ਕਾਨਪੁਰ- ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਕਾਂਗਰਸ ਨੂੰ ਘੇਰਨ ਵਾਲੀ ਬੀਜੇਪੀ ਨੂੰ ਨਿਸ਼ਾਨਾ ਬਨਾਉਂਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਨਿਤਿਨ ਗਡਕਰੀ ਦੱਸਣ ਕਿ ਉਹ ਕਰੋੜਾਂ ਰੁਪਏ ਦੀ ਜਾਇਦਾਦ ਦੇ ਪ੍ਰਧਾਨ ਕਿਵੇਂ ਬਣੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਵੀ ਆਪਣੀ ਪੂਰੀ ਜਾਇਦਾਦ ਦੇ ਵੇਰਵੇ ਅਤੇ ਕਾਗਜ਼ਾਤ ਪੇਸ਼ ਕਰਨ ਅਤੇ ਮੈਂ ਵੀ ਆਪਣੀ ਜਾਇਦਾਦ ਦੇ ਵੇਰਵੇ ਪੇਸ਼ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਗਡਕਰੀ ਆਪਣੀ ਜਾਇਦਾਦ ਸਬੰਧੀ ਇਨਕਮ ਟੈਕਸ ਅਤੇ ਵੈਲਥ ਟੈਕਸ ਦੇ ਕਾਗਜ਼ਾਤ ਪੇਸ਼ ਕਰਦੇ ਹਨ ਤਾਂ ਮੈਂ ਨਾ ਸਿਰਫ਼ ਆਪਣੀ ਜਾਇਦਾਦ ਬਾਰੇ ਐਲਾਨ ਕਰਾਂਗਾ ਸਗੋਂ ਇਸ ਸਬੰਧੀ ਜਾਂਚ ਕਰਾਉਣ ਲਈ ਵੀ ਤਿਆਰ ਹਾਂ।
ਇਸ ਸਬੰਧੀ ਦਿਗਵਿਜੈ ਸਿੰਘ ਨੇ ਕਿਹਾ ਕਿ ਬੀਜੇਪੀ ਵਲੋਂ ਲਗਾਤਾਰ ਕਾਂਗਰਸ ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾਂਦੇ ਰਹੇ ਹਨ। ਇਸ ਸਬੰਧੀ ਭਾਜਪਾ ਲੀਡਰਾਂ ਨੂੰ ਵੀ ਪਾਰਦਰਸਿਤਾ ਵਿਖਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨਾ ਚਿਰ ਉਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਉਹ ਸਮਾਂ ਦਸ ਸਾਲ ਦਾ ਹੈ। ਭਾਜਪਾ ਉਸ ਅਰਸੇ ਦੇ ਜਿਸ ਮਰਜ਼ੀ ਮਾਮਲੇ ਦੀ ਜਾਂਚ ਕਰਵਾ ਲਵੇ। ਉਨ੍ਹਾਂ ਨੂੰ ਕਿਸ ਗੱਲ ਦਾ ਡਰ ਨਹੀਂ ਹੈ, ਕਿਉਂਕਿ ਉਹ ਗਲਤ ਨਹੀਂ ਹਨ।