ਪੈਰਿਸ- ਪਾਕਿਸਤਾਨ ਦੇ ਸ਼ਹਿਰ ਐਬਟਾਬਾਦ ਵਿੱਚ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦਿਨ ਦੇ ਅਮਰੀਕੀ ਸੈਨਾ ਦੇ ਹੱਥੋਂ ਮਾਰੇ ਜਾਣ ਤੇ ਪਾਕਿਸਤਾਨ ਦੀ ਦੁਨੀਆਭਰ ਵਿੱਚ ਬਹੁਤ ਕਿਰਕਿਰੀ ਹੋਈ ਹੈ। ਇਸ ਸਮੇਂ ਪਾਕਿਸਤਾਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਆਪਣੀ ਸਾਖ ਬਚਾਉਣ ਲਈ ਵਿਸ਼ਵ ਦੇ ਸਾਰੇ ਦੇਸ਼ਾਂ ਤੋਂ ਅਤਵਾਦ ਦੇ ਖਿਲਾਫ਼ ਜੰਗ ਲੜਨ ਲਈ ਮਦਦ ਦੀ ਗੁਹਾਰ ਲਗਾਈ ਹੈ।
ਪ੍ਰਧਾਨਮੰਤਰੀ ਗਿਲਾਨੀ ਇਸ ਸਮੇਂ ਫਰਾਂਸ ਦੀ ਯਾਤਰਾ ਤੇ ਹਨ। ਫਰਾਂਸ ਵਿੱਚ ਗਿਲਾਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦਹਿਸ਼ਤਗਰਦਾਂ ਅਤੇ ਕੱਟੜਪੰਥੀਆਂ ਨਾਲ ਲੜਨ ਦੀ ਜਿੰਮੇਵਾਰੀ ਕੇਵਲ ਇੱਕ ਦੇਸ਼ ਦੀ ਨਹੀਂ ਹੈ। ਪਾਕਿਸਤਾਨ ਇਸ ਲੜਾਈ ਦੀ ਬਹੁਤ ਭਾਰੀ ਕੀਮਤ ਚੁਕਾ ਚੁਕਿਆ ਹੈ। ਇਹ ਲੜਾਈ ਸਿਰਫ਼ ਪਾਕਿਸਤਾਨ ਦੇ ਲਈ ਨਹੀਂ ਹੈ, ਸਗੋਂ ਪੂਰੇ ਵਿਸ਼ਵ ਦੇ ਦੇਸ਼ਾਂ ਦੀ ਸ਼ਾਂਤੀ ਅਤੇ ਪਰਗਤੀ ਲਈ ਹੈ। ਇਸ ਲਈ ਸਾਨੂੰ ਅੰਤਰਰਾਸ਼ਟਰੀ ਪੱਧਰ ਤੇ ਸਾਰੇ ਦੇਸ਼ਾਂ ਦੇ ਸਮਰਥਣ ਦੀ ਲੋੜ ਹੈ।