ਦੁਨੀਆਂ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਓਸਾਮਾ ਬਿਨ ਲਾਦੇਨ ਅਮਰੀਕੀ ਹਮਲੇ ਦੌਰਾਨ ਮਾਰਿਆ ਗਿਆ। ਸਾਰੀ ਦੁਨੀਆਂ ਲਈ ਸਿਰਦਰਦ ਬਣਿਆ ਓਸਾਮਾ ਬਿਨ ਲਾਦੇਨ ਅਤਿਵਾਦੀ ਜਥੇਬੰਦੀ ਅਲ ਕਾਇਦਾ ਦਾ ਮੁੱਖੀ ਸੀ। ਲਾਦੇਨ ਦੇ ਮਾਰੇ ਜਾਣ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਅਧਿਕਾਰਿਤ ਤੌਰ ‘ਤੇ ਕਰ ਦਿੱਤੀ ਗਈ। ਉਹ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਬਾਹਰ ਇਕ ਹਵੇਲੀ ਵਿਚ ਮਾਰਿਆ ਗਿਆ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਸੰਬੋਧਨ ਵਿਚ ਇਸਨੂੰ ਅਮਰੀਕੀ ਲੋਕਾਂ ਦੀ ਜਿੱਤ ਦਸਦੇ ਹੋਏ ਇਕ ਇਤਿਹਾਸਕ ਦਿਨ ਦੱਸਿਆ। ਉਸਦੇ ਮਾਰੇ ਜਾਣ ਵਿਚ ਪਾਕਿਸਤਾਨ ਵਲੋਂ ਮਦਦ ਕੀਤੀ ਗਈ। ਓਬਾਮਾ ਨੇ ਕਿਹਾ “ਲਾਦੇਨ ਪਾਕਿਸਤਾਨ ਦੇ ਅਬੋਟਾਬਾਦ ਵਿਖੇ ਅਮਰੀਕੀ ਖੁਫ਼ੀਆ ਏਜੰਸੀ ਵਲੋਂ ਸੀਆਈਏ ਵਲੋਂ ਕੀਤੇ ਗਏ ਇਕ ਅਪਰੇਸ਼ਨ ਦੌਰਾਨ ਮਾਰਿਆ ਗਿਆ। ਅਮਰੀਕੀ ਅਧਿਕਾਰੀਆਂ ਵਲੋਂ ਉਸਦੀ ਲਾਸ਼ ਕਬਜ਼ੇ ਵਿਚ ਲੈ ਲਈ ਗਈ ਹੈ। ਇਸ ਅਪਰੇਸ਼ਨ ਦੌਰਾਨ ਕਿਸੇ ਅਮਰੀਕੀ ਅਧਿਕਾਰੀ ਨੂੰ ਖਰੋਚ ਤੱਕ ਨਹੀਂ ਆਈ।”
ਇਸਤੋਂ ਬਾਅਦ ਦੁਨੀਆਂ ਭਰ ਵਿਚ ਅਮਰੀਕੀ ਦੂਤਘਰਾਂ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਲਾਦੇਨ ਦੀ ਜਥੇਬੰਦੀ ਅਲ ਕਾਇਦਾ ਵਲੋਂ ਅਮਰੀਕਾ ਵਿਖੇ 11 ਸਤੰਬਰ, 2001 ਦੌਰਾਨ ਸਭ ਤੋਂ ਵੱਡੀ ਸਾਜਿਸ਼ ਕਰਨ ਦਾ ਇਲਜ਼ਾਮ ਹੈ।
ਓਬਾਮਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਲਾਦੇਨ ਦੀ ਭਾਲ ਵਿਚ ਲੱਗੀ ਹੋਈ ਅਮਰੀਕੀ ਫੌਜ ਨੂੰ ਸੂਚਨਾ ਮਿਲੀ ਕਿ ਓਸਾਮਾ ਬਿਨ ਲਾਦੇਨ ਅਫ਼ਗਾਨਿਸਤਾਨ-ਪਾਕਿਸਤਾਨ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖ਼ਲ ਹੋ ਚੁਕਿਆ ਹੈ। ਇਸਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਨਾਲ ਓਸਾਮਾ ਬਿਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਮੁਹਿੰਮ ਦੌਰਾਨ ਓਸਾਮਾ ਬਿਨ ਦੀ ਮੌਤ ਹੋ ਗਈ। ਇਸਨੂੰ ਓਬਾਮਾ ਨੇ ਅਮਰੀਕਾ ਅਤੇ ਪਾਕਿਸਤਾਨ ਦੀ ਸਾਂਝੀ ਜਿੱਤ ਦੱਸਿਆ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਮਰੀਕਾ ਨੇ ਜੋ ਵੀ ਕਰਨਾ ਚਾਹਿਆ ਉਸਨੂੰ ਕਰ ਵਿਖਾਇਆ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਜਾਰਜ ਡਬਲਿਊ ਬੁੱਸ਼ ਨੇ ਵੀ ਇਸਨੂੰ ਅਮਰੀਕਾ ਦੀ ਵੱਡੀ ਜਿੱਤ ਦਸਿਆ।
ਓਸਾਮਾ ਦਾ ਜਨਮ 1957 ਵਿਚ ਸਾਊਦੀ ਅਰਬ ਵਿਖੇ ਹੋਇਆ।