ਟਰਾਂਟੋ,(ਕੁਲਵਿੰਦਰ ਖਹਿਰਾ) – ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕੈਨੇਡਾ ਫੇਰੀ ‘ਤੇ ਆਏ ਪੰਜਾਬੀ ਨਾਟਕਕਾਰ ਅਜਮੇਰ ਔਲਖ ਨਾਲ਼ 16 ਅਪ੍ਰੈਲ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਮੀਟਿੰਗ ਦੌਰਾਨ ਇੰਡੀਅਨ ਅਤੇ ਕੈਨੇਡੀਅਨ ਪੰਜਾਬੀ ਰੰਗ-ਮੰਚ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਸੰਚਾਲਕ ਉਂਕਾਰਪ੍ਰੀਤ ਨੇ ਕਿਹਾ ਕਿ 1992 ਤੋਂ ਸਰਗਰਮ ਕਾਫ਼ਲੇ ਵੱਲੋਂ ਹਮੇਸ਼ਾਂ ਕੋਸਿਸ਼ ਕੀਤੀ ਜਾਂਦੀ ਹੈ ਕਿ ਕਲਾ ਨੂੰ ਲੋਕਾਂ ਦੇ ਪੱਖ ਵਿੱਚ ਵਰਤਣ ਵਾਲ਼ੀਆਂ ਹਸਤੀਆਂ ਨਾਲ਼ ਮੁਲਾਕਾਤ ਕੀਤੀ ਜਾਵੇ। ਅਜਮੇਰ ਔਲਖ ਨੂੰ ਪੰਜਾਬੀ ਦੇ ‘ਸਿਰਕੱਢ ਨਾਟਕਕਾਰਾਂ ਵਿੱਚੋਂ ਇੱਕ’ ਦੱਸਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਔਲਖ ਨੇ ਗੁਰਸ਼ਰਨ ਭਾਅ ਜੀ ਵਾਂਗ ਹੀ ਨਾਟਕ ਨੂੰ ਲਹਿਰ ਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਵਿੱਚ ਉਨ੍ਹਾਂ ਦੇ ਸਮੁੱਚੇ ਪਰਵਾਰ ਦੀ ਸ਼ਮੂਲੀਅਤ ਉਨ੍ਹਾਂ ਦੀ ਪ੍ਰਤੀਬਧਤਾ ਨੂੰ ਹੋਰ ਵੀ ਦ੍ਰਿੜ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਲਖ ਦੇ ਨਾਟਕ ਕਿਸਾਨੀ ਜੀਵਨ ਦੇ ਅੰਤਰਮਨ ਦੀ ਵਿਥਿਆ ਬਿਆਨ ਕਰਦੇ ਹਨ ਓਥੇ ਲੋਟੂ ਅਨਸਰਾਂ ਨੂੰ ਕਟਹਿਰੇ ਵਿੱਚ ਵੀ ਖੜ੍ਹਾ ਕਰਦੇ ਹਨ। ਗੁਰਦੇਵ ਚੌਹਾਨ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦੀ ਸਮੱਗਰੀ ਉਨ੍ਹਾਂ ਦੇ ਨਿੱਜੀ ਤਜਰਬੇ ਵਿੱਚੋਂ ਆਈ ਹੋਣ ਕਰਕੇ ਉਨ੍ਹਾਂ ਦੇ ਨਾਟਕ ਸ਼ੇਕਸਪੀਅਰ ਵਾਂਗ ਹੀ ਪੜ੍ਹਨ ਨੂੰ ਵੀ ਓਨੇ ਹੀ ਦਿਲਚਸਪ ਹਨ ਜਿੰਨੇ ਕਿ ਵੇਖਣ ਨੂੰ ਜਦਕਿ ਡਾ. ਆਤਮਜੀਤ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਵਿੱਚ ਇਹ ਗੱਲ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰਸ਼ਰਨ ਭਾਅ ਜੀ ਸੰਦੇਸ਼ ਨੂੰ ਮੁੱਖ ਰੱਖ ਕੇ ਨਾਟਕ ਲਿਖਦੇ ਹਨ ਓਥੇ ਔਲਖ ਆਪਣੇ ਸੰਦੇਸ਼ ਨੂੰ ਕਲਾ ਵਿੱਚ ਲਪੇਟ ਕੇ ਪੇਸ਼ ਕਰਦੇ ਹਨ ਜੋ ਨਾਟਕ ਨੂੰ ਹੋਰ ਵੀ ਪ੍ਰਭਾਵਸ਼ਾਲੀ ਕਰਦਾ ਹੈ। ਬਲਰਾਜ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੰਤ ਸਿੰਘ ਸੇਖੋਂ ਨੇ ਕਹਾਣੀ ਵਿੱਚ ਪੇਂਡੂ ਜੀਵਨ ਨੂੰ ਉਭਾਰਿਆ ਉਵੇਂ ਹੀ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਪੇਂਡੂ ਜੀਵਨ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਹੈ। ਚੀਮਾ ਨੇ ਕਿਹਾ ਕਿ ਭਾਵੇਂ ਕਈ ਨਾਟਕਕਾਰਾਂ ਦੇ ਨਾਟਕ ਸਿਰਫ ਪੜ੍ਹ ਕੇ ਮਾਣੇ ਜਾ ਸਕਦੇ ਹਨ ਪਰ ਉਨ੍ਹਾਂ ਵਿੱਚ ਸਟੇਜੀ ਗੁਣ ਨਹੀਂ ਹੁੰਦਾ ਪਰ ਔਲਖ ਨੇ ਨਾਟਕ ਪੜ੍ਹਨ ਨੂੰ ਵੀ ਓਨੇ ਹੀ ਰੌਚਿਕ ਹਨ ਜਿੰਨੇ ਕਿ ਵੇਖਣ ਨੂੰ।
ਅਜਮੇਰ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਲਿਖਣ ਪ੍ਰਕਿਰਿਆ ਤਕਰੀਬਨ 8-9 ਸਾਲ ਦੀ ਉਮਰ ਤੋਂ ਹੀ ਗੀਤਾਂ ਦੇ ਰੂਪ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਸਵੀਂ ਦਾ ਇਮਤਿਹਾਨ ਦੇਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਾਵਲ ਵੀ ਲਿਖਿਆ ਸੀ ਜੋ ਤਜਰਬੇ ਪੱਖੋਂ ਭਾਵੇਂ ਕੱਚਾ-ਪਿੱਲਾ ਹੀ ਸੀ ਪਰ ਉਸ ਵਿੱਚੋਂ ਉਨ੍ਹਾਂ ਦੀ ਸੋਚ ਦਾ ਸਬੂਤ ਝਲਕਦਾ ਹੈ। ਮੁਜਾਰੇ ਪਰਵਾਰ ਵਿੱਚ ਪੈਦਾ ਹੋਏ ਹੋਣ ਕਰਕੇ ਕਿਸਾਨੀ ਪਰਵਾਰਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ‘ਤੇ ਗਹਿਰਾ ਅਸਰ ਹੋਇਆ ਅਤੇ ਉਨ੍ਹਾਂ ਦੇ ਨਾਟਕਾਂ ਦਾ ਵਿਸ਼ਾ ਬਣਿਆ। ਉਨ੍ਹਾਂ ਕਿਹਾ ਕਿ 1970-72 ਵਿੱਚ ਲੈਕਚਰਰ ਲੱਗਣ ਤੋਂ ਬਾਅਦ ਭਾਵੇਂ ਉਨ੍ਹਾਂ ਵੱਲੋਂ ਤਿਆਰ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਆਈਟਮਾਂ ਨੂੰ ਕਲਾਕਾਰਾਂ ਅਤੇ ਦ੍ਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ ਪਰ ਉਨ੍ਹਾਂ ਕਦੀ ਸੋਚਿਆ ਤੱਕ ਵੀ ਨਹੀਂ ਸੀ ਕਿ ਉਹ ਨਾਟਕ ਲਿਖਣ ਲੱਗ ਪੈਣਗੇ। ਫ਼ਰੀਦਕੋਟ ਦੇ ਬ੍ਰਜਿੰਦਰਾ ਕਾਲਿਜ ਵਿੱਚ ਹੁੰਦੇ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਦੇ ਵਿਦਵਾਨ ਸਾਹਿਤਕਾਰਾਂ ਵੱਲੋਂ ਉਨ੍ਹਾਂ ਨੂੰ ਸਿਰਫ ਨਾਟਕ ਲਿਖਣ ਵੱਲ ਹੀ ਧਿਆਨ ਦਿੱਤੇ ਜਾਣ ਦਾ ਸੁਝਾਅ ਆਉਣ ‘ਤੇ ਹੀ ਉਨ੍ਹਾਂ ਨੇ ਤਕਰੀਬਨ 1979 ਵਿੱਚ ਨਾਟਕ ਲਿਖਣਾ ਸ਼ੁਰੂ ਕੀਤਾ। ਜਾਗੀਰਦਾਰ ਦੇ ਖੇਤਾਂ ‘ਚ ਕੰਮ ਕਰਦਿਆਂ ਆਪਣੇ ਪੁੱਤ ਲਈ ਇੱਕ ਛੱਲੀ ਘਰ ਲਿਆਉਣ ਦੀ ਕੋਸਿਸ਼ ਕਰਨ ਬਦਲੇ ਜਾਗੀਰਦਾਰਾਂ ਦੇ ਗੁੰਡਿਆਂ ਵੱਲੋਂ ਆਪਣੀ ਮਾਂ ਦੀ ਕੀਤੀ ਗਈ ਬੇਇਜ਼ਤੀ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਉਸ ਘਟਨਾ ਦੀ ਯਾਦ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੀ ਹੈ। ਸੁਦਾਗਰ ਬਰਾੜ ਵੱਲੋਂ ਲਹਿਰਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨੀ ਘੋਲ਼, ਜਿਨ੍ਹਾਂ ਵਿੱਚ ਆਦਿਵਾਸੀ ਕਿਸਾਨਾਂ ਦਾ ਘੋਲ਼ ਵੀ ਸ਼ਾਮਲ ਹੈ, ਨਾਲ਼ ਸਬੰਧਤ ਹਰ ਲਹਿਰ ਨੇ ਉਨ੍ਹਾਂ ਨੂੰ ਪ੍ਰਭਾਵਤ ਕੀਤਾ ਹੈ ਪਰ ਉਨ੍ਹਾਂ ਉੱਤੇ ਮੁਢਲਾ ਪ੍ਰਭਾਵ ਮੁਜਾਰਾ ਲਹਿਰ ਦਾ ਹੀ ਪਿਆ। ਗੁਰਸ਼ਰਨ ਭਾਅ ਜੀ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਫੈਸਲਾ ਕੀਤਾ ਕਿ ਜੇ ਲਿਖਣਾ ਹੈ ਤਾਂ ਸਿਰਫ ਦੱਬੇ-ਕੁਚਲ਼ੇ ਆਮ ਲੋਕਾਂ ਲਈ ਹੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਏਥੋਂ ਵਰਗੀਆਂ ਸਟੇਜੀ ਅਤੇ ਤਕਨੀਕੀ ਸਹੂਲਤਾਂ ਨਹੀਂ ਮਿਲ਼ਦੀਆਂ ਪਰ ਉਨ੍ਹਾਂ ਦੇ ਆਦਰਸ਼ ਗੁਰਸ਼ਰਨ ਭਾਅ ਜੀ ਅਤੇ ਜੋਗਿੰਦਰ ਬਾਹਰਲੇ ਵਰਗੇ ਨਾਟਕਕਾਰ ਹਨ ਜੋ ਗੱਡਿਆਂ ਦੀ ਸਟੇਜ ਬਣਾ ਕੇ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਹੀ ਨਾਟਕ ਕਰਕੇ ਪੰਜਾਬ ਵਿੱਚ ਨਾਟਕਾਂ ਦੀ ਪਿਰਤ ਪਾ ਗਏ ਹਨ। ਔਲਖ ਹੁਰਾਂ ਕਿਹਾ ਕਿ ਅਸਲੀ ਪੇਸ਼ਕਾਰੀ ਤਾਂ ਕਲਾਕਾਰ ਦੀ ਕਲਾਕਾਰੀ ਹੀ ਹੈ ਸਟੇਜੀ ਸਹੂਲਤਾਂ ਤਾਂ ਸਿਰਫ ਪੇਸ਼ਖਾਰੀ ਵਿੱਚ ਸਹਾਈ ਹੀ ਹੋ ਸਕਦੀਆਂ ਹਨ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਮਾਗਮ ਵਿੱਚ ਉਨ੍ਹਾਂ ਤੋਂ ਪਹਿਲਾਂ ਹਰਪਾਲ ਟਿਵਾਣਾ ਵੱਲੋਂ ਖੇਡੇ ਗਏ ਨਾਟਕ ਵਿੱਚ ਸਟੇਜ ‘ਤੇ ਮਹਿਲ ਬਣਾ ਕੇ ਵੇਸ਼-ਭੂਸ਼ਾ ‘ਤੇ ਬੇਹੱਦ ਧਿਆਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਨਾਟਕ ਸਮੇਂ ਸਟੇਜ ‘ਤੇ ਸਿਰਫ ਇੱਕ ਮੰਜਾ ਅਤੇ ਲੱਕੜ ਦਾ ਖੁੰਢ ਹੀ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਕਲਾਕਾਰਾਂ ਵੱਲੋਂ ਵਧੀਆ ਪ੍ਰਦਰਸ਼ਨੀ ਕਰ ਦਿੱਤੇ ਜਾਣ ਕਰਕੇ ਉਨ੍ਹਾਂ ਦੇ ਨਾਟਕ ਨੂੰ ਵੱਧ ਸਲਾਹਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਲੀ ਮਾਰਗ-ਦ੍ਰਸ਼ਕ ਅਤੇ ਆਲੋਚਕ ਯੂਨੀਵਰਸਿਟੀਆਂ ਵਿੱਚ ਬੈਠੇ ਹੋਏ ਆਲੋਚਕ ਨਹੀਂ ਸਗੋਂ ਸਧਾਰਨ ਪੇਂਡੂ ਲੋਕ ਹਨ ਜੋ ਬਿਨਾਂ ਕਿਸੇ ਹੇਰ-ਫੇਰ ਦੇ ਦਿਲੀ ਰਾਏ ਦੇ ਕੇ ਉਨ੍ਹਾਂ ਦੇ ਨਾਟਕਾਂ ਦਾ ਸੁਹਿਰਦ ਮੁਲਾਂਕਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਟਕਾਂ ਵਿੱਚ ਕੰਮ ਕਰਨ ਵਾਲ਼ੇ ਅਦਾਕਾਰਾਂ ਦੀ ਚੋਣ ਸਿਖਲਾਈ ਹਾਸਲ ਕਲਾਕਾਰਾਂ ਵਿੱਚੋਂ ਕਰਨ ਦੀ ਬਜਾਏ ਆਮ ਸਧਾਰਨ ਲੋਕਾਂ ਵਿੱਚੋਂ ਹੀ ਕਰਦੇ ਹਨ ਜੋ ਨਾ ਸਿਰਫ ਪੇਂਡੂ ਕਿਰਦਾਰਾਂ ਨਾਲ਼ ਸਹੀ ਇਨਸਾਫ਼ ਹੀ ਕਰਦੇ ਹਨ ਸਗੋਂ ਉਨ੍ਹਾਂ (ਔਲਖ) ਦੀਆਂ ਭਾਸ਼ਾਈ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਉਂਦੇ ਹਨ। 2008 ਸਾਲ ਦੌਰਾਨ ਆਪਣੀ ਬੀਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕਈ ਵਾਰ ਲੇਖਕਾਂ/ਕਲਾਕਾਰਾਂ ਨੂੰ ਇਲਾਜ਼ ਲਈ ਪੈਸਾ ਦੇ ਹੀ ਦਿੰਦੀਆਂ ਨੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਉਨ੍ਹਾਂ ਦੇ ਦਿੱਲੀ ਹਸਪਤਾਲ਼ ਵਿੱਚ ਪਏ ਹੋਣ ਸਮੇਂ ਵੱਖ ਵੱਖ ਸੰਸਥਾਵਾਂ ਨੇ ਆਮ ਜਨਤਾ ਵਿੱਚੋਂ ਤਕਰੀਬਨ 9 ਲੱਖ ਰੁਪਏ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਹੋ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਸੀ ਅਤੇ ਜਨਤਾ ਦੇ ਇਸ ਮੋਹ ਸਦਕਾ ਉਨ੍ਹਾਂ ਦੀ ਪ੍ਰਤੀਬਧਤਾ ਹੋਰ ਵੀ ਪੱਕੀ ਹੋਈ ਹੈ।
ਕੈਨੇਡੀਅਨ ਪੰਜਾਬੀ ਨਾਟਕ ਬਾਰੇ ਬੋਲਦਿਆਂ ਜਸਪਾਲ ਢਿੱਲੋਂ ਹੁਰਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ 1991 ਵਿੱਚ ਟਰਾਂਟੋ ਵਿੱਚ ਨਾਟਕ ਸ਼ੁਰੂ ਕਰਕੇ ਏਥੇ ਲੋਕਲ ਨਾਟਕਾਂ ਦੀ ਸ਼ੁਰੂਆਤ ਵਿੱਚ ਹਿੱਸਾ ਪਾਇਆ ਸੀ ਪਰ ਹੁਣ ਬਲਜਿੰਦਰ ਲੇਲਣਾ ਹੁਰਾਂ ਦੀ ‘ਪੰਜਾਬੀ ਆਰਟਸ ਐਸੋਸੀਏਸ਼ਨ’ ਅਤੇ ਹੀਰਾ ਰੰਧਾਵਾ ਵਰਗੇ ਨਾਟਕਕਾਰਾਂ ਨੇ ਆਪਣਾ ਪਰਵਾਰ ਵਧਾ ਕੇ ਟਰਾਂਟੋ ਦੇ ਰੰਗ-ਮੰਚ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਟੀਮ ਭਾਵੇਂ ਕੋਈ ਵੀ ਕੰਮ ਕਰ ਰਹੀ ਹੋਵੇ, ਸਾਨੂੰ ਹਮੇਸ਼ਾਂ ਨਾਟਕ ਨੂੰ ਮੁੱਖ ਰੱਖ ਕੇ ਇੱਕ-ਦੂਸਰੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਲਜਿੰਦਰ ਲੇਲਣਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ ਜੀਵਨ ਬਾਰੇ ਪੰਜਾਬੀ ਨਾਟਕਾਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਸਾਡੇ ਲੋਕ ਅਤੇ ਖ਼ਾਸ ਕਰਕੇ ਸਾਡੇ ਬੱਚੇ ਸਾਡੇ ਨਾਟਕਾਂ ਨਾਲ਼ ਜੁੜ ਸਕਣ। ਨਾਹਰ ਔਜਲਾ ਨੇ ਕਿਹਾ ਕਿ ਕਿਉਂਕਿ ਪਹਿਲਾਂ ਲੋਕ ਕਮਾਈ ਕਰਕੇ ਵਾਪਸ ਇੰਡੀਆ ਮੁੜ ਜਾਣ ਦੇ ਮਕਸਦ ਨਾਲ਼ ਆਉਂਦੇ ਸਨ ਇਸ ਲਈ ਉਨ੍ਹਾਂ ਦਾ ਝੁਕਾਅ ਹਮੇਸ਼ਾਂ ਪੰਜਾਬ ਵੱਲ ਹੀ ਰਹਿੰਦਾ ਸੀ। ਪਰ ਅੱਜਕਲ੍ਹ ਆ ਰਹੇ ਬਹੁਤੇ ਪੰਜਾਬੀ ਇਮੀਗ੍ਰੈਂਟ ਪਹਿਲਾਂ ਹੀ ਪੱਕੇ ਤੌਰ ‘ਤੇ ਕੈਨੇਡਾ ਰਹਿਣ ਦਾ ਮਨ ਬਣਾ ਕੇ ਆ ਰਹੇ ਹੋਣ ਕਰਕੇ ਹੁਣ ਏਥੋਂ ਦੀ ਜਿ਼ੰਦਗੀ ਨਾਲ਼ ਸਬੰਧਤ ਮਸਲਿਆਂ ਵਿੱਚ ਰੁਚੀ ਵਧੀ ਹੈ। ਇਸ ਕਰਕੇ ਏਥੋਂ ਦੀਆਂ ਸਮੱਸਿਆਵਾਂ ਨੂੰ ਮੁਖਾਤਿਬ ਨਾਟਕਾਂ ਦੀ ਲੋੜ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜੇ ਵੀ ਕੈਨੇਡੀਅਨ ਪੰਜਾਬੀ ਨਾਟਕ ਇੰਡੀਆ ਤੋਂ ਆਉਣ ਵਾਲ਼ੇ ਕਲਾਕਾਰਾਂ ਦੇ ਸਿਰ ‘ਤੇ ਹੀ ਜੀਅ ਰਿਹਾ ਹੈ। ਬਲਦੇਵ ਰਹਿਪਾ ਨੇ ‘ਤਰਕਸ਼ੀਲ ਸੁਸਾਇਟੀ’ ਦੇ ਨਾਟਕਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਸੁਸਾਇਟੀ ਦੇ ਨਿਸ਼ਾਨੇ ਸੀਮਤ ਹੋਣ ਕਰਕੇ ਇਨ੍ਹਾਂ ਵੱਲੋਂ ਕਰਵਾਏ ਜਾਣ ਵਾਲ਼ੇ ਨਾਟਕਾਂ ਦੇ ਵਿਸ਼ੇ ਵੀ ਸੀਮਤ ਰਹਿ ਜਾਂਦੇ ਹਨ ਕਿਉਂਕਿ ਉਹ ਆਪਣੇ ਸੰਦੇਸ਼ ਨੂੰ ਮੁੱਖ ਰੱਖ ਕੇ ਹੀ ਨਾਟਕ ਕਰਵਾ ਸਕਦੇ ਹਨ। ਪਰ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਗੋਲਬਲਾਈਜ਼ੇਸ਼ਨ ਦੇ ਯੁਗ ਵਿੱਚ ਅਸੀਂ ਆਪਣੇ ਆਪ ਨੂੰ ਪੰਜਾਬ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਅੱਜ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ, ਸਾਡੀਆਂ ਸਮੱਸਿਆਵਾਂ ਤਕਰੀਬਨ ਇੱਕੋ ਜਿਹੀਆਂ ਹੀ ਹਨ। ਉਨ੍ਹਾਂ ਨੇ ਹਰ ਸੰਸਥਾ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਸਾਂਝੇ ਕਾਜ ਦੀ ਇੱਕ ਇੱਕ ਕੜੀ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਹਰ ਉਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਲੋਕ-ਭਲਾਈ ਬਾਰੇ ਯਤਨਸ਼ੀਲ ਹੈ। ਬਲਜਿੰਦਰ ਲੇਲਣਾ ਵੱਲੋਂ ਔਲਖ ਸਾਹਿਬ ਨੂੰ ਏਥੋਂ ਦੇ ਜੀਵਨ ਨਾਲ਼ ਸਬੰਧਤ ਨਾਟਕ ਲਿਖਣ ਦੀ ਬੇਨਤੀ ਕੀਤੀ ਗਈ ਜਿਸ ਦੇ ਜਵਾਬ ਵਿੱਚ ਔਲਖ ਸਾਹਿਬ ਨੇ ਕਿਹਾ ਕਿ ਕੁਝ ਸਮੇਂ ਲਈ ਕੈਨੇਡਾ ਆਇਆ ਲੇਖਕ ਏਥੋਂ ਦੇ ਜੀਵਨ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਜਿਸ ਕਰਕੇ ਉਹ ਨਾਟਕ ਨਾਲ਼ ਪੂਰਾ ਇਨਸਾਫ਼ ਨਹੀਂ ਕਰ ਸਕਦਾ। ਕੁਲਵਿੰਦਰ ਖਹਿਰਾ ਨੇ ਉਨ੍ਹਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਏਥੋਂ ਬਾਰੇ ਨਾਟਕ ਲਿਖਣ ਲਈ ਏਥੋਂ ਦੇ ਜੀਵਨ ਵਰਤਾਰੇ ਨੂੰ ਧੁਰ ਤੱਕ ਸਮਝਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਨਾਟਕ ਦੀ ਪ੍ਰਫੁੱਲਤਾ ਲਈ ਜਿੱਥੇ ਏਥੋਂ ਦੇ ਮੁੱਖਧਾਰਾ ਦੇ ਸਾਹਿਤਕ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ ਓਥੇ ਪੰਜਾਬ ਤੋਂ ਆਉਣ ਵਾਲ਼ੇ ਨਾਟਕਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੌਜੂਦਾ ਮਸਲਿਆਂ ਨਾਲ਼ ਸਬੰਧਤ ਨਾਟਕ ਲੈ ਕੇ ਆਉਣ ਤਾਂ ਕਿ ਅਸੀਂ ਜਾਣ ਸਕੀਏ ਕਿ ਕੈਨੇਡਾ ਦਾ ਮੁੱਖਧਾਰਾ ਦਾ ਸਾਹਿਤ ਕੀ ਕਹਿ ਰਿਹਾ ਹੈ ਅਤੇ ਪੰਜਾਬ ਵਿਚਲਾ ਸਾਹਿਤ ਕਿਨ੍ਹਾਂ ਵਿਸਿ਼ਆਂ ਬਾਰੇ ਗੱਲ ਕਰ ਰਿਹਾ ਹੈ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦਾ ਗੁਣ ਇਹ ਹੈ ਕਿ ਔਲਖ ਸਾਹਿਬ ਹਰ ਡਾਇਆਲੌਗ ਢਿੱਡੋਂ ਬੋਲਦੇ ਹਨ, ਉਨ੍ਹਾਂ ਦੀ ਸਵੈ-ਜੀਵਨੀ ਦਾ ਸਿਰਲੇਖ ਵੀ ‘ਨੰਗਾ-ਢਿੱਡ’ ਹੀ ਹੈ। ਜਗਮੋਹਨ ਸੇਖੋਂ ਨੇ ਔਲਖ ਸਾਹਿਬ ਦੇ ਪ੍ਰਭਾਵਸ਼ਾਲੀ ਭਾਸ਼ਨੀ ਅੰਦਾਜ਼ ਦੀ ਪ੍ਰਸੰਸਾ ਕਰਦਿਆਂ ਉਰਦੂ ਦੇ ਇੱਕ ਸਿਅਰ ਦੇ ਹਵਾਲੇ ਨਾਲ਼ ਕਿਹਾ ਕਿ ਔਲਖ ਸਾਹਿਬ ਉਹ ਸੁਰਾਹੀ ਹਨ ਜਿਨ੍ਹਾਂ ਨੇ ਪਿਆਲੇ ਕੋਲ਼ੋਂ ਲੈਣਾ ਕੁਝ ਨਹੀਂ ਪਰ ਫਿਰ ਵੀ ਝੁਕ ਕੇ ਹੀ ਪਿਆਲੇ ਨੂੰ ਭਰਦੀ ਹੈ।
ਇਸ ਮੌਕੇ ਹੋਈ ਗੱਲਬਾਤ ਵਿੱਚ ਬ੍ਰਜਿੰਦਰ ਗੁਲਾਟੀ, ਹਰਜੀਤ ਕੌਰ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਗੁਰਦਾਸ ਮਿਨਹਾਸ, ਚਰਨਜੀਤ ਬਰਾੜ,ਵਕੀਲ ਕਲੇਰ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਪਰਮਜੀਤ ਢਿੱਲੋਂ, ਅਤੇ ਸਤੰਵਤ ਔਜਲਾ ਨੇ ਵੀ ਭਰਪੂਰ ਯੋਗਦਾਨ ਪਾਇਆ।