ਇਸਲਾਮਾਬਾਦ – ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਡਰੋਨ ਦੀ ਮੰਗ ਨੂੰ ਆਖਿਰ ਅਮਰੀਕਾ ਨੇ ਸਵੀਕਾਰ ਕਰ ਹੀ ਲਿਆ। ਅਮਰੀਕਾ ਨੇ ਮਿੰਨੀ ਡਰੋਨਜ਼ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਪ੍ਰਸਾਸ਼ਨ ਵਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਅਤਵਾਦੀਆਂ ਦੇ ਟਿਕਾਣਿਆਂ ਤੇ ਹਮਲੇ ਜਾਰੀ ਰਹਿਣਗੇ। ਹਾਲ ਹੀ ਵਿੱਚ ਅਮਰੀਕੀ ਸੈਨਾ ਵਲੋਂ ਕੀਤੇ ਗਏ ਡਰੋਨ ਹਮਲਿਆਂ ਵਿੱਚ 25 ਦਹਿਸ਼ਤਗਰਦ ਮਾਰੇ ਗਏ ਹਨ।
ਅਮਰੀਕੀ ਸੈਨਾ ਦੇ ਇੱਕ ਉਚ ਅਧਿਕਾਰੀ ਨੇ ਇਸਲਾਮਾਬਾਦ ਵਿੱਚ ਇਹ ਐਲਾਨ ਕੀਤਾ ਕਿ ਅਮਰੀਕਾ ਪਾਕਿਸਤਾਨ ਨੂੰ 85 ਰੇਵਨ ਡਰੋਨ ਉਪਲਭਦ ਕਰਵਾਏਗਾ। ਇਹ ਥੋੜੀ ਦੂਰੀ ਦੇ ਨਿਗਰਾਨੀ ਜਹਾਜ ਹਨ, ਜੋ ਕਿ ਖਤਰਨਾਕ ਨਹੀਂ ਹੁੰਦੇ। ਇਹ ਇਟਲੀ ਨਾਰਵੇ ਅਤੇ ਸਪੇਨ ਵਿੱਚ ਇਸਤੇਮਾਲ ਕੀਤੇ ਜਾ ਰਹੇ ਹਨ।
ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਅਮਰੀਕਾ ਦੇ ਪ੍ਰਤੀਨਿਧੀ ਮਾਰਕ ਨਾਲ ਬੈਠਕ ਦੌਰਾਨ ਕਿਹਾ ਕਿ ਅਮਰੀਕਾ ਨੂੰ ਡਰੋਨ ਹਮਲਿਆਂ ਦੀ ਨੀਤੀ ਦੀ ਸਮੀਖਿਆ ਕਰਨ ਦੀ ਜਰੂਰਤ ਹੈ। ਪਾਕਿਸਤਾ ਵਲੋਂ ਸਦਾ ਇਹ ਅਰੋਪ ਲਗਾਇਆ ਜਾਂਦਾ ਰਿਹਾ ਹੈ ਕਿ ਡਰੋਨ ਹਮਲਿਆਂ ਵਿੱਚ ਅਤਵਾਦੀਆਂ ਦੇ ਨਾਲ ਨਿਰਦੋਸ਼ ਲੋਕ ਵੀ ਮਾਰੇ ਜਾਂਦੇ ਹਨ। ਇਸ ਤੇ ਮਾਰਕ ਗਰਾਸਮੈਨ ਨੇ ਕਿਹਾ ਕਿ ਅਤਵਾਦ ਦੇ ਖਿਲਾਫ਼ ਕੀਤੇ ਜਾ ਰਹੇ ਸਾਰੇ ਯਤਨ ਅਮਰੀਕਾ ਅਤੇ ਪਾਕਿਸਤਾਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੇ ਗਏ ਹਨ।