ਲੁਧਿਆਣਾ:- ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਭੂਗੋਲਿਕ ਖੇਤਰਾਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਕੇਂਦਰਾਂ, ਫਾਰਮ ਸਲਾਹਕਾਰ ਕੇਂਦਰਾਂ ਆਦਿ ਦੇ ਸਾਇੰਸਦਾਨਾਂ ਦੀ ਮਿਲਣੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੀ ਗਈ। ਇਸ ਮੇਲੇ ਦਾ ਮੁੱਖ ਮੰਤਵ ਵੱਖ-ਵੱਖ ਖੇਤਰਾਂ ਵਿੱਚ ਪਰਤੀ ਸੂਚਨਾ ਖੋਜਕਾਰਾਂ ਤਕ ਪਹੁੰਚਾਉਣਾ ਸੀ। ਨਿਰਦੇਸ਼ਕ ਪਸਾਰ ਸਿੱਖਿਆ ਦੇ ਫਾਰਮ ਸਲਾਹਕਾਰ ਕੇਂਦਰ ਵਿੱਚ ਇਹ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਕੀਤੀ । ਡਾ: ਗੋਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੋਜਕਾਰਾਂ ਵੱਲੋਂ ਤਿਆਰ ਕੀਤੀ ਤਕਨਾਲੋਜੀ ਨੂੰ ਸੇਧ ਦੇਣ ਲਈ ਪਸਾਰ ਮਾਹਿਰਾਂ ਵੱਲੋਂ ਪ੍ਰਦਾਨ ਕੀਤੀ ਪਰਤੀ ਸੂਚਨਾ ਬਹੁਤ ਲਾਹੇਵੰਦ ਸਿੱਧ ਹੁੰਦੀ ਹੈ। ਮੀਟਿੰਗ ਦੌਰਾਨ ਸਾਇੰਸਦਾਨਾਂ ਨੇ ਦੱਸਿਆ ਕਿ ਵੱਖ-ਵੱਖ ਖੇਤਰਾਂ ਵਿੱਚ ਇਸੇ ਸਾਲ ਤੋਂ 8 ਤੋਂ 10 ਫੀ ਸਦੀ ਕਣਕ ਦੀ ਹੱਥੀਂ ਕਟਾਈ ਵਧੀ ਹੈ ਅਤੇ 1 ਤੋਂ 2 ਕੁਇੰਟਲ ਦਾਣਿਆਂ ਵਿੱਚ ਵਾਧਾ ਵੇਖਿਆ ਗਿਆ ਹੈ। ਮਾਹਿਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਨੀਮ ਪਹਾੜੀ ਖੇਤਰਾਂ ਵਿੱਚ ਪੀਲੀ ਕੁੰਗੀ ਕਾਰਨ ਝਾੜ ਵਿੱਚ ਥੋੜ੍ਹਾ ਫਰਕ ਪਿਆ । ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਹਰਾ ਪੱਤਾ ਚਾਰਟ ਅਤੇ ਟੈਂਸ਼ੀਓਮੀਟਰ ਦੀ ਤਕਨਾਲੋਜੀ ਨੂੰ ਵੱਧ ਤੋਂ ਵੱਧ ਪ੍ਰਫੁਲਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਖੇਤੀ ਮਸ਼ੀਨਰੀ ਲਈ ਵੱਧ ਤੋਂ ਵੱਧ ਸਾਹਿਤ ਕਿਸਾਨਾਂ ਤਕ ਉਪਲਬੱਧ ਕਰਵਾਇਆ ਜਾਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਕੁਦਰਤੀ ਸੋਮਿਆਂ ਦੀ ਸੰਭਾਲ ਕੇ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਤਿਆਰ ਕੀਤੀ ਕਿਤਾਬ ਅਤੇ ਪੋਸਟਰ ਵੀ ਵੱਖ-ਵੱਖ ਕੇਂਦਰਾਂ ਦੇ ਨੁਮਾਇੰਦਿਆਂ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਨੇ ਪਿਛਲੀ ਮੀਟਿੰਗ ਦੌਰਾਨ ਉਲੀਕੇ ਕਾਰਜਾਂ ਦੀ ਜਾਣਕਾਰੀ ਸਭਨਾਂ ਨਾਲ ਸਾਂਝੀ ਕੀਤੀ।
ਇਸ ਮੌਕੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਛੇਤੀ ਹੀ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਸੰਬੰਧੀ ਨਵਾਂ ਕਿਤਾਬਚਾ ਲੋਕਾਂ ਦੇ ਸਨਮੁਖ ਪੇਸ਼ ਕੀਤਾ ਜਾਵੇਗਾ।