ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਖਿਲਾਫ ਕੀਤੀ ਬੇਸਿਰ ਪੈਰ ਬਿਆਨ ਬਾਜੀ ਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ ।ਉਨ੍ਹਾਂ ਕਿਹਾ ਸ੍ਰ ਮੱਕੜ ਦੀ ਆਦਤ ਬਣ ਚੁਕੀ ਹੈ ਕਿ ਉਹ ਆਪਣੇ ਰਾਜਸੀ ਅਕਾਵਾਂ ਦੇ ਸਿਆਸੀ ਵਿਰੋਧੀਆਂ ਵਲੋਂ ਬੋਲੇ ਸੱਚ ਨੂੰ ਵੀ ਝੂਠ ਦੱਸਣ ਸਮੇਂ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਮਾਣ ਮਰਿਆਦਾ ਵੀ ਛਿੱਕੇ ਟੰਗ ਦਿੰਦੇ ਹਨ ।ਸ੍ਰ ਕਲਕੱਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੂੰਦੇ ਹੀ ਜਸਟਿਸ ਵੀ.ਐਨ.ਵਰਮਾ ਦੇ ਕਾਰਜ ਕਾਲ ਤੋ ਲੈਕੇ ਜਸਟਿਸ ਬਰਾੜ ਤੀਕ , ਵੋਟਰ ਫਾਰਮ ਸਿੱਖ ਰਹਿਤ ਮਰਿਆਦਾ ਅਨੂਕੂਲ ਨਾ ਹੋਣ ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਪੰਥਕ ਕੌਂਸਲ,(ਸ੍ਰ ਸਰਨਾ ਜਿਸਦੇ ਪ੍ਰਧਾਨ ਹਨ)ਸਮੇਤ ਇਕ ਦਰਜਨ ਦੇ ਕਰੀਬ ਸਿੱਖ ਸੰਸਥਾਵਾਂ ਨੇ ਵਿਰੋਧ ਜਿਤਾਇਆ ਤੇ ਗੁਰਦੁਆਰਾ ਚੋਣ ਕਮਿਸ਼ਨ ਪਾਸ ਲਿਖਤੀ ਸ਼ਕਾਇਤਾਂ ਭੇਜੀਆਂ ,ਸ੍ਰ ਮੱਕੜ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਪੱਤਰ ਲਿਖੇ ਗਏ ।ਉਨ੍ਹਾਂ ਦੱਸਿਆ ਕਿ ਸ੍ਰ ਮੱਕੜ ਤੇ ਉਨ੍ਹਾਂ ਦੀ ਪਾਰਟੀ ਨੂੰ ਤਾਂ ਸਾਬਤ ਸੂਰਤ ਸਿੱਖਾਂ ਦੀਆਂ ਵੋਟਾਂ ਤੇ ਇਤਬਾਰ ਹੀ ਨਹੀ ਸੀ ਇਸ ਲਈ ਸ੍ਰ ਮੱਕੜ ਨੇ ਹੀ ਬਿਆਨ ਦਿੱਤਾ ਸੀ ਕਿ ਵੋਟਰ ਫਾਰਮ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹਨ।ਸ੍ਰ ਕਲਕੱਤਾ ਨੇ ਕਿਹਾ ਕਿ ਮੱਕੜ ਤਾਂ ਸ਼ਾਇਦ ਇਹ ਵੀ ਨਹੀ ਜਾਣਦੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਾਦਲਕਿਆਂ ਵਲੋਂ ਬਣਾਈਆਂ ਗਈਆਂ ਪਤਿਤ ਅਤੇ ਗੈਰ ਸਿੱਖਾਂ ਦੀਆਂ ਵੋਟਾਂ ,ਗਲਤ ਵੋਟਰ ਲਿਸਟਾਂ ਦੀ ਸ਼ਕਾਇਤ ਵੀ ਚੋਣ ਕਮਿਸ਼ਨ ਪਾਸ ਅਸੀਂ ਹੀ ਕੀਤੀ ।ਸ੍ਰ ਕਲਕੱਤਾ ਨੇ ਦੱਸਿਆ ਕਿ ਸਮੁਚੀ ਚੋਣ ਪ੍ਰਕ੍ਰਿਆ ਦੀਆਂ ਖਾਮੀਆਂ ਨੂੰ ਲੈਕੇ ਇਕ ਦਰਜਨ ਦੇ ਕਰੀਬ ਪੱਤਰ ਗੁਰਦੁਆਰਾ ਚੋਣ ਕਮਿਸ਼ਨ ,ਕੇਂਦਰੀ ਗ੍ਰਹਿ ਮੰਤਰਾਲੇ ਤੇ ਪ੍ਰਧਾਨ ਮੰਤਰੀ ਦਫਤਰ ਨੂੰ ਲਿਖੀਆਂ ਜਾ ਚੁਕੀਆਂ ਹਨ ਜੇਕਰ ਸ੍ਰ ਮੱਕੜ ਅਜੇ ਵੀ ਅਨਜਾਣ ਹਨ ਤਾਂ ਕਸੂਰ ਸ੍ਰ ਮੱਕੜ ਦਾ ਹੈ ਜਿਨ੍ਹਾ ਨੂੰ ਸੱਚ ਨਜਰ ਨਹੀ ਆਉਂਦਾ।ਸ੍ਰ ਕਲਕੱਤਾ ਨੇ ਕਿਹਾ ਕਿ ਮੱਕੜ ਦਾ ਇਹ ਕਹਿਣਾ ਕੋਈ ਅਰਥ ਨਹੀ ਰੱਖਦਾ ਕਿ ਸ੍ਰ ਸਰਨਾ ਪੰਜਾਬ ਵਲ ਧਿਆਨ ਨਾ ਕਰਕੇ ਦਿੱਲੀ ਵੱਲ ਵੇਖਣ ।ਉਨ੍ਹਾ ਕਿਹਾ ਪੰਜਾਬ ਦੀ ਅਕਾਲੀ ਸਰਕਾਰ ਨੇ ਜੋ ਸਿੱਖ ਦੀ ਦਸਤਾਰ ,ਦੁਪਟਿਆਂ ਅਤੇ ਕੇਸਾਂ ਦਾ ਹਸ਼ਰ ਕੀਤਾ ਹੈ ਉਹ ਤਸਵੀਰਾਂ ਨਿਤ ਦਿਨ ਅਖਬਾਰਾਂ ਵਿਚ ਛਪਦੀਆਂ ਹਨ ਤੇ ਸਚਾਈ ਦੁਨੀਆਂ ਦੇ ਸਾਹਮਣੇ ਹੈ।ਉਨ੍ਹਾ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਜੋ ਕੁਝ ਹੈ ਉਹ ਤਾਂ ਮੱਕੜ ਵੀ ਜਾਣਦੇ ਹਨ ,ਸਾਨੂੰ ਸਿਖੀ ਵਿਚ ਆ ਰਹੇ ਨਿਘਾਰ ਦੀ ਚਿੰਤਾ ਹੈ ।ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸ੍ਰ ਮੱਕੜ ਹੀ ਸਪਸ਼ਟ ਕਰ ਦੇਣ ਕਿ ਗੁਰਲੀਨ ਕੌਰ ਬਨਾਮ ਪੰਜਾਬ ਮਾਮਲੇ ਵਿਚ ਹਾਈ ਕੋਰਟ ਵਿਚ ਸਿੱਖ ਦੀ ਕਿਹੜੀ ਪ੍ਰੀਭਾਸ਼ਾ ਸ੍ਰ ਮੱਕੜ ਨੇ ਦਾਇਰ ਕੀਤੀ ਸੀ ਤੇ ਦਿੱਲੀ ਕਮੇਟੀ ਦੇ ਦਖਲ ਉਪਰੰਤ ਬਦਲ ਕੇ ਕਿਹੜੀ ਦਾਇਰ ਕੀਤੀ ।ਉਨ੍ਹਾਂ ਕਿਹਾ ਕਿ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਸੂਬੇ ਵਿਚ ਫੈਲ ਰਹੇ ਨਸ਼ਿਆਂ ਤੇ ਵੱਧ ਰਹੇ ਪਤਿਤਪੁਣੇ ਕਾਰਣ ਸਿੱਖੀ ਨੂੰ ਲਗ ਰਹੇ ਖੋਰੇ ਨੂੰ ਰੋਕਣ ਵਿਚ ਨਾਕਾਮ ਹੋਵੇ ਉਹ ਸਿੱਖੀ ਬਚਾਉਣ ਵਿਚ ਲੱਗੇ ਲੋਕਾਂ ਵਲ ਉੰਗਲ ਕਿਉਂ ਕਰੇ ।ਸ੍ਰ ਕਲਕੱਤਾ ਨੇ ਕਿਹਾ ਕਿ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਮੋਕੇ ਤਾਂ ਸ੍ਰ ਮੱਕੜ ਦਿੱਲੀ ਵਿਚ ਬਾਦਲਕਿਆਂ ਨੂੰ ਠੁਮਣਾ ਦੇ ਨਹੀ ਸਕੇ,ਆਪ ਬਾਦਲ ਪ੍ਰੀਵਾਰ ਦੇ ਰਹਿਮੋ ਕਰਮ ਤੇ ਹਨ , ਹੁਣ ਕਿਹੜਾ ਨਵਾਂ ਮਾਅਰਕਾ ਮਾਰਨਾ ਚਾਹੁੰਦੇ ਹਨ ।