ਚੰਡੀਗੜ੍ਹ :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਦਸਤਖਤਾਂ ਹੇਠ ਪੰਜਾਬ ਦੇ ਸਮੁੱਚੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖਦੇ ਹੋਏ ਇਹ ਮੰਗ ਕੀਤੀ ਹੈ ਕਿ ਜੋ ਬਰਸਾਤੀ ਪਾਣੀ ਦੇ ਨਿਕਾਸੀ ਦੇ ਸਾਧਨਾਂ ਨਾਲਿਆਂ, ਚੋਆਂ, ਖਾਲਾਂ, ਨਦੀਆਂ, ਡਰੇਨਜ, ਸਾਈਫ਼ਨ (Culverts) ਅਤੇ Aqueducts ਆਦਿ ਦੀ ਬਰਸਾਤਾਂ ਸ਼ੁਰੂ ਹੋਣ ਤੋ ਪਹਿਲੇ ਪਹਿਲੇ ਸਫਾਈ ਅਤੇ ਮੁਰੰਮਤ ਕਰਾਉਣ ਦੀਆਂ ਜਿੰਮੇਵਾਰੀਆਂ ਨੂੰ ਪੂਰਨ ਕਰਨ ਤਾਂ ਕਿ ਬਰਸਾਤਾਂ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪੰਜਾਬੀਆਂ ਅਤੇ ਸਿੱਖ ਕੌਮ ਦੇ ਜਾਨੀ-ਮਾਲੀ ਅਤੇ ਫਸਲੀ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾ ਆਪਣੇ ਇਸ ਪੱਤਰ ਵਿੱਚ ਜਿਲ੍ਹਿਆਂ ਦੇ ਡੀ ਸੀ ਸਾਹਿਬਾਨ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਇਸ ਗੱਲ ਦਾ ਨਿਰੀਖਣ ਕਰਨ ਕਿ ਇਸ ਦਿਸ਼ਾ ਵੱਲ ਕੰਮ ਕਰਨ ਵਾਲੇ ਆਪਣੇ ਅਮਲੇ ਫੈਲੇ ਨੂੰ ਕੀ ਉਨ੍ਹਾ ਨੇ ਅਗਾਊ ਸੁਚੇਤ ਕੀਤਾ ਹੈ? ਕੀ ਇਸ ਸਬੰਧ ਵਿੱਚ ਖਰਚ ਹੋਣ ਵਾਲੀ ਰਕਮ ਦਾ ਪ੍ਰਬੰਧ ਕਰਨ ਲਈ ਸਬੰਧਿਤ ਡਰੇਨਜ਼ ਵਿਭਾਗ ਜਾਂ ਪੰਜਾਬ ਸਰਕਾਰ ਨੂੰ ਕੋਈ ਬਜਟ ਤਜਵੀਜ਼ ਭੇਜੀ ਹੈ ਅਤੇ ਬਰਸਾਤਾਂ ਤੋ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੋਈ ਅਗਾਊ ਯੋਜਨਾ ਬਣਾਈ ਹੈ? ਸ: ਮਾਨ ਨੇ ਆਪਣੇ ਜੱਦੀ ਜਿਲ੍ਹੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਸਰਹਿੰਦ ਵਾਲੇ ਪਾਸੇ ਬਣੇ ਹੋਏ ਪੁੱਲ (Culverts) ਰਾਹੀਂ ਨਿਕਲਣ ਵਾਲੇ ਪਾਣੀ ਨੂੰ ਪਿਛਲੇ ਸਾਲ ਚੋਐ ਵਿੱਚ ਭਰਤ ਪਾ ਕੇ ਉੱਥੇ ਵੱਡੇ ਪੱਧਰ ‘ਤੇ ਬਿਲਡਿੰਗਾਂ ਉਸਾਰ ਦੇਣ ਕਾਰਨ ਆਏ ਹੜਾਂ ਦੀ ਬਦੌਲਤ ਸਰਹਿੰਦ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਵਿੱਚ ਹੋਏ ਵੱਡੇ ਨੁਕਸਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਫਸਰਸ਼ਾਹੀ ਲੋਕ ਆਵਾਜ਼ ਨੂੰ ਸੁਣਨ ਦੀ ਬਜਾਏ ਆਪਣੇ ਮਾਲੀ ਫਾਇਦਿਆਂ ਲਈ ਕਈ ਵਾਰੀ ਅਜਿਹੇ ਲੋਕ ਮਾਰੂ ਫੈਸਲੇ ਕਰ ਦਿੰਦੀ ਹੈ ਜਿਸਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣ ਲਈ ਮਜ਼ਬੂਰ ਹੋਣਾ ਪੈਦਾ ਹੈ। ਜਦੋ ਕਿ ਦੋਸ਼ੀ ਅਫਸਰ ਹੁੰਦੇ ਹਨ। ਉਨ੍ਹਾ ਕਿਹਾ ਕਿ ਘੱਗਰ ਦਰਿਆ ਅਤੇ ਇਸੇ ਤਰ੍ਹਾ ਦੇ ਪੰਜਾਬ ਵਿੱਚ ਵੱਗਣ ਵਾਲੇ ਹੋਰ ਦਰਿਆਵਾਂ ਨੂੰ ਅਕਸਰ ਹੀ ਸਮੇ ਨਾਲ ਸਫਾਈ ਅਤੇ ਮੁਰੰਮਤ ਨਹੀਂ ਕਰਵਾਈ ਜਾਂਦੀ ਲੇਕਿਨ ਕਾਗਜ਼ਾਂ ਵਿੱਚ ਕਰੋੜਾਂ ਰੁਪਏ ਦੇ ਖਰਚ ਪਾ ਕੇ ਡਕਾਰ ਲਏ ਜਾਂਦੇ ਹਨ। ਦੂਸਰੀ ਵਾਰ ਫਿਰ ਹੜਾਂ ਤੋ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਕਰਨ ਲਈ ਜੋ ਫੰਡ ਰਲੀਜ਼ ਹੂੰਦੇ ਹਨ, ਉਨ੍ਹਾ ਨੂੰ ਵੀ ਅਜਿਹੀ ਅਫਸਰਸ਼ਾਹੀ ਡਕਾਰ ਲੈਦੀ ਹੈ। ਜੋ ਪੰਜਾਬ ਨਿਵਾਸੀਆਂ ਦੇ ਜੀਵਨ ਮਾਲ ਅਤੇ ਪੰਜਾਬ ਦੇ ਖਜ਼ਾਨੇ ਨਾਲ ਖਿਲਵਾੜ ਕਰਨ ਦੇ ਤੁੱਲ ਕਾਰਵਾਈ ਹੈ। ਉਨ੍ਹਾ ਅਜਿਹੀ ਰਿਸ਼ਵਤਖੋਰ ਅਤੇ ਘਪਲੇਬਾਜ਼ੀ ਕਰਨ ਵਾਲੀ ਅਫਸਰਸ਼ਾਹੀ ਨੂੰ ਖਬਰਦਾਰ ਕਰਦੇ ਹੋਏ ਕਿਹਾ ਕਿ ਜੋ ਅਫਸਰਸ਼ਾਹੀ ਆਪਣੀਆਂ ਜਨਤਾ ਸਬੰਧੀ ਜਿੰਮੇਵਾਰੀਆਂ ਨੂੰ ਪੂਰੀ ਕਰਨ ਵਿੱਚ ਅਣਗਹਿਲੀ ਕਰਦੀ ਹੈ, ਉਨ੍ਹਾ ਨੂੰ ਬਿਲਕੁੱਲ ਵੀ ਬਖਸਿਆ ਨਹੀਂ ਜਾਵੇਗਾ। ਉਨ੍ਹਾ ਵਿਰੁੱਧ ਪਾਰਟੀ ਕਾਨੂੰਨੀ, ਇਖਲਾਕੀ ਅਤੇ ਸਮਾਜਿਕ ਕਾਰਵਾਈ ਕਰਨ ਤੋਂ ਬਿਲਕੁੱਲ ਗੁਰੇਜ਼ ਨਹੀਂ ਕਰੇਗੀ ਅਤੇ ਪਾਰਟੀ ਇਸ ਲਈ ਵਚਨਬੱਧ ਵੀ ਹੋਵੇਗੀ।
ਉਨ੍ਹਾ ਕਿਹਾ ਕਿ ਬੇਸ਼ੱਕ ਇਹ ਪ੍ਰਬੰਧ ਕਰਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸਬੰਧਿਤ ਡਰੇਨਜ਼ ਵਿਭਾਗ ਅਤੇ ਜਿਲ੍ਹਿਆਂ ਦੇ ਜਿਲ੍ਹਾ ਮੈਜਿਸਟ੍ਰੇਟਾਂ ਦੀ ਹੈ ਪਰ ਕਿਉਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬੀਆਂ ਅਤੇ ਸਿੱਖ ਕੌਮ ਦੇ ਹੱਕ-ਹਕੂਕਾਂ ਦੀ ਰੱਖਿਆ ਕਰਨ ਅਤੇ ਉਨ੍ਹਾ ਨੂੰ ਬਣਦਾ ਇਨਸਾਫ਼ ਦਿਵਾਉਣ ਅਤੇ ਹਰ ਤਰ੍ਹਾ ਦੀਆਂ ਸਮਾਜਿਕ ਬੁਰਾਈਆਂ ਵਿਰੁੱਧ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋ ਜਹਿਦ ਕਰਨ ਅਤੇ ਇੱਥੇ ਇਨਸਾਫ ਦਾ ਰਾਜ ਕਾਇਮ ਕਰਦੇ ਹੋਏ ਸਭ ਕੌਮਾਂ, ਧਰਮਾਂ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕਰਨ ਦੀਆਂ ਜਿੰਮੇਵਾਰੀਆਂ ਨਿਰੰਤਰ ਨਿਭਾਉਦਾ ਆ ਰਿਹਾ ਹੈ ਅਤੇ ਇਸ ਸਮੇ ਮਜ਼ਬੂਤੀ ਨਾਲ ਬਤੌਰ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਵੀ ਨਿਭਾ ਰਿਹਾ ਹੈ। ਇਸ ਲਈ ਅਸੀਂ ਸਮੁੱਚੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਬਿਨ੍ਹਾ ਉੱਤੇ ਹਦਾਇਤ ਵੀ ਕਰਦੇ ਹਾਂ ਕਿ ਅਜੇ ਬਰਸਾਤਾਂ ਸ਼ੁਰੂ ਹੋਣ ਵਿੱਚ ਦੋ ਮਹੀਨੇ ਹਨ। ਇਸ ਲਈ ਉਹ ਆਪਣੀਆਂ ਜਿੰਮੇਵਾਰੀਆਂ ਨੂੰ ਸਮੇ ਨਾਲ ਪੂਰਨ ਕਰਕੇ ਉਪਰੋਕਤ ਬਰਸਾਤੀ ਪਾਣੀ ਦੇ ਨਿਕਾਸੀ ਦੇ ਸਾਧਨਾਂ ਦੀ ਮੁਰੰਮਤ ਅਤੇ ਸਫਾਈ ਕਰਾਉਣ ਦੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤਾਂ ਕਿ ਹੋਣ ਵਾਲੇ ਵੱਡੇ ਨੁਕਸਾਨ ਤੋ ਬਚਾਉਣ ਲਈ ਪਹਿਲੋ ਹੀ ਪੂਰਾ ਪ੍ਰਬੰਧ ਹੋ ਸਕੇ।