ਆ ਰਹੀ ਹੈ।