ਲੰਡਨ- ਮਰਲਿਨ ਮੁਨਰੋ ਦੇ ਵਿਆਹ ਤੋਂ ਕੁਝ ਦਿਨ ਬਾਅਦ ਉਸ ਦੀ 16 ਸਾਲਾਂ ਦੀ ਉਮਰ ਵਿੱਚ ਲਿਖੀ ਗਈ ਇੱਕ ਚਿਠੀ ਨੀਲਾਮੀ ਦੌਰਾਨ 52,460 ਡਾਲਰ ਵਿੱਚ ਨੀਲਾਮ ਹੋਈ ਹੈ।
ਮੁਨਰੋ ਨੇ ਅੱਠ ਪੰਨਿਆਂ ਦੀ ਇਹ ਚਿੱਠੀ 14 ਸਿਤੰਬਰ 1942 ਨੂੰ ਉਸ ਦਾ ਪਾਲਣ-ਪੋਸ਼ਣ ਕਰਨ ਵਾਲੀ ਮਾਂ ਗੋਡਾਰਡ ਨੂੰ ਪੈਨਸਿਲ ਨਾਲ ਲਿਖੀ ਸੀ। ਲਾਸ ਏਂਜਲਸ ਸਥਿਤ ਬੋਨਹੈਮਸ ਅਤੇ ਬਟਰਫੀਲਡਸ ਨੂੰ ਇਹ ਚਿੱਠੀ 25,000 ਤੋਂ 30,000 ਹਜ਼ਾਰ ਡਾਲਰ ਵਿੱਚ ਨੀਲਾਮ ਹੋਣ ਦੀ ਉਮੀਦ ਸੀ।
ਚਿੱਠੀ ਦੇ ਲਿਫਾਫੇ ਤੇ ਲਗੀ ਮੋਹਰ ਤੋਂ ਪਤਾ ਲਗਦਾ ਹੈ ਕਿ ਇਹ ਚਿੱਠੀ ਕੈਲੀਫੋਰਨੀਆਂ ਤੋਂ 14 ਸਿਤੰਬਰ 1942 ਨੂੰ ਭੇਜੀ ਗਈ ਸੀ।ਮੁਨਰੋ ਨੇ ਜੂਨ 1942 ਵਿੱਚ ਇੱਕ ਪੁਲਿਸ ਕਰਮਚਾਰੀ ਜੇਮਸ ਨਾਲ ਵਿਆਹ ਕਰਵਾਇਆ ਸੀ। ਇਸ ਚਿੱਠੀ ਵਿੱਚ ਮਰਲਿਨ ਨੇ ਆਪਣੇ ਵਿਉਹਤਾ ਜੀਵਨ ਬਾਰੇ ਲਿਖਿਆ ਹੈ,’ ਘਰੇਲੂ ਕੰਮ ਮੈਨੂੰ ਬਿਜ਼ੀ ਰੱਖਦੇ ਹਨ। ਹਰ ਵਿਅਕਤੀ ਮੈਨੂੰ ਇਹ ਕਹਿੰਦਾ ਹੈ ਕਿ ਇਹ ਗ੍ਰਹਿਣੀ ਹੋਣ ਦੀ ਜਿੰਮੇਵਾਰੀ ਹੈ। ਮੈਨੂੰ ਬੇਹਦ ਮਜ਼ਾ ਆ ਰਿਹਾ ਹੈ।’ ਇਸ ਪੱਤਰ ਵਿੱਚ ਮਰਲਿਨ ਨੇ ਆਪਣੇ ਨਵੇਂ ਘਰ, ਫਰਨੀਚਰ ਅਤੇ ਵਿਆਹ ਤੇ ਮਿਲੇ ਤੋਹਫਿ਼ਆਂ ਦਾ ਵੀ ਜਿਕਰ ਕੀਤਾ ਹੈ।