ਵਾਸਿੰਗਟਨ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕਿਹਾ ਹੈ ਕਿ ਉਹ ਅਮਰੀਕਾ ਦਾ ਸਾਥ ਛੱਡ ਦੇਵੇ ਅਤੇ ਤਾਲੇਬਾਨ ਨਾਲ ਸਮਝੌਤੇ ਅਤੇ ਦੇਸ਼ ਦੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਲਈ ਚੀਨ ਨਾਲ ਮਿੱਤਰਤਾ ਕਰ ਲਵੇ।
ਜਨਰਲ ਵਾਲ ਸਟਰੀਟ ਨੇ ਅਫ਼ਗਾਨਿਸਤਾਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਾਬੁਲ ਵਿੱਚ 16 ਅਪਰੈਲ ਨੂੰ ਕਰਜ਼ਈ ਅਤੇ ਗਿਲਾਨੀ ਦਰਮਿਆਨ ਹੋਈ ਬੈਠਕ ਦੌਰਾਨ ਗਿਲਾਨੀ ਵਲੋਂ ਇਸ ਸਬੰਧੀ ਅਧਾਰ ਤਿਆਰ ਕੀਤਾ ਗਿਆ ਹੈ। ਗਿਲਾਨੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਮਰੀਕਾ ਦੋਵਾਂ ਦੇਸ਼ਾਂ ਲਈ ਅਸਫਲ ਸਾਬਿਤ ਹੋਇਆ ਹੈ। ਅਧਿਕਾਰੀਆਂ ਅਨੁਸਾਰ ਗਿਲਾਨੀ ਨੇ ਇਹ ਵੀ ਕਿਹਾ ਕਿ ਕਰਜ਼ਈ ਨੂੰ ਦੇਸ਼ ਵਿੱਚ ਅਮਰੀਕੀ ਸੈਨਾ ਦੀ ਲੰਬੀ ਮੌਜੂਦਗੀ ਨੂੰ ਭੁੱਲ ਜਾਣਾ ਚਾਹੀਦਾ ਹੈ। ਜਨਰਲ ਸਟਰੀਟ ਅਨੁਸਾਰ ਅਫ਼ਗਾਨਿਸਤਾਨ ਦੇ ਭੱਵਿਖ ਤੋਂ ਅਮਰੀਕਾ ਨੂੰ ਵੱਖ ਕਰਨ ਦੀ ਪਾਕਿਸਤਾਨ ਦੀ ਇਹ ਕੋਸਿ਼ਸ਼ ਹੁਣ ਤੱਕ ਦੇ ਨਵੇਂ ਸੰਕੇਤ ਹਨ। ਇਸ ਨਾਲ ਅਮਰੀਕਾ ਨੂੰ ਦਸ ਸਾਲ ਤੋਂ ਜਾਰੀ ਯੁਧ ਦਾ ਕਰੈਡਿਟ ਲੈਣ ਤੇ ਉਸ ਨੂੰ ਆਪਣੀਆਂ ਸ਼ਰਤਾਂ ਤੇ ਸਮਾਪਤ ਕਰਨ ਦੇ ਯਤਨਾਂ ਨੂੰ ਝਟਕਾ ਲਗਿਆ ਹੈ। ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਵੀ ਇਸ ਨਾਲ ਖਟਾਸ ਆਈ ਹੈ। ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਹੁਸੈਨ ਹਕਾਨੀ ਨੇ ਇਸ ਖ਼ਬਰ ਨੂੰ ਗਲਤ ਦਸਿਆ ਹੈ। ਹਕਾਨੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਅਫ਼ਗਾਨਿਸਤਾਨ ਨੂੰ ਅਮਰੀਕਾ ਤੋਂ ਵੱਖ ਹੋ ਕੇ ਚੀਨ ਨਾਲ ਦੋਸਤੀ ਕਰਨ ਦੀ ਸਲਾਹ ਸਬੰਧੀ ਖ਼ਬਰ ਸਰਾਸਰ ਗਲਤ ਹੈ। ਅਮਰੀਕਾ ਪਹਿਲਾਂ ਹੀ ਇਹ ਬਿਆਨ ਦੇ ਚੁੱਕਾ ਹੈ ਕਿ ਉਹ 2014 ਤੱਕ ਆਪਣੀ ਸੈਨਾ ਅਫ਼ਗਾਨਿਸਤਾਨ ਤੋਂ ਵਾਪਿਸ ਬੁਲਾ ਲਵੇਗਾ।